ਛੇਵੀਂ ਜਮਾਤ ਵਿਚ ਮੇਰੀ ਸਿਲੇਕਸ਼ਨ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ, ਬੜਿੰਗ ਖੇੜਾ ਵਿਖੇ ਹੋ ਗਈ। ਜ਼ਿੰਦਗੀ ਵਿਚ ਇਕਦਮ ਇਹ ਵੱਡਾ ਬਦਲਾਅ ਸੀ ਜਦੋਂ ਘਰ ਛੱਡ ਕੇ ਹੋਸਟਲ ਦੀ ਜ਼ਿੰਦਗੀ ਵਿਚ ਰਹਿਣਾ ਪਿਆ। ਇਸ ਹੋਸਟਲ ਨੇ ਭਾਵੇਂ ਸਾਨੂੰ ਬਹੁਤ ਕੁਝ ਸਿਖਾਇਆ ਪਰ ਆਰੰਭ ਵਿਚ ਇਥੇ ਰਹਿਣਾ ਔਖਾ ਲੱਗਦਾ ਸੀ। ਇਥੇ ਹਰ ਚੀਜ਼ ਨਿਯਮਾਂ ਵਿਚ ਬੰਨ੍ਹੀ ਹੋਈ ਸੀ। ਪਿੰਡਾਂ ਦੀ ਖੁੱਲ੍ਹੀ ਜ਼ਿੰਦਗੀ ਵਿਚੋਂ ਆ ਕੇ ਅਸੀਂ ਜਿਵੇਂ ਅਣਦਿਸਦੇ ਰੱਸਿਆਂ ਵਿਚ ਨੂੜੇ ਗਏ। ਪੜ੍ਹਾਈ ਦੀ ਸਖਤਾਈ ਦੇ ਨਾਲ-ਨਾਲ ਨਵੋਦਿਆ ਸਕੂਲ ਵਿਚ ਸਾਨੂੰ ਖਾਣ-ਪੀਣ ਨੂੰ ਬੱਝਵਾਂ ਹੀ ਮਿਲਦਾ ਸੀ। ਹਰ ਗੱਲ ਦਾ ਅਨੁਸਾਸ਼ਨ, ਐਨੇ ਵਜੇ ਉੱਠਣਾ, ਐਨੇ ਵਜੇ ਸੌਂਣਾ, ਐਨੇ ਵਜੇ ਚਾਹ, ਐਨੇ ਵਜੇ ਰੋਟੀ ਆਦਿ। ਪਿੰਡਾਂ ਵਿਚ ਇਹ ਗੱਲਾਂ ਕਿੱਥੇ ਸਨ। ਅਸੀਂ ਤਾਂ ਅੱਧੀ-ਅੱਧੀ ਰਾਤ ਤਕ ਗਲੀਆਂ ਵਿਚ ਖੇਡਣ ਵਾਲੇ ਬੱਚੇ ਸਾਂ। ਘਰਾਂ ਵਿਚ ਰੋਟੀ ਦਾ ਕਿਹੜਾ ਟਾਈਮ ਹੁੰਦਾ। ਹੋਰ ਕੁਝ ਨਹੀਂ ਤਾਂ ਗੁੜ ਦਾ ਡਲਾ ਹੀ ਚੱਕ ਕੇ ਚੱਬ ਲਿਆ। ਪਰ ਇਥੇ ਸਭ ਕੁਝ ਵਕਤ ਸਿਰ ਸੀ। ਆਰੰਭ ਵਿਚ ਇਹ ਔਖਾ ਕਰਨ ਵਾਲੀ ਗੱਲ ਸੀ। ਸਾਡੀ ਸਾਰਿਆਂ ਦੀ ਉਮਰ ਉਦੋਂ ਗਿਆਰ੍ਹਾਂ-ਬਾਰ੍ਹਾਂ ਸਾਲ ਦੀ ਸੀ। ਵਕਤ ਦੀਆਂ ਪਾਬੰਦੀਆਂ ਕਾਰਨ ਹੋਸਟਲ ਵਿਚ ਸਾਨੂੰ ਭੁੱਖ ਲਗਦੀ ਨਹੀਂ ਸਗੋਂ ਸਾਡੇ ਅੰਦਰ ਭੁੱਖ ਵਸ ਗਈ ਸੀ। ਹਰ ਵੇਲੇ ਕੁਝ ਨਾ ਕੁਝ ਖਾਣ ਨੂੰ ਜੀਅ ਕਰਦਾ। ਪਰ ਮੈੱਸ ਵਿਚੋਂ ਸਮੇਂ ਤੋਂ ਪਹਿਲਾਂ ਕੁਝ ਨਾ ਮਿਲਦਾ। ਨਾ ਚਾਹ, ਨਾ ਖੰਡ, ਨਾ ਗੁੜ, ਨਾ ਕੁਝ ਹੋਰ। ਸਾਡੇ ਮਾਂ ਬਾਪ ਆਰੰਭ ਵਿੱਚ ਭਾਵੇਂ ਹਰ ਹਫ਼ਤੇ ਆਉਂਦੇ ਸਨ ਪਰ ਬਾਅਦ ਵਿਚ ਨਿਯਮਾਂ ਅਨੁਸਾਰ ਮਹੀਨੇ ਬਾਅਦ ਹੀ ਸਾਨੂੰ ਮਿਲਣ ਲਈ ਆ ਸਕਦੇ ਸਨ। ਮਾਂ-ਬਾਪ ਮਹੀਨੇ ਬਾਅਦ ਘਰ ਦਾ ਬਣਿਆ ਜੋ ਕੁਝ ਵੀ ਦੇ ਕੇ ਜਾਂਦੇ ਉਹ ਤਾਂ ਦੋ ਚਾਰ ਦਿਨਾਂ ਵਿਚ ਹੀ ਨਿਬੜ ਜਾਂਦਾ। ਅਸੀਂ ਫੇਰ ਭੁੱਖੇ ਕਾਂ ਵਾਂਗੂੰ ਝਾਕਦੇ ਰਹਿੰਦੇ। ਕਈ ਅਮੀਰ ਘਰਾਂ ਦੇ ਬੱਚਿਆਂ ਦੇ ਮਾਂ-ਬਾਪ ਕਾਫ਼ੀ ਕੁਝ ਖਾਣ ਨੂੰ ਦੇ ਕੇ ਜਾਂਦੇ ਪਰ ਉਹ ਦੂਜਿਆਂ ਤੋਂ ਲਕੋਅ ਲਕੋਅ ਖਾਂਦੇ। ਅਸੀਂ ਦੇਖਦੇ, ਉਹਨਾਂ ਦੇ ਡੱਬੇ ਕਈ ਕਈ ਦਿਨ ਭਰੇ ਰਹਿੰਦੇ। ਸਾਡੀ ਕਈਆਂ ਦੀ ਨੀਤ ਇਹਨਾਂ ਭਰੇ ਡੱਬਿਆਂ ਤੇ ਡੁਲ੍ਹਦੀ ਰਹਿੰਦੀ। ਮੈਨੂੰ ਯਾਦ ਹੈ ਸਾਡਾ ਇਕ ਜਮਾਤੀ ਹੁੰਦਾ ਸੀ ਗੁਰਮੀਤ, ਮਲੋਟ ਕੋਲ ਸ਼ਾਮ ਖੇੜੇ ਪਿੰਡ ਦਾ। ਸ਼ਾਮ ਖੇੜਾ ਭਾਊਆਂ ਦਾ ਪਿੰਡ ਹੈ। ਅੰਦਾਜ਼ੇ ਮੁਤਾਬਕ ਉਥੋਂ ਦੇ ਵਧੇਰੇ ਪਰਿਵਾਰ ਮਾਝਾ ਖੇਤਰ ਵਿਚੋਂ ਆ ਕੇ ਵਸੇ ਲਗਦੇ ਹਨ। ਉਹਨਾਂ ਦੀ ਬੋਲੀ ਵਿਚ ਮਾਝੀ ਬੋਲੀ ਦਾ ਰਲਾਅ ਵਧੇਰੇ ਹੈ। ਉਚਾਰਨ ਵੀ ਬਿਲਕੁਲ ਮਾਝੇ ਵਾਲਾ। ਗੁਰਮੀਤ ਜੱਟਾਂ ਦਾ ਮੁੰਡਾ ਸੀ। ਜੱਟ ਤੇ ਫਿਰ ਉਹ ਵੀ ਮਾਝੇ ਦੇ ਭਾਊ ਜੱਟ। ਅਸੀਂ ਸਾਰੇ ਉਸਦੀ ਬੋਲੀ ਕਰਕੇ ਉਸਨੂੰ ‘ਭਾਊ ਹੀ ਕਹਿੰਦੇ ਸਾਂ। ਨਵੋਦਯ ਦੇ ਹੋਸਟਲ ਦੀ ਇਹ ਖਾਸੀਅਤ ਹੈ ਕਿ ਇਥੇ ਵਿਦਿਆਰਥੀਆਂ ਦੀ ਪਛਾਣ ਉਹਨਾਂ ਦੇ ਪਿੰਡਾਂ ਤੋਂ ਜਾਂ ਫਿਰ ਹੋਰ ਪੁੱਠੇ-ਸਿੱਧੇ ਨਾਵਾਂ ਤੋਂ ਹੁੰਦੀ ਹੈ। ਮੇਰੇ ਨਾਮ ਨਾਲ ਇਥੋਂ ਹੀ ‘ਲੰਬੀ` ਜੁੜ ਗਿਆ ਸੀ। ਗੁਰਸੇਵਕ ਤਾਂ ਕਦੇ ਕਿਸੇ ਨੇ ਕਿਹਾ ਹੀ ਨਹੀਂ, ਸਾਰੇ ਲੰਬੀ ਹੀ ਕਹਿੰਦੇ ਸਨ। ਇਹ ਤਖ਼ੱਲਸ ਮੇਰੇ ਪਿੰਡ ਕਰਕੇ ਮੈਨੂੰ ਮਿਲਿਆ ਜੋ ਅੱਜ ਤਕ ਮੇਰੇ ਨਾਲ ਨਾਲ ਹੈ।
ਗੁਰਮੀਤ ‘ਭਾਊ` ਖਾਣ-ਪੀਣ ਦਾ ਬਹੁਤ ਸ਼ੌਕੀਨ ਸੀ। ਉਸਦੀ ਸਿਹਤ ਵੀ ਚੰਗੀ ਸੀ। ਲੋੜੋਂ ਵੱਧ ਭਾਰਾ ਸਰੀਰ, ਥਲ-ਥਲ ਕਰਦਾ, ਗੋਭਲੂ ਜਿਹਾ। ਉਸਦੇ ਘਰਦੇ ਉਸਨੂੰ ਜਦੋਂ ਵੀ ਮਿਲਣ ਆਉਂਦੇ, ਖੋਆ, ਪੰਜੀਰੀ, ਦੇਸੀ ਘਿਉ, ਖੀਰ ਵਾਧੂ ਮਾਤਰਾ ਵਿਚ ਦੇ ਕੇ ਜਾਂਦੇ। ਅਸਲ ਵਿਚ ਮਾਝੇ ਦੇ ਲੋਕਾਂ ਦੀ ਖੁਰਾਕ ਸੁੱਖ ਨਾਲ ਚੰਗੀ ਹੈ। ਮਹੀਨੇ ਬਾਅਦ ਭਾਊ ਦੇ ਘਰਦੇ ਪੀਪੇ ਭਰ-ਭਰ ਖਾਣ ਦੀਆਂ ਚੀਜਾਂ ਲਿਆਉਂਦੇ। ‘ਭਾਊ` ਵੀ ਇਹਨਾਂ ਚੀਜਾਂ ਨੂੰ ਸਾਂਭ ਸਾਂਭ ਰਖਦਾ ਤੇ ਲੁਕੋਅ ਲੁਕੋਅ ਖਾਂਦਾ, ਕਿਸੇ ਨੂੰ ਰੱਤੀ ਭਰ ਨਾ ਦਿੰਦਾ। ਉਹਦੇ ਘਰੋਂ ਆਉਂਦੇ ਪੀਪੇ ਉਹਦੇ ਢਿੱਡ ਵਾਂਗੂੰ ਆਫ਼ਰੇ ਹੁੰਦੇ। ਉਹਦੀ ਬੀਬੀ ਮੋਢਿਆਂ ਤੇ ਪੀਪੇ ਧਰੀ ਉਹਨੂੰ ਮਿਲਣ ਆਉਂਦੀ। ਸਕੂਲ ਦਾ ਗੇਟ ਵੜਦੇ ਹੀ `ਵਾਜਾਂ ਮਾਰਦੀ “ਵੇ! ਮੀਤਿਆ… ਆ ਜਾ ਵੇ… ਕਿਥੇ ਆਂ” ਭਾਊ ਦਾ ਘਰ ਦਾ ਨਾਮ ‘ਮੀਤਾ ਸੀ। ਅਸੀਂ ਜਿਹੜੇ ਗਰੀਬ ਘਰਾਂ ਦੇ ਮੁੰਡੇ ਸਾਂ, ਉਹਦੀਆਂ ਚੀਜਾਂ ਤੇ ਲਾਲ਼ਾਂ ਸੁੱਟਦੇ। ਭਾਊ, ਪੀਪੀਆਂ ਨੂੰ ਜਿੰਦਰੇ ਮਾਰ-ਮਾਰ ਰਖਦਾ। ਚਾਬੀਆਂ ਉਹ ਨਿੱਕਰ ਦੇ ਨਾਲੇ ਨਾਲ ਬੰਨ੍ਹ ਲੈਂਦਾ। ਜਦੋਂ ਕੋਈ ਕਮਰੇ ਵਿਚ ਨਾ ਹੁੰਦਾ, ਉਹ ਉਦੋਂ ਹੀ ਆਪਣੀਆਂ ਚੀਜ਼ਾਂ ਖਾਂਦਾ। ਉਹਦੀ ਇਹ ਹਰਕਤ ਸਾਨੂੰ ਬਹੁਤ ਤੰਗ ਕਰਦੀ। ਅਸੀਂ ਉਹਦੀਆਂ ਮਿੰਨਤਾਂ ਕਰਦੇ- ਸਾਨੂੰ ਵੀ ਖਵਾ ਦੇ ਭੋਰਾ ਪਰ ਉਹ ਬਹਾਨੇ-ਬਾਜ਼ੀਆਂ ਵਿਚ ਟਾਲਾ ਵੱਟ ਜਾਂਦਾ। “ਬਸ ਹੈ ਨ੍ਹੀਂ… ਮੁਕ-ਗੀ, ਕੱਲ੍ਹ ਖਵਾਵਾਂਗਾ`।
ਗੱਲ ਸੱਤਵੀਂ ਜਮਾਤ ਦੀ ਹੈ। ਇਕ ਵਾਰ ਉਹਦੀ ਬੀਬੀ ਪੰਜੀਰੀ ਦਾ ਅਠਾਰਾਂ ਕਿਲੋ ਵਾਲਾ ਪੀਪਾ ਭਰਕੇ ਦੇ ਕੇ ਗਈ। ਉਹ ਪੀਪੇ ਨੂੰ ਆਪਣੇ ਬੈੱਡ ਦੇ ਨੇੜੇ ਸਭ ਤੋਂ ਉਪਰਲੀ ਸੈਲਫ਼ `ਤੇ ਵੱਡਾ ਜਿੰਦਰਾ ਮਾਰ ਕੇ ਰਖਦਾ ਤੇ ਚਾਬੀ ਹਰ ਵਾਰ ਦੀ ਤਰ੍ਹਾਂ ਆਪਣੀ ਨਿੱਕਰ ਦੇ ਨਾਲੇ ਨਾਲ ਬੰਨ੍ਹ ਲੈਂਦਾ। ਉਸਨੇ ਪਹਿਲੇ ਦਿਨ ਸਾਨੂੰ ਪੰਜੀਰੀ ਦੇ ਦੋ ਦੋ ਚਮਚ ਦਿੱਤੇ ਤੇ ਮੁੜ ਸਾਨੂੰ ਨੇੜੇ ਨਾ ਫਟਕਣ ਦਿੱਤਾ। ਪੰਜੀਰੀ ਬਹੁਤ ਸੁਆਦ ਸੀ। ਜੀਅ ਕਰਦਾ ਖਾਈ ਜਾਈਏ ਪਰ ਭਾਊ ਚੂੰਡੀ ਭਰ ਵੀ ਨਾ ਦਿੰਦਾ। ਅਸੀਂ ਸੋਚਦੇ ਇਹਦਾ ਪੀਪਾ ਜਿਹਾ ਚੱਕ ਕੇ ਕਿਧਰੇ ਭੱਜ ਜਾਈਏ, ਫੇਰ ਵੇਖਾਂਗੇ ਕੀ ਕਰਦਾ, ਪਰ ਹੋਸਟਲ ਵਾਰਡਨ ਦਾ ਡਰ ਐਨੀ ਹਿੰਮਤ ਨਾ ਦਿੰਦਾ। ਉਹਦੀ ਪੰਜੀਰੀ ਸਾਨੂੰ ਚੁਭਦੀ ਰਹਿੰਦੀ। ਸਾਡੀ ਜਿਵੇਂ ਰਾਤਾਂ ਦੀ ਨੀਂਦ ਉਡ ਗਈ। ਮੈਂ, ਥਰਾਜ ਵਾਲੇ ਦਾ ਗੁਰਜੀਤ ਅਤੇ ਬਿਸ਼ਨੰਦੀ ਦਾ ਰਣਬੀਰ ਸਕੀਮਾਂ ਘੜ੍ਹਨ ਲੱਗੇ ਕਿ ਇਸਦੀ ਪੰਜੀਰੀ ਇਸ ਵਾਰ ਨਹੀਂ ਛੱਡਣੀ, ਖਾਣੀ ਹੀ ਖਾਣੀ ਹੈ। ਸਕੀਮਾਂ ਘੜਦਿਆਂ ਸਾਨੂੰ ਇਕ ਵਿਉਂਤ ਸੁੱਝ ਗਈ। ਅਸੀਂ ਕਿਤੋਂ ਇਕ ਤੇਜ਼ ਨੋਕ ਵਾਲਾ ਚਾਕੂ ਲੱਭ ਲਿਆ। ਫਿਰ ਇਕ ਦਿਨ ਜਦੋਂ ਭਾਊ ਕਮਰੇ ਵਿਚ ਨਹੀਂ ਸੀ ਅਸੀਂ ਪੀਪੇ ਨੂੰ ਥੱਲਿਓਂ ਤਿਕੋਨੀ ਸ਼ੇਪ ਵਿਚ ਦੋ ਪਾਸੇ ਤੋਂ ਥੋੜ੍ਹਾ ਜਿਹਾ ਕੱਟ ਲਿਆ। ਸਿਆਲਾਂ ਦੇ ਦਿਨ ਸਨ, ਪੰਜੀਰੀ ਪੀਪੇ ਵਿਚ ਮਹਾਂ ਦੇ ਆਟੇ ਵਾਂਗ ਜੰਮੀ ਪਈ ਸੀ। ਅਸੀਂ ਪੀਪੇ ਦੇ ਥੱਲੇ ਕਟਿੰਗ ਕੀਤੀ ਤਿਕੋਣ ਨੂੰ ਬਾਹਰ ਨੂੰ ਮੋੜ ਕੇ ਚਮਚ ਨਾਲ ਪੰਜੀਰੀ ਹੇਠਾਂ ਤੋਂ ਖੁਰਚ ਲਈ। ਪਹਿਲੇ ਦਿਨ ਜੀਅ ਭਰਕੇ ਪੰਜੀਰੀ ਦਾ ਆਨੰਦ ਲਿਆ। ਸਾਡੀ ਆਤਮਾ ਨੂੰ ਜਿਵੇਂ ਰੱਜ ਆ ਗਿਆ ਸੀ। ਸਚਮੁੱਚ ਭਾਊ ਦੀ ਪੰਜੀਰੀ ਬਹੁਤ ਸੁਆਦ ਸੀ। ਉਹਦੀ ਬੀਬੀ `ਤੇ ਪਿਆਰ ਆਇਆ, ਕਿੰਨੀ ਸੁਆਦ ਪੰਜੀਰੀ ਬਣਾਉਂਦੀ ਹੈ। ਖੈਰ ਸਾਡੇ ਮੂੰਹ ਨੂੰ ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਵਾਂਗ ਪੰਜੀਰੀ ਲੱਗ ਚੁੱਕੀ ਸੀ। ਹੁਣ ਇਹ ਸਿਲਸਿਲਾ ਹਰ ਰੋਜ਼ ਚੱਲਣ ਲੱਗਿਆ। ਜਦੋਂ ਵੀ ਭਾਊ ਹੋਸਟਲ ਤੋਂ ਥੋੜ੍ਹਾ ਆਸੇ-ਪਾਸੇ ਹੁੰਦਾ, ਇਕ ਬੰਦਾ ਗੇਟ `ਤੇ ਨਜ਼ਰ ਰਖਦਾ ਤੇ ਦੋ ਜਣੇ ਪੰਜੀਰੀ ਕੱਢਣ ਲਈ ਮਿਹਨਤ ਮੁਸ਼ੱਕਤ ਕਰਦੇ। ਅਸੀਂ ਹਰ ਰੋਜ਼ ਪੀਪਾ ਚਕਦੇ, ਕੱਟੀ ਹੋਈ ਤਿਕੋਣ ਨੂੰ ਬਾਹਰ ਵੱਲ ਮੋੜਦੇ, ਪੰਜੀਰੀ ਦਾ ਲਿਫਾਫ਼ਾ ਭਰਕੇ ਹੋਸਟਲ ਤੋਂ ਬਾਹਰ ਨਿਕਲ ਜਾਂਦੇ ਤੇ ਲੁਕਵੇਂ ਥਾਂ ਬਹਿ ਕੇ ਪੰਜੀਰੀ ਦਾ ਸੁਆਦ ਲੈਂਦੇ। ਪੰਜੀਰੀ ਕੱਢਣ ਉਪਰੰਤ ਅਸੀਂ ਥੱਲਿਓਂ ਇਕ ਪੋਲੀਥੀਨ ਦਾ ਲਿਫਾਫਾ ਉਸ ਵਿਚ ਅੜਾ ਕੇ ਤਿਕੋਣ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੰਦੇ। ਭਾਊ ਉਤੋਂ ਪੰਜੀਰੀ ਖਾਂਦਾ, ਅਸੀਂ ਥੱਲਿਓਂ ਵਾਢ੍ਹਾ ਧਰੀ ਬੈਠੇ ਸਾਂ। ਛੇ-ਸੱਤ ਦਿਨਾਂ ਬਾਅਦ ਜਦੋਂ ਭਾਊ ਇਕ ਦਿਨ ਉਤੋਂ ਪੰਜੀਰੀ ਖਾਣ ਲੱਗਿਆ, ਉਹ ਥੱਲਿਓਂ ਥੋਥੀ ਹੋਣ ਕਰਕੇ ਥੱਲੇ ਨੂੰ ਮੋਰਾ ਨਿਕਲ ਲਿਆ ਤੇ ਸਾਡੇ ਵਾਲਾ ਪੋਲੀਥੀਨ ਭਾਊ ਦੇ ਹੱਥ ਵਿਚ ਆ ਗਿਆ। ਭਾਊ ਥੱਲੇ ਕੀਤੇ ਮੋਰੇ ਕਰਕੇ ਹੈਰਾਨ ਵੀ ਹੋਇਆ ਤੇ ਰੋਇਆ ਵੀ ਬਹੁਤ। ਕਰਦੇ ਕਰਾਉਂਦੇ ਗੱਲ ਵਾਰਡਨ ਕੋਲ ਪਹੁੰਚ ਗਈ। ਵਾਰਡਨ ਨੇ ਸਾਰੇ ਵਿਦਿਆਰਥੀਆਂ ਨੂੰ ਇਕੱਠਾ ਕੀਤਾ ਤੇ ਆਪਣੀ ਤਰਕੀਬ ਨਾਲ ਚੋਰ ਫੜ ਲਏ। ਸਾਡੇ ਤਿੰਨਾਂ ਦੇ ਬੇਹੱਦ ਕੁੱਟ ਪਈ। ਕਈ ਦਿਨ ਸਾਡੇ ਪਾਸੇ ਦੁਖਦੇ ਰਹੇ ਪਰ ਜਦੋਂ ਅਸੀਂ ਪੰਜੀਰੀ ਦਾ ਸੁਆਦ ਯਾਦ ਕਰਦੇ ਸਾਨੂੰ ਕੁੱਟ ਦਾ ਚਿੱਤ-ਚੇਤਾ ਨਾ ਰਹਿੰਦਾ। ਭਾਊ ਦੀ ਖਾਧੀ ਪੰਜੀਰੀ ਨਾਲ ਅਸੀਂ ਕੁਝ ਤਾਕਤਵਰ ਮਹਿਸੂਸ ਕਰ ਰਹੇ ਸਾਂ।
ਪੰਜੀਰੀ ਖਾਣ ਦਾ ਜੁਗਾੜ
Leave a comment