10 ਮਾਰਚ (ਸੁਖਪਾਲ ਸਿੰਘ ਬੀਰ) ਬੁਢਲਾਡਾ: ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਲਿਆਂ) ਦਾ ਇਹ ਸੁਪਨਾ ਸੀ ਕਿ ਸਿੱਖ ਧਰਮ ਨੂੰ ਸਮਰਪਿਤ ਬੱਚੇ ਕਥਾ ਵਾਚਕ, ਕੀਰਤਨੀਏ ਤੇ ਗੁਰੂ ਘਰ ਦੇ ਵਜ਼ੀਰ ਬਣਨ ਤੱਕ ਹੀ ਮਹਿਦੂਦ ਨਾ ਰਹਿਣ ਸਗੋਂ ਦੁਨਿਆਵੀ ਪੜ੍ਹਾਈ ਕਰਦਿਆਂ ਗੁਰਸਿੱਖ ਜਾਂ ਗੁਰਬਾਣੀ ਨਾਲ ਜੁੜਿਆ ਹਰ ਆਮ ਖਾਸ ਵਿਦਿਆਰਥੀ ਜੱਜ, ਇੰਜੀਨੀਅਰ, ਵਕੀਲ ਤੇ IPS ਅਫਸਰ ਵਗੈਰਾ ਵੀ ਬਣ ਸਕੇ। ਉਨ੍ਹਾਂ ਦੀ ਇਸ ਸੋਚ ਤੇ ਕੋਸ਼ਿਸ਼ ਨੂੰ ਪੂਰਾ ਕਰਨ ਲਈ ‘ਐਜੂਕੇਟ ਪੰਜਾਬ ਪ੍ਰੋਜੈਕਟ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਸੰਸਥਾ ਦੀ ਯੂਥ ਕੋਆਰਡੀਨੇਟਰ ਕੁਲਵੀਰ ਕੌਰ ਧਲੇਵਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਮੁਹਿੰਮ ਅਤੇ ਸੰਸਥਾ ਨਾਲ ਜੁੜ ਕੇ ਹਰ ਲੋੜਵੰਦ ਤੇ ਹੁਸ਼ਿਆਰ ਬੱਚੇ ਦੀ ਅਗਲੇਰੀ ਪੜ੍ਹਾਈ ਕਰਵਾਉਣ ਲਈ ਕਾਰਜਰਤ ਹਨ। ਸਾਡੇ ਦੁਆਰਾ ਰੱਖੀ ਗਈ ਖਾਸ ਮਿਲਣੀ ਦੌਰਾਨ ਉਨ੍ਹਾਂ ਦੱਸਿਆ ਕਿ ‘ਐਜੂਕੇਟ ਪੰਜਾਬ ਪ੍ਰੋਜੈਕਟ’ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੈ। ਲੋੜਵੰਦ ਤੇ ਯੋਗ ਬੱਚਿਆਂ ਦੀ ਮੱਦਦ ਕਰਨ ਲਈ ਉਹ ਜ਼ਰੂਰੀ ਕਾਰਵਾਈ ਪੂਰੀ ਕਰਕੇ ਫ਼ਾਰਮ ਵਗੈਰਾ ਸੰਸਥਾ ‘ਚ ਜਮਾਂ ਕਰਵਾ ਦਿੰਦੇ ਹਨ। ਲੋੜਵੰਦ ਬੱਚਾ ਕੋਈ ਵੀ ਤੇ ਕਿਸੇ ਵੀ ਥਾਂ ਤੋਂ ਹੋ ਸਕਦਾ ਹੈ। ਉਸਤੋਂ ਬਾਅਦ ਖੁਦ ਸੰਸਥਾ ਜਾਂ ਸੰਸਥਾ ਜ਼ਰੀਏ ਅਲੱਗ ਅਲੱਗ ਦਾਨੀ ਸੱਜਣ ਇੱਕ ਇੱਕ ਬੱਚਾ ਅਡੌਪਟ ਕਰ ਲੈਂਦੇ ਹਨ ਭਾਵ ਉਸਦੀ ਪੜ੍ਹਾਈ ਤੇ ਆਉਣ ਵਾਲੇ ਸਮੁੱਚੇ ਖ਼ਰਚੇ ਦੀ ਜ਼ਿੰਮੇਵਾਰੀ ਓਟ ਲੈਂਦੇ ਹਨ। ਮੁੱਢਲੀ ਸ਼ਰਤ ਸਿਰਫ਼ ਇਹ ਰੱਖੀ ਜਾਂਦੀ ਹੈ ਕਿ ਬੱਚਾ ਸਹਿਜ ਪਾਠ ਕਰਦੇ ਹੋਏ ਗੁਰਬਾਣੀ ਨਾਲ ਜੁੜੇ ਤੇ ਇਸਨੂੰ ਸਮਝਣ ਦੀ ਕੋਸ਼ਿਸ਼ ਕਰੇ। ਲੇਕਿਨ ਛੋਟੇ ਬੱਚਿਆਂ ਦੇ ਮਾਪਿਆਂ ਜਾਂ ਉਸਦੇ ਗਾਰਡੀਅਨ (ਆਸ਼ਰਿਤ) ਨੂੰ ਹੀ ਇਸ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ।
ਕੁਲਵੀਰ ਕੌਰ ਜੀ ਨਾਲ ਸਪੈਸ਼ਿਲੀ ਤੌਰ ਤੇ ਆਏ ਹੋਏ ਸਮਰਜੀਤ ਸਿੰਘ ਜੋਸ਼ੀ ਜੀ ਨੇ ਦੱਸਿਆ ਕਿ ਉਹ ਖੁਦ ਬਹੁਤ ਸਮੇਂ ਤੋਂ ਇਸ ਮੁਹਿੰਮ ਨਾਲ ਜੁੜੇ ਰਹੇ ਹਨ ਪਰ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਤੌਰ ਧਾਰਮਿਕ ਅਧਿਆਪਕ ਨਿਯੁਕਤ ਹੋ ਕੇ ਸੇਵਾ ਨਿਭਾ ਰਹੇ ਹਨ। ਇਸੇ ਕਰਕੇ ਉਨ੍ਹਾਂ ਇਹ ਜ਼ਿੰਮੇਵਾਰੀ ਵਾਲਾ ਕਾਰਜ ਕੁਲਵੀਰ ਕਮਲ ਜੀ ਨੂੰ ਸੌਂਪ ਦਿੱਤਾ ਹੈ। ਪਰ ਸਮਾਂ ਮਿਲਣ ਤੇ ਉਹ ਅਪਣਾ ਪੂਰਾ ਸਹਿਯੋਗ ਦਿੰਦੇ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਿੱਖੀ ਵਿੱਚ ਤਾਂ ਜਾਤ-ਪਾਤ ਜਾਂ ਗੋਤ ਵਗੈਰਾ ਦਾ ਕੋਈ ਮਹੱਤਵ ਨਹੀਂ ਤਾਂ ਫਿਰ ਉਹ ਜੋਸ਼ੀ ਕਿਉਂ ਹਨ। ਉਨ੍ਹਾਂ ਹਸਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਗੋਤ ਜਾਂ ਸਬ ਕਾਸਟ ਨਹੀਂ ਬਲਕਿ ਤਖ਼ੱਲਸ ਹੈ। ਜੋ ਸ਼ੁਰੂਆਤੀ ਦੌਰ ਵਿੱਚ ਹੀ ਨਾਮ ਨਾਲ ਜੁੜਿਆ ਆ ਰਿਹਾ ਹੈ। ਉਨ੍ਹਾਂ ਇਹ ਵੀ ਅਹਿਮ ਖੁਲਾਸਾ ਕੀਤਾ ਕਿ ਸੰਸਥਾ ਦੁਆਰਾ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦੇ ਹੋਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਮਕਸਦ ਸਿਰਫ਼ ਇਹ ਹੈ ਕਿ ਉਹ ਸੰਸਥਾ ਅਤੇ ਕਿਸੇ ਵੀ ਦਾਨੀ ਸੱਜਣ ਦੀ ਮੱਦਦ ਨਾਲ ਉੱਚ ਅਹੁਦਿਆਂ ਤੇ ਪਹੁੰਚ ਕੇ ਵੀ ਆਪੋ ਆਪਣੇ ਧਰਮ ਜਾਂ ਅਕੀਦਤ ਤੇ ਰਹਿੰਦਿਆਂ ਘੱਟੋ ਘੱਟ ਚੰਗੇ ਮਨੁੱਖ ਤਾਂ ਜ਼ਰੂਰ ਬਣੇ ਰਹਿਣ।