– ਆਗਾਮੀ ‘ਫਰਿਸ਼ਤੇ ਸਕੀਮ’ ਦੇ ਹਿੱਸੇ ਵਜੋਂ, ਸੜਕ ਹਾਦਸਾ ਪੀੜਤ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਦਾ ਸਨਮਾਨ ਪੱਤਰ ਅਤੇ 2000 ਰੁਪਏ ਨਾਲ ਕੀਤਾ ਜਾਵੇਗਾ ਸਨਮਾਨ: ਡਾ ਬਲਬੀਰ ਸਿੰਘ
– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਏਗੀ
– ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਨੂੰ ਐਂਬੂਲੈਂਸ ਲਈ ਰਸਤਾ ਦੇਣ, ਆਪਣੇ ਵਾਹਨਾਂ ਵਿੱਚ ਫਸਟ ਏਡ ਕਿੱਟ ਰੱਖਣ ਦੀ ਕੀਤੀ ਅਪੀਲ
– ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਲੀਡ ਏਜੰਸੀ ਆਨ ਰੋਡ ਸੇਫਟੀ ਵੱਲੋਂ ਸੜਕੀ ਸੁਰੱਖਿਆ ’ਤੇ ਕਰਵਾਏ ਦੋ ਰੋਜ਼ਾ ਵਰਕਸ਼ਾਪ ਅਤੇ ਸਿਖਲਾਈ ਦਾ ਕੀਤਾ ਉਦਘਾਟਨ
ਚੰਡੀਗੜ੍ਹ, 5 ਸਤੰਬਰ:
ਸੜਕ ਹਾਦਸਿਆਂ ਦੇ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਮੱਦੇਨਜ਼ਰ ‘ਗੋਲਡਨ ਆਵਰ’ ਦੀ ਸੁਚੱਜੀ ਵਰਤੋਂ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਫਰਿਸ਼ਤੇ ਸਕੀਮ’ ਦੇ ਹਿੱਸੇ ਵਜੋਂ ਹਾਦਸੇ ਦੇ ਪਹਿਲੇ 48 ਘੰਟਿਆਂ ਦੌਰਾਨ ਸਾਰੇ ਸੜਕ ਹਾਦਸਾ ਪੀੜਤਾਂ ਦਾ ਮੁਫਤ ਇਲਾਜ ਕਰਨ ਦਾ ਫੈਸਲਾ ਕੀਤਾ ਹੈ। ‘ਗੋਲਡਨ ਆਵਰ’ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਮਹੱਤਵਪੂਰਨ ਘੰਟਾ ਹੁੰਦਾ ਹੈ, ਜਿਸ ਦੌਰਾਨ ਜੇਕਰ ਕਿਸੇ ਗੰਭੀਰ ਰੂਪ ਵਿਚ ਜ਼ਖਮੀ ਵਿਅਕਤੀ ਨੂੰ ਲੋੜੀਂਦੀ ਦੇਖਭਾਲ ਦਿੱਤੀ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।
ਇਹ ਜਾਣਾਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਕਿਹਾ, “ ਭਾਵੇਂ ਵਿਅਕਤੀ ਕਿਥੋਂ ਦਾ ਵੀ ਰਹਿਣ ਵਾਲਾ ਹੋਵੇ, ਪੰਜਾਬ ਸਰਕਾਰ ਵਲੋਂ ਸੜਕ ਦੁਰਘਟਨਾ ਦੇ ਸਾਰੇ ਪੀੜਤਾਂ ਨਾਲ ਇੱਕੋ ਸਮਾਨ ਸਲੂਕ ਕੀਤਾ ਜਾਵੇਗਾ ਅਤੇ ਹਾਦਸੇ ਦੇ ਪਹਿਲੇ 48 ਘੰਟਿਆਂ ਦੌਰਾਨ ਨਿੱਜੀ ਹਸਪਤਾਲਾਂ ਸਮੇਤ ਨੇੜਲੇ ਹਸਪਤਾਲਾਂ ਵਿੱਚ ਮੁਫਤ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੇ 48 ਘੰਟਿਆਂ ਵਿੱਚ ਕਰਵਾਏ ਇਲਾਜ ਦਾ ਸਾਰਾ ਖਰਚਾ ਸਰਕਾਰ ਦੁਆਰਾ ਅਦਾ ਕੀਤਾ ਜਾਵੇਗਾ।
ਡਾ: ਬਲਬੀਰ ਸਿੰਘ ਇੱਥੇ ਮਗਸੀਪਾ ਵਿਖੇ ਲੀਡ ਏਜੰਸੀ ਆਨ ਰੋਡ ਸੇਫਟੀ ਵੱਲੋਂ ਕਰਵਾਈ ਸੜਕ ਸੁਰੱਖਿਆ ਬਾਰੇ ਦੋ ਰੋਜ਼ਾ ਵਰਕਸ਼ਾਪ ਅਤੇ ਟਰੇਨਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਲੀਡ ਏਜੰਸੀ ਆਨ ਰੋਡ ਸੇਫਟੀ ਦੇ ਡਾਇਰੈਕਟਰ ਜਨਰਲ ਆਰ. ਵੈਂਕਟ. ਰਤਨਮ, ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਮ”ੌਨੀਸ਼ ਕੁਮਾਰ ਵੀ ਮੌਜੂਦ ਸਨ।
ਅਗਾਮੀ ਪ੍ਰਮੁੱਖ ‘ਫਰਿਸ਼ਤੇ ਸਕੀਮ’, ਜੋ ਕਿ ਅੰਤਿਮ ਪੜਾਅ ’ਤੇ ਹੈ, ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਪੀੜਤ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ ਸਨਮਾਨ ਪੱਤਰ ਅਤੇ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਵਿਅਕਤੀ ਤੋਂ ਹਸਪਤਾਲ ਅਧਿਕਾਰੀ ਜਾਂ ਪੁਲਿਸ ਵੱਲੋਂ, ਉਦੋਂ ਤੱਕ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਹ ਖੁਦ ਆਪਣੀ ਮਰਜ਼ੀ ਨਾਲ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਿਸਟਮ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਸਮੇਤ ਸਾਰੀਆਂ ਐਂਬੂਲੈਂਸਾਂ ਨੂੰ ਓਲਾ/ਊਬਰ ਵਾਂਗ ਆਪਸ ਵਿੱਚ ਜੋੜਿਆ ਜਾਵੇਗਾ ਤਾਂ ਜੋ ਐਮਰਜੈਂਸੀ ਸਮੇਂ ਲੋਕ 15 ਮਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿੱਚ ਐਂਬੂਲੈਂਸ ਦੀਆਂ ਸੇਵਾਵਾਂ ਲੈ ਸਕਣ। ਉਹਨਾਂ ਅੱਗੇ ਕਿਹਾ ਕਿ ਅਸੀਂ ਰਾਜ ਮਾਰਗਾਂ ’ਤੇ ਸਥਿਤ ਸਰਕਾਰੀ ਹਸਪਤਾਲਾਂ ਦੀ ਵੀ ਸ਼ਨਾਖ਼ਤ ਕਰ ਰਹੇ ਹਾਂ ਤਾਂ ਜੋ ਮਜ਼ਬੂਤ ਕ੍ਰਿਟੀਕਲ ਕੇਅਰ ਯੂਨਿਟਾਂ ਦੀ ਸਥਾਪਨਾ ਕਰਕੇ ਲੋਕ ਸਰਕਾਰੀ ਸਿਹਤ ਸਹੂਲਤਾਂ ’ਤੇ ਵਿਸ਼ਵ ਪੱਧਰੀ ਇਲਾਜ ਸਹੂਲਤਾਂ ਦਾ ਲਾਭ ਲੈ ਸਕਣ।
ਸਿਹਤ ਮੰਤਰੀ ਨੇ ਲੋਕਾਂ ਨੂੰ ‘ਐਂਬੂਲੈਂਸ ਨੂੰ ਰਾਹ ਦਿਉ’ ਅਤੇ ਆਪਣੇ ਵਾਹਨਾਂ ਵਿੱਚ ਹਮੇਸ਼ਾ ‘ਫਸਟ ਏਡ ਕਿੱਟ’ ਰੱਖਣ ਦੀ ਵੀ ਅਪੀਲ ਕੀਤੀ ਕਿਉਂਕਿ ਇਹ ਛੋਟੀ ਜਿਹੀ ਪਹਿਲ ਕਿਸੇ ਦੀ ਜਾਨ ਬਚਾ ਸਕਦੀ ਹੈ।
ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਆਰ. ਵੈਂਕਟ. ਰਤਨਮ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਰਾਜ ਵਿੱਚ ਸੜਕਾਂ ’ਤੇ ਸੁਰੱਖਿਅਤ ਸੜਕਾਂ, ਸੜਕ ਤੇ ਚਲਾਉਣ ਯੋਗ ਵਾਹਨਾਂ ਅਤੇ ਸਹੀ ਢੰਗ ਨਾਲ ਸਿਖਲਾਈ ਪ੍ਰਾਪਤ ਡਰਾਈਵਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਇਹ ਕਿਸੇ ਵੀ ਸੜਕ ਸੁਰੱਖਿਆ ਲਈ ਜ਼ਰੂਰੀ ਸ਼ਰਤਾਂ ਹਨ। ਉਨ੍ਹਾਂ ਨੇ ਇੱਕ ਅਜਿਹਾ ਤੰਤਰ ਵਿਕਸਤ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਜੋ ਸਾਰੇ ਦੁਰਘਟਨਾ ਪੀੜਤਾਂ ਨੂੰ ਤੁਰੰਤ ਐਮਰਜੈਂਸੀ ਦੇਖਭਾਲ ਪ੍ਰਦਾਨ ਕਰ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਟਰੌਮਾ ਕੇਅਰ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਸਿਖਲਾਈ ਦੇਣ ਲਈ ਪੀਜੀਆਈ ਨਾਲ ਸਮਝੌਤਾ ਕਰੇਗੀ।
ਏ.ਡੀ.ਜੀ.ਪੀ ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਪੰਜਾਬ ’ਸੜਕ ਸੁਰੱਖਿਆ ਬਲ-ਸੜਕ ਸੁਰੱਖਿਆ ਨੂੰ ਸਮਰਪਿਤ ਵਿਸ਼ੇਸ਼ ਟੀਮ’ ਦੀ ਸ਼ੁਰੂਆਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਤਹਿਤ ਨਵੇਂ ਹਾਈ-ਟੈਕ ਵਾਹਨ ਮੁਹੱਈਆ ਕਰਵਾਏ ਜਾਣਗੇ ਅਤੇ ਪੁਲਿਸ ਕਰਮਚਾਰੀਆਂ ਲਈ ਵੱਖਰੀ ਵਰਦੀ ਤਿਆਰ ਕੀਤੀ ਗਈ ਹੈ । ਉਹਨਾਂ ਕਿਹਾ , “ਸਾਨੂੰ ਪੂਰੀ ਆਸ ਹੈ ਕਿ ਰਾਜ ਸਰਕਾਰ ਦੀ ਇਹ ਵੱਡੀ ਪਹਿਲਕਦਮੀ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋਵੇਗੀ”।
ਇਸ ਦੌਰਾਨ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਮੌਨੀਸ਼ ਕੁਮਾਰ ਨੇ ਵਰਕਸ਼ਾਪ ਵਿੱਚ ਹਾਜ਼ਰ ਲੋਕਾਂ ਨੂੰ ਮਾਸਟਰ ਟਰੇਨਰ ਬਣਨ ਅਤੇ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਸਿੱਖੀਆਂ ਗੱਲਾਂ ਨੂੰ ਆਮ ਲੋਕਾਂ ਵਿੱਚ ਫੈਲਾਉਣ ਲਈ ਪ੍ਰੇਰਿਤ ਕੀਤਾ।