ਬੋਹੜ ਦੇ ਰੁੱਖ ਵਾਂਗ ਪਰਿਵਾਰ ਦੇ ਬਜ਼ੁਰਗ ਨਾ ਸਿਰਫ਼ ਸੁਰੱਖਿਆ ਪ੍ਰਦਾਨ ਕਰਦੇ ਹਨ,ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਵੀ ਜੋੜੀ ਰੱਖਦੇ ਹਨ। ਫ਼ਾਰਸੀ ਵਿੱਚ ਬਜ਼ੁਰਗ ਲਫ਼ਜ਼ ਦਾ ਅਰਥ ਹੁੰਦਾ ਹੈ- ਵੱਡਾ l ਕੇਵਲ ਉਮਰ ਪੱਖੋਂ ਹੀ ਵਡੇਰਾ ਨਹੀਂ ਬਲਕਿ ਜੋ ਸਿਆਣਾ, ਸੂਝਵਾਨ ਅਤੇ ਤਜਰਬੇਕਾਰ ਹੋਵੇ l ਉਹ ਆਪਣੇ ਤਜ਼ਰਬਿਆਂ ਰਾਹੀਂ ਸਾਨੂੰ ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦੇ ਹਨ l ਆਪਣੇ ਬੱਚਿਆਂ ਦੇ ਲਈ ਆਪਣੀਆਂ ਇੱਛਾਵਾਂ ਦੀ ਬਲੀ ਦਿੰਦੇ ਹਨ ਅਤੇ ਉਨ੍ਹਾਂ ਦੀ ਖ਼ੁਸ਼ੀ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹਨ। ਸਾਨੂੰ ਉਂਗਲਾਂ ਫੜ ਕੇ ਤੁਰਨਾ ਸਿਖਾਉਂਦੇ ਹਨ l ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦੇ ਹਨ lਬਜ਼ੁਰਗਾਂ ਦੇ ਨਾਲ ਰਹਿ ਕੇ ਅਸੀਂ ਸਾਰੇ ਸਮਾਜਿਕ ਮੁੱਲ , ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਸਿੱਖਦੇ ਹਾਂ, ਸਾਡੇ ਵਿੱਚ ਸਮਾਜਿਕ ਵਿਹਾਰ ਅਤੇ ਸ਼ਿਸ਼ਟਾਚਾਰ ਵਿਕਸਿਤ ਹੁੰਦੇ ਹਨ। ਉਹਨਾਂ ਕਰਕੇ ਸਾਡਾ ਜੀਵਨ ਸ਼ਾਂਤ ਰਹਿੰਦਾ ਹੈ ਅਤੇ ਘਰ ਦਾ ਮਾਹੌਲ ਅਨੁਸ਼ਾਸਿਤ ਰਹਿੰਦਾ ਹੈ। ਸਾਡੇ ਬਜ਼ੁਰਗ ਸਾਡੀ ਵਿਰਾਸਤ ਹਨ l ਉਨ੍ਹਾਂ ਦੇ ਹੱਥ ਹੇਠ ਸਾਡਾ ਪਰਿਵਾਰ ਸੁਰੱਖਿਅਤ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਲਾਭਦਾਇਕ ਸੌਦਾ ਬਜ਼ੁਰਗਾਂ ਨਾਲ ਬੈਠਣਾ ਹੈl ਕੁਝ ਪਲਾਂ ਦੇ ਬਦਲੇ ਉਹ ਸਾਨੂੰ ਸਾਲਾਂ ਦਾ ਤਜਰਬਾ ਦਿੰਦੇ ਹਨ। ਬੱਚੇ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ l ਉਹ ਸਹੀ ਅਤੇ ਗਲਤ ਦਾ ਫਰਕ ਦੱਸਦੇ ਹਨ। ਸਾਡੇ ਬਜ਼ੁਰਗ ਸਾਡੇ ਸੱਚੇ ਮਾਰਗ ਦਰਸ਼ਕ ਹਨ। ਉਨ੍ਹਾਂ ਦੇ ਅਨੁਭਵ,ਸੱਭਿਆਚਾਰ ਅਤੇ ਮਿਹਨਤ ਸਦਕਾ ਹੀ ਅਸੀਂ ਜ਼ਿੰਦਗੀ ਵਿੱਚ ਸਫ਼ਲ ਹੁੰਦੇ ਹਾਂ। ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹਨ । ਸਾਡੇ ਵਿੱਚ ਚੰਗੀ ਸੋਚ ਦਾ ਵਿਕਾਸ ਕਰਦੇ ਹਨ lਸਾਡੇ ਕੋਲ ਗਿਆਨ ਹੈ, ਜਾਣਕਾਰੀਆਂ ਹੈ ਪਰ ਉਹਨਾਂ ਨੂੰ ਵਰਤਣਾ ਕਿੱਥੇ ਹੈ ਇਹ ਸਾਡੇ ਬਜ਼ੁਰਗ ਹੀ ਸਹੀ ਦੱਸ ਸਕਦੇ ਹਨ l ਖੂਨ ਦੇ ਰਿਸਤੇ ਪਿਆਰ ਨਾਲੋਂ ਵੱਧ ਹੁੰਦੇ ਕਿਉਕਿ ਪਿਆਰ ਤਾਂ ਹੁੰਦਾ ਹੈ ਜਦੋ ਖੂਨ ਚ ਸੰਸਕਾਰ ਹੋਣ l ਆਓ ਆਪਾਂ ਆਪਣੇ ਖੂਨ ਦੇ ਰਿਸ਼ਤਿਆ ਨੂੰ ਸੰਜੋਇਏ l ਯੂਵਾ ਵਰਗ ਕੋਲ ਚਾਹੇ ਊਰਜਾ, ਉਤਸ਼ਾਹ ਵਧੇਰੇ ਹੁੰਦਾ ਹੈ ਪਰ ਉਸਨੂੰ ਸਹੀ ਦਿਸ਼ਾ ਦਿਖਾਉਣੀ ਜਰੂਰੀ ਹੁੰਦੀ ਹੈ ਇਹ ਸਾਡੇ ਬੁਜੁਰਗ ਹੀ ਹਨ ਜੋ ਇਹਨਾਂ ਨੂੰ ਸਾਂਭ ਸਕਦੇ ਹਨ l ਛੋਟੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਕਦੇ ਨਹੀਂ ਥੱਕਦੇ l ਪਰਿਵਾਰਿਕ ਰਿਸ਼ਤਿਆਂ ਨੂੰ ਸਹੀ ਵਿਵਹਾਰ ਅਤੇ ਸਨਮਾਨ ਦੇਣਾ ਉਹਨਾਂ ਤੋਂ ਵੱਧ ਕੌਣ ਜਾਣ ਸਕਦਾ ਹੈ l ਬਜ਼ੁਰਗ ਇਹ ਉਮੀਦ ਕਰਦੇ ਹਨ ਕਿ ਉਹਨਾਂ ਦਾ ਪਰਿਵਾਰ ਸੁਖੀ ਰਹੇ l ਜਿਸ ਤਰ੍ਹਾਂ ਉਹਨਾਂ ਪਰਿਵਾਰ ਨੂੰ ਪਾਲਿਆ, ਪਿਆਰ ਦਿੱਤਾ ਉਸ ਤਰ੍ਹਾਂ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਪਿਆਰ, ਇੱਜਤ, ਸਨਮਾਨ ਦੇਵੇ l ਬੁਢਾਪੇ ਵਿੱਚ ਜਦੋ ਸਰੀਰ ਕਮਜ਼ੋਰ ਹੋ ਜਾਂਦਾ ਹੈ, ਬਿਮਾਰੀਆਂ ਘੇਰ ਲੰਦੀਆਂ ਹਨ l ਓਦੋ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਬਜ਼ੁਰਗਾਂ ਨਾਲ ਪਿਆਰ ਵਾਲਾ ਵਿਵਹਾਰ ਕਰਨ, ਉਹਨਾਂ ਦੀ ਮਾਨਸਿਕ ਦਸਾ ਨੂੰ ਸਮਝਣ l ਬਜ਼ੁਰਗ ਸਾਡੀ ਜਿੰਦਗੀ ਦੇ ਅਤੇ ਦੇਸ਼ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ l ਪਰ ਅਜੋਕੇ ਸਮੇਂ ਸਮਾਜ ਵਿੱਚ ਬਜ਼ੁਰਗਾਂ ਦੀ ਦਸਾ ਓਨੀ ਚੰਗੀ ਨਹੀਂ ਜਿਨੀ ਹੋਣੀ ਚਾਹੀਦੀ ਹੈ l ਸਮਾਜ ਵਿੱਚ ਵੱਧ ਰਹੇ ਬਿਰਧ ਆਸ਼ਰਮਾਂ ਇਸ ਗੱਲ ਇਸਦਾ ਪ੍ਰਮਾਣ ਹਨ l ਅਸੀਂ ਆਪਣੀ ਨੈਤਿਕ ਜਿੰਮੇਵਾਰੀਆਂ ਤੋਂ ਭੱਜ ਰਹੇ ਹਾਂ l ਆਪਣੇ ਪਰਾਏ ਹੋ ਗਏ ਹਨ, ਖੂਨ ਸਫੇਦ ਹੋ ਗਿਆ ਹੈ ਤੇ ਰਿਸਤੇ ਸਵਾਰਥੀ ਹੋ ਗਏ ਹਨ l ਬੁਜ਼ੁਰਗਾਂ ਨੂੰ ਬੋਝ ਸਮਝਿਆ ਜਾਣ ਲੱਗ ਪਿਆ ਹੈ l, ਬਜ਼ੁਰਗਾਂ ਦੀਆਂ ਗੱਲਾਂ ਤੇ ਸਲਾਹਾਂ ਅਜਾਦੀ ਦੇ ਵਿੱਚ ਅੜਿਕਾ ਲੱਗਦੀ ਹੈ l ਕਈ ਘਰਾਂ ਵਿੱਚ ਤਾਂ ਉਹਨਾਂ ਨੂੰ ਰੋਟੀ ਪਾਣੀ ਵੀ ਚੰਗੀ ਤਰ੍ਹਾਂ ਨਹੀਂ ਮਿਲਦਾ l ਕਈ ਘਰਾਂ ਵਿੱਚ ਬਜ਼ੁਰਗਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ l ਉੱਚੀ ਸਿੱਖਿਆ, ਕਮਾਈ ਦੀ ਭਾਲ, ਵੱਧ ਦੇ ਸਾਹਿਰੀਕਰਨ ਅਤੇ ਆਧੁਨਿਕਤਾ ਦਾ ਜਿੰਦਗੀ ਤੇ ਪ੍ਰਭਾਵ ਪੈਣ ਕਰਕੇ ਨੈਤਿਕ ਕਦਰਾਂ- ਕੀਮਤਾਂ ਭੁੱਲ ਕੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਛੱਡਿਆ ਜਾਂਦਾ ਹੈ l ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਬਜ਼ੁਰਗਾਂ ਦੀ ਜਿੰਮੇਵਾਰੀ ਸਾਡੀ ਹੈ ਜਾਂ ਸਰਕਾਰ ਦੀ? ਦੁਨੀਆਂ ਦੇ ਹਰੇਕ ਦਸ ਬਜ਼ੁਰਗਾਂ ਵਿੱਚੋਂ ਇੱਕ ਦਾ ਘਰ ਭਾਰਤ ਵਿੱਚ ਹੈ l 2011 ਦੀ ਗਿਣਤੀ ਅਨੁਸਾਰ 8.6% ਲੋਕ 60 ਸਾਲਾ ਤੋਂ ਵੱਧ ਉਮਰ ਦੇ ਹਨ l ਦੇਸ਼ ਵਿੱਚ ਬਜ਼ੁਰਗਾਂ ਦੀ ਅਬਾਦੀ ਅਗਲੇ 10 ਵਰ੍ਹਿਆਂ ਤਕ 41% ਵੱਧ ਜਾਣ ਦਾ ਅਨੁਮਾਨ ਹੈ l 2031 ਤਕ ਦੇਸ਼ ਵਿੱਚ 194 ਮਿਲੀਅਨ ਬਜੁਰਗ ਨਾਗਰਿਕ ਹੋ ਜਾਣਗੇ l ਅਤੇ ਸੰਭਵ ਹੈ ਕਿ ਉਹਨਾਂ ਨਾਲ ਦੁਰਵਿਹਾਰ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ l ਵੇਖਣ ਵਿੱਚ ਆਇਆ ਹੈ ਉਹਨਾਂ ਬਜ਼ੁਰਗਾਂ ਨਾਲ ਹਿੰਸਾ ਜਾਂ ਮਾੜਾ ਵਿਹਾਰ ਵੱਧ ਹੁੰਦਾ ਹੈ ਜੋ ਆਰਥਿਕ ਪੱਖੋਂ ਆਪਣੀ ਸੰਤਾਨ ਤੇ ਨਿਰਭਰ ਹੁੰਦੇ ਹਨ l ਇਹਨਾਂ ਵਿੱਚ ਵੀ ਜਿਆਦਾਤਰ ਇਸਤਰੀ ਬਜ਼ੁਰਗ ਨਾਲ ਹਿੰਸਾ ਦੇ ਵੱਧ ਮਾਮਲੇ ਸਾਹਮਣੇ ਆਉਂਦੇ ਹਨ l ਉਹਨਾਂ ਪ੍ਰਤੀ ਵੱਧ ਰਹੀ ਹਿੰਸਾ ਤੇ ਮਾੜੇ ਵਿਹਾਰ ਕਰਕੇ ਸਾਲ 2007 ਵਿੱਚ ਇੱਕ ਕਾਨੂੰਨ ‘ ਮਾਤਾ -ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦਾ ਭਰਨ ਪੋਸ਼ਣ ਅਤੇ ਕਲਿਆਣ’ ਬਣਾਈਆਂ ਗਿਆ l ਜਿਸਦੇ ਤਹਿਤ ਬੱਚਿਆਂ, ਰਿਸ਼ਤੇਦਾਰਾਂ ਲਈ ਮਾਤਾ -ਪਿਤਾ/ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਕਰਨਾ, ਉਹਨਾਂ ਦੀ ਸਿਹਤ, ਉਹਨਾਂ ਦੇ ਰਹਿਣ- ਸਹਿਣ, ਉਹਨਾਂ ਦੇ ਖਾਣ -ਪੀਣ ਵਰਗੀਆਂ ਬੁਨਿਆਦੀ ਜਰੂਰਤਾਂ ਦੀ ਵਿਵਸਥਾ ਕਰਨਾ ਜਰੂਰੀ ਹੈ l ਇਸ ਤੋਂ ਇਲਾਵਾ ਇਸਦੀ ਖਾਸ ਗੱਲ ਇਹ ਹੈ ਕਿ ਕੁਝ ਬਜ਼ੁਰਗ ਭਾਵਕ ਹੋ ਕੇ ਆਪਣੀ ਜਮੀਨ -ਜਾਇਦਾਦ, ਮਕਾਨ ਅਤੇ ਸੰਪਤੀ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਨ l ਜੇਕਰ ਉਹ ਬੱਚੇ ਹੁਣ ਉਹਨਾਂ ਦੀ ਦੇਖਭਾਲ ਨਹੀਂ ਕਰਦੇ ਤਾਂ ਇਹ ਸੰਪਤੀ ਰੱਦ ਵੀ ਹੋ ਸਕਦੀ ਹੈ ਅਤੇ ਵਾਪਿਸ ਉਹਨਾਂ ਦੇ ਨਾਂ ਤੇ ਹੋ ਜਾਵੇਗੀ l ਉਹ ਚਾਹੇ ਤਾਂ ਆਪਣੀ ਸੰਤਾਨ ਨੂੰ ਬੇਦਖ਼ਲ ਵੀ ਕਰ ਸਕਦੇ ਹਨ l ਪਰ ਇਹ ਵੀ ਸਚਾਈ ਹੈ ਕਿ ਸਮਾਜ ਵਿੱਚ ਬਹੁਤ ਬਜ਼ੁਰਗਾਂ ਨੂੰ ਅਜਿਹੀ ਜਾਣਕਾਰੀ ਨਹੀਂ ਅਤੇ ਬਹੁਤ ਬਜ਼ੁਰਗ ਆਪਣੇ ਬੱਚਿਆਂ ਖਿਲਾਫ ਅਜਿਹਾ ਨਹੀਂ ਕਰਦੇ l ਕੁਲ ਮਿਲਾ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਭਾਵਕ ਮੁੱਦਾ ਹੈ ਜਿਸਦਾ ਹੱਲ ਸਰਕਾਰ ਦੇ ਬਣਾਏ ਕਾਨੂੰਨ ਤੇ ਨਹੀਂ ਕੀਤਾ ਜਾਂ ਸਕਦਾ l ਇਸਦੇ ਲਈ ਚਾਹੀਦਾ ਹੈ ਕਿ ਬਚਪਨ ਵਿੱਚ ਹੀ ਅਸੀਂ ਆਪਣੇ ਬੱਚਿਆਂ ਨੂੰ ਘਰਾਂ, ਸਕੂਲਾਂ, ਸਮਾਜ ਵਿੱਚ ਬਜ਼ੁਰਗਾਂ ਮਾਨ- ਸਨਮਾਨ, ਇੱਜਤ, ਦੇਣ ਦੀ ਸਿੱਖਿਆ ਦਿੱਤੀ ਜਾਵੇ l ਉਹਨਾਂ ਨੂੰ ਨੈਤਿਕ ਕਦਰਾਂ -ਕੀਮਤਾਂ ਅਤੇ ਸੰਸਕਾਰਾਂ ਤੋਂ ਜਾਣੂ ਕਰਵਾਇਆ ਜਾਵੇ l ਸਭ ਤੋਂ ਜਰੂਰੀ ਅਸੀਂ ਆਪ ਇਸਦੀ ਮਿਸਾਲ ਬਣੀਏ l ਸਾਨੂੰ ਚਾਹੀਦਾ ਹੈ ਕਿ ਬੁਜੁਰਗ ਬੋਝ ਨਹੀਂ ਸਗੋਂ ਸਾਡੀ ਸੰਪਤੀ ਹਨ l ਹਰ ਇੱਕ ਆਪਣੇ ਮਾਤਾ -ਪਿਤਾ ਦਾ ਸਨਮਾਨ ਕਰੇ, ਉਹਨਾਂ ਨੂੰ ਆਪਣੇ ਨਾਲ ਰੱਖੇ l ਉਹਨਾਂ ਦੀ ਮਾਨਸਿਕ ਦਸਾ ਨੂੰ ਸਮਝਣ, ਉਹਨਾਂ ਦੀ ਸਰੀਰਕ ਅਤੇ ਭਾਵਾਤਮਕ ਸਿਹਤ ਦਾ ਖਿਆਲ ਰੱਖੇ l ਬਜ਼ੁਰਗਾਂ ਨੂੰ ਭਾਵਾਤਮਕ ਸਹਾਰੇ ਦੀ ਜਿਆਦਾ ਲੋੜ ਹੁੰਦੀ ਹੈ l ਉਹਨਾਂ ਨੂੰ ਲੱਗਦਾ ਹੈ ਕਿ ਪਰਿਵਾਰ ਉਹਨਾਂ ਨਾਲ ਬੈਠੇ, ਗੱਲਬਾਤ ਕਰੇ, ਉਹਨਾਂ ਨਾਲ ਹਰ ਕੰਮ ਵਿੱਚ ਸਲਾਹ ਕਰੇ, ਉਹਨਾਂ ਨੂੰ ਸਮਾਂ ਦੇਵੇ l ਜਦੋ ਉਹਨਾਂ ਨਾਲ ਇਹ ਸਾਂਝ ਨਹੀਂ ਹੁੰਦੀ ਤਾਂ ਉਹਨਾਂ ਨੂੰ ਇੱਕਲਾਪਣ ਮਹਿਸੂਸ ਹੁੰਦਾ ਹੈ l ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਦਲਦੇ ਸਮੇਂ ਅਨੁਸਾਰ ਆਪਣੀ ਸੋਚ ਨੂੰ ਬਦਲਣ l ਨਵੀ ਪੀੜੀ ਨਾਲ ਰਲਮਿਲ ਕਿ ਚੱਲੇ l ਜਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਦੋਵੇਂ ਪੀੜੀਆਂ ਨੂੰ ਆਪੋ ਆਪਣੀ ਸੋਚ ਬਦਲਣ ਦੀ ਲੋੜ ਹੈ l ਕੁਝ ਛੱਡਣ ਤੇ ਕੁਝ ਅਪਣਾਉਣ ਦੀ ਲੋੜ ਹੈ l
ਸੰਦੀਪ ਕੁਮਾਰ (ਹਿੰਦੀ ਅਧਿਆਪਕ ).9464310900