ਪੰਜਾਬ ਸਰਕਾਰ ਵੱਲੋਂ ਗੱਲ ਨਾ ਸੁਣੇ ਜਾਣ ਤੇ ਮਜਬੂਰ ਹੋ ਕੇ ਜੱਥੇਬੰਦੀ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ
14 ਸਤੰਬਰ (ਗਗਨਦੀਪ ਸਿੰਘ) ਬਠਿੰਡਾ: ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਮਿਤੀ 04/09/23 ਨੂੰ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਪੂਰੇ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਗੇਟ ਰੈਲੀਆਂ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਧਰਨੇ ਦਿੱਤੇ ਜਾਣਗੇ। ਜੱਥੇਬੰਦੀ ਦੇ ਆਗੂ ਸ੍ਰੀ ਸੇਵਾ ਸਿੰਘ ਨੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਅਸੀਂ ਤਕਨੀਕੀ ਸਿੱਖਿਆ ਵਿਭਾਗ ਅਧੀਨ ਚੱਲ ਰਹੀਆਂ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ 13-14 ਸਾਲਾਂ ਤੋਂ ਠੇਕੇ ਉੱਪਰ 15000 ਰੂਪੈ ਉੱਪਰ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੇ ਧੱਕੇ ਖਾ ਰਹੇ ਹਾਂ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਵੋਟਾਂ ਪਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਸੀ ਕਿ ਸਰਕਾਰ ਸਾਨੂੰ ਵੀ ਪੱਕਾ ਕਰੇਗੀ। ਪਿਛਲੇ 1.5 ਸਾਲ ਵਿੱਚ ਅਸੀਂ ਮੁੱਖ ਮੰਤਰੀ ਦਫਤਰ ਦੇ ਲੱਗਭੱਗ 60-70 ਚੱਕਰ ਮਾਰ ਚੁੱਕੇ ਹਾਂ ਸਾਡੀ ਕਿਸੇ ਨੇ ਵੀ ਗੱਲ ਨਹੀਂ ਸੁਣੀ। ਸਾਡੇ ਨਾਲ ਸਮੇਂ ਸਮੇਂ ਤੇ ਵਿਭਾਗ ਵੱਲੋਂ ਸਿੱਧਾ ਧੱਕਾ ਕੀਤਾ ਜਾਂਦਾ ਹੈ ਜਿਵੇਂ ਕਿ ਚਲਦੇ ਸੈਸ਼ਨ ਵਿੱਚ 2 ਮਹੀਨੇ ਦੀ ਬ੍ਰੇਕ ਪਾਉਣੀ ਜਾਂ ਰੈਗੂਲਰ ਕਰਮਚਾਰੀ ਆਉਣ ਤੇ ਨੌਕਰੀ ਤੋਂ ਕੱਢ ਦੇਣਾ ਆਦਿ। ਇਸ ਸਬੰਧੀ ਅਸੀਂ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਨੂੰ ਵੀ ਕਈ ਵਾਰ ਮਿਲਕੇ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਹੈ ਪਰੰਤੂ ਉਹਨਾਂ ਵੱਲੋਂ ਵੀ ਟਾਲਮਟੋਲ ਦੀ ਨੀਤੀ ਨਾਲ ਗੱਲ ਨਹੀਂ ਸੁਣੀ ਜਾ ਰਹੀਂ। ਹੁਣ ਜੱਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਪੰਜਾਬ ਸਰਕਾਰ ਉਹਨਾਂ ਦੀਆਂ ਜਾਇਜ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ 29 ਸਤੰਬਰ ਤੋਂ ਸੰਸਥਾਵਾਂ ਵਿੱਚ ਗੇਟ ਰੈਲੀਆਂ ਤੋਂ ਸ਼ੁਰੂ ਕਰਕੇ ਇਹ ਸੰਘਰਸ਼ ਨੂੰ ਦਿੱਨੋਂ ਦਿਨ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਤਹਿਤ ਜਿਲਾ ਪੱਧਰ ਉੱਪਰ ਡੀ ਸੀ ਸਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ, ਮੰਤਰੀ ਤਕਨੀਕੀ ਸਿੱਖਿਆ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਧਰਨਾਂ ਵੀ ਦਿੱਤਾ ਜਾਵੇਗਾ ਅਤੇ ਲੋੜ ਪੈਣ ਤੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿੱਚ ਪੱਕਾ ਧਰਨਾ ਵੀ ਜਲਦੀ ਸੂਰੂ ਕੀਤਾ ਜਾਵੇਗਾ। ਅੰਤ ਵਿੱਚ ਉਹਨਾਂ ਆਪਣੇ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਵੀ ਸਿਖਿਆ ਵਿਭਾਗ ਦੀ ਤਰਜ ਉੱਪਰ 58 ਸਾਲ ਦੀ ਉਮਰ ਤੱਕ ਨੋਕਰੀ ਸੁਰੱਖਿਅਤ ਕੀਤੀ ਜਾਵੇ ਅਤੇ ਛੁੱਟੀਆਂ ਅਤੇ ਘੱਟੋ ਘੱਟ ਮੁਢਲੀ ਤਨਖਾਹ ਜਾਰੀ ਕੀਤੀ ਜਾਵੇ।