–ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
4 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਬਠਿੰਡਾ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਵਿਕਾਸ ਕਾਰਜਾਂ ਵਿੱਚ ਬੁਲੰਦੀਆਂ ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਇੱਥੇ ਰਿੰਗ ਰੋਡ 2 ਦੇ ਰੀ-ਕਾਰ ਪੇਂਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਰੱਖੇ ਗਏ ਨੀਂਹ ਪੱਥਰ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਰਿੰਗ ਰੋਡ 2 ਦੀ 7 ਕਿਲੋਮੀਟਰ ਲੰਬਾਈ ਅਤੇ 33 ਫੁੱਟ ਚੌੜਾਈ ਵਾਲੀ ਇਸ ਸੜਕ ਦੇ ਰੀ-ਕਾਰ ਪੈਟਿੰਗ ਦੇ ਕੰਮ ਤੇ ਕਰੀਬ 12 ਕਰੋੜ 11 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਨਾਲ ਇਸ ਰਸਤੇ ਤੋਂ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਲਈ ਆ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਬਠਿੰਡਾ ਸ਼ਹਿਰ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੋਟੈਨੀਕਲ ਗਾਰਡਨ ਤੇ 8 ਕਰੋੜ 20 ਲੱਖ, ਇੰਡਸਟਰੀਅਲ ਏਰੀਆ ਨੇੜੇ ਆਈ ਟੀ ਆਈ ਚੌਂਕ ਸਬ ਫਾਇਰ ਸਟੇਸ਼ਨ ਤੇ 48 ਲੱਖ, ਮਾਨਸਾ ਰੋਡ ਤੇ ਸਥਿਤ ਗਰੋਥ ਸੈਂਟਰ ਵਿਖੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਸਟੋਰਜ਼ ਟੈਂਕ (ਓਐਚਆਰਐਸ) ਤੇ 2 ਕਰੋੜ 92 ਲੱਖ ,ਐਡਜੁਆਇਨਿੰਗ ਸੈਕਸ਼ਨ ਤੇ 2 ਕਰੋੜ 29 ਲੱਖ 44 ਹਜ਼ਾਰ ਅਤੇ ਡੌਗ ਸ਼ੈਲਟਰ ਹੋਮ ਲਈ 43 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖੇ ਜਿਨਾਂ ਦੇ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿੰਨ੍ਹਾਂ ਨੂੰ ਜਲਦ ਮੁਕੰਮਲ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀ ਚੰਦਸਰ ਬਸਤੀ ਤੇ ਹੋਰ ਖੇਤਰਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 89 ਲੱਖ ਦੀ ਲਾਗਤ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ।
ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਹੋਰ ਵੀ ਅਹਿਮ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਤਾਨੀਆਂ ਰੋਡ ਦੇ ਓਵਰ ਬ੍ਰਿਜ਼ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਜਨਤਾ ਨਗਰ ਦੇ ਪੁਲ ਦਾ ਨੀਂਹ ਪੱਥਰ ਵੀ ਜਲਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਗੁਰੂਕੁਲ ਰੋਡ ਤੋਂ ਰਿੰਗ ਰੋਡ ਤੱਕ ਨੇਚਰ ਪਾਰਕ ਮੰਨਜ਼ੂਰ ਹੋ ਚੁੱਕਾ ਹੈ, ਜਿਸ ਉਪਰ 2.57 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਰਿੰਗ ਰੋਡ 1 ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਪ੍ਰੈਲ ਤੱਕ ਇਹ ਰਿੰਗ ਰੋਡ 1 ਬਣ ਕੇ ਤਿਆਰ ਹੋ ਜਾਵੇਗੀ, ਜਿਸ ਨਾਲ ਬਠਿੰਡਾ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ।
ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਸ਼ਹਿਰ ਅੰਦਰ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਚ ਆਧੁਨਿਕ ਤਕਨੀਕ ਵਾਲੀਆਂ 10 ਡਾਇਲਸੈਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਬਠਿੰਡਾ ਤੋਂ ਇਲਾਵਾ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਵੀ ਇੱਥੇ ਪਹੁੰਚ ਕੇ ਸਸਤੇ ਰੇਟ ਤੇ ਡਾਇਲਸੈਸ ਕਰਵਾ ਰਹੇ ਹਨ। ਇਸੇ ਤਰ੍ਹਾਂ ਹੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪਾਇਲਟ ਪ੍ਰੋਜੈਕਟ ਤਹਿਤ 2 ਗਊਸ਼ਾਲਾਵਾਂ ਜਿੰਨ੍ਹਾਂ ਵਿੱਚ ਇੱਕ ਹਰਰਾਏਪੁਰ ਵਿਖੇ ਚੱਲ ਰਹੀ ਹੈ ਅਤੇ ਦੂਜੀ ਗਊਸ਼ਾਲਾ ਦਾ ਪਿੰਡ ਝੁੰਬਾ ਵਿਖੇ ਕੰਮ ਚੱਲ ਰਿਹਾ ਹੈ, ਜਿਸ ਉਪਰ 7.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਗਊਸ਼ਾਲਾ ਤਿਆਰ ਹੋਣ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ, ਉਥੇ ਹੀ ਬਠਿੰਡਾ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਤੋਂ ਨਿਜਾਤ ਮਿਲੇਗੀ।
ਇਸ ਮੌਕੇ ਕੌਂਸਲਰ ਸੁਖਦੀਪ ਢਿੱਲੋਂ ,ਚੇਅਰਮੈਨ ਪਲੇਨਿੰਗ ਕਮੇਟੀ ਬਠਿੰਡਾ ਸ਼੍ਰੀ ਅਮ੍ਰਿਤ ਲਾਲ ਅਗਰਵਾਲ ,ਡਾਇਰੈਕਟਰ ਪੰਜਾਬ ਵਾਟਰ ਰਿਸੋਰਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਸ. ਅਮਰਜੀਤ ਰਾਜਨ, ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਕਾਰਜਕਾਰੀ ਇੰਜੀਨੀਅਰ ਸ਼ੀ ਪਰਮਿੰਦਰ ਸਿੰਘ ਅਤੇ ਸ਼੍ਰੀ ਤਰੁਣ ਅਗਰਵਾਲ, ਐਸ.ਡੀ.ਓ ਅਮਨਪ੍ਰੀਤ ਸਿੰਘ, ਆਪ ਆਗੂ ਸ. ਜਗਦੀਸ਼ ਵਡੈਂਚ, ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਸ਼੍ਰੀ ਸੁਖਬੀਰ ਸਿੰਘ ਬਰਾੜ, ਆਪ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਸੁਰਿੰਦਰ ਸਿੰਘ ਬਿੱਟੂ, ਜ਼ਿਲ੍ਹਾ ਈਵੈਂਟ ਇੰਚਾਰਜ ਸ਼੍ਰੀ ਬਿਕਰਮ ਲਵਲੀ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।