ਰੈਬੀਜ਼ (ਹਲਕਾਅ) ਇਕ ਘਾਤਕ ਵਾਇਰਲ ਇਨਫੈਕਸ਼ਨ – ਡਾ ਬਾਂਸਲ
30 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ/ਸੰਗਤ ਮੰਡੀ: ਵਿਸ਼ਵ ਹਲਕਾਅ ਦਿਵਸ ਮੌਕੇ ਸਿਹਤ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਰੈਬੀਜ ਦੀ ਵਾਇਰਲ ਇੰਫੈਕਸ਼ਨ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਮ ੳ ਡਾ ਪਮਿਲ ਬਾਂਸਲ ਨੇ ਦੱਸਿਆ ਕਿ ਰੈਬੀਜ਼ (ਹਲਕਾਅ) ਇਕ ਘਾਤਕ ਵਾਇਰਲ ਇਨਫੈਕਸ਼ਨ ਹੈ, ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਬੀਮਾਰੀ ਜੈਨੇਟਿਕ ਹੈ, ਭਾਵ ਇਕ ਪ੍ਰਜ਼ਾਤੀ ਤੋਂ ਦੂਜੀ ’ਚ ਫੈਲ ਸਕਦੀ ਹੈ। ਆਮ ਤੌਰ ’ਤੇ ਕਿਸੇ ਸੰਕ੍ਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ ਤੁਰੰਤ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਭਿਆਨਕ ਰੂਪ ਲੈ ਲੈਂਦਾ ਹੈ। ਰੈਬੀਜ਼ ਵਾਇਰਸ ਪੈਰੀਫਿਰਲ ਨਸਾਂ ਰਾਹੀਂ ਦਿਮਾਗ ਤੱਕ ਜਾਂਦੀ ਹੈ।ਇਸ ਤੋਂ ਪੂਰਣ ਬਚਾਅ ਕਰਨ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਖਰਗੋਸ, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਜਾਨਵਰਾਂ ਦੇ ਵੱਢੇ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਦੇ ਲੱਛਣ ਸੰਕ੍ਰਮਿਤ ਜਾਨਵਰ ਦੇ ਕੱਟਣ ਉਪਰੰਤ ਤੁਰੰਤ ਸਾਹਮਣੇ ਨਹੀਂ ਆਉਂਦੇ ਇਸ ਚ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਜੋ ਕੱਟ ਵਾਲੀ ਜਗ੍ਹਾ, ਵਾਇਰਸ ਦੀ ਤੀਬਰਤਾ ਅਤੇ ਵਾਇਰਸ ਦੀ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਦੱਸਿਆ ਕਿ ਸ਼ੁਰੂਆਤੀ ਲੱਛਣ ਆਮ ਰੋਗਾਂ ਵਾਂਗ ਮਾਮੂਲੀ ਲਗਦੇ ਹਨ, ਜਿਵੇਂ ਬੁਖ਼ਾਰ, ਸਿਰ ਦਰਦ, ਆਮ ਕਮਜ਼ੋਰੀ ਅਤੇ ਬੇਚੈਨੀ ਹੁੰਦੀ ਹੈ। ਜਿਵੇਂ ਜਿਵੇਂ ਬਿਮਾਰੀ ਵਧਦੀ ਹੈ, ਖਾਸ ਲੱਛਣ ਪ੍ਰਗਟ ਹੋਣ ਲਗਦੇ ਹਨ, ਜਿਵੇਂ ਨੀਂਦ ਨਾ ਆਉਣਾ, ਚਿੰਤਾ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ -ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਮੂੰਹ ’ਚੋਂ ਵਧੇਰੇ ਪਾਣੀ ਨਿਕਲਣਾ ਜਾਂ ਲਾਰ ਵਗਣਾ, ਖਾਣਾ ਨਿਗਲਣ ਦੀ ਸਮੱਸਿਆ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। ਉਨ੍ਹਾਂ ਦੱਸਿਆ ਕਿ ਜਾਨਵਰ ਦੇ ਵੱਢੇ/ਚੱਟੇ/ਝਰੀਟਾਂ/ਜ਼ਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਜ਼ਖਮ ’ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਏ ਜਾਣ। ਜਾਨਵਰ ਦੇ ਵੱਢਣ ’ਤੇ ਜ਼ਖਮ ਨੂੰ ਸਾਬਣ ’ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ। ਮੌਕੇ ’ਤੇ ਉਪਲੱਬਧ ਡਿਸਇਨਫੈਕਟੈਂਟ (ਆਇਓਡੀਨ/ਸਪਿਰਿਟ ਜਾਂ ਘਰ ’ਚ ਉਪਲੱਬਧ ਐਂਟੀਸੈਪਟਿਕ) ਲਗਾਉ। ਡਾਕਟਰ ਨੂੰ ਸਮੇਂ-ਸਿਰ ਸੰਪਰਕ ਕਰੋ ਅਤੇ ਉਚਿੱਤ ਇਲਾਜ ਕਰਵਾਓ।