ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ 1 ਤੋਂ ਮੁੱਖ ਮੰਤਰੀ ਦੇ ਹਲਕੇ ਵਿਚ ‘ਭੁੱਖ ਹੜਤਾਲ਼ ਅਤੇ ਮਰਨ ਵਰਤ’ ਦਾ ਐਲਾਨ
30 ਅਗਸਤ, ਸੰਗਰੂਰ-ਕਰਨ ਭੀਖੀ
ਸੂਬਾ ਸਰਕਾਰ ਦੀ ਪਿਛਲੇ ਢਾਈ ਸਾਲਾਂ ਤੋਂ ਚੱਲ ਰਹੀ ਲਾਰੇ ਲੱਪੇ ਵੀ ਡੰਗ ਟਪਾਊ ਨੀਤੀ ਤੋਂ ਅੱਕੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਨੇ ਹੁਣ ਸਿਖਰਲੇ ਸੰਘਰਸ਼ ਦਾ ਰਾਹ ਫੜ ਲਿਆ ਹੈ, ਜਿਸਦੇ ਤਹਿਤ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਚੋਣ ਹਲਕੇ ਧੂਰੀ ਵਿਖੇ ਭੁੱਖ ਹੜਤਾਲ ਅਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਵੱਖ ਵੱਖ ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਵਿਚ ਕੰਪਿਊਟਰ ਅਧਿਆਪਕਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਮਗਰੋਂ ਆਉਣ ਵਾਲੇ ਦਿਨਾਂ ਵਿਚ ਸੂਬਾ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਮੈਂਬਰ ਪਰਮਵੀਰ ਸਿੰਘ ਪਟਿਆਲਾ, ਪਰਦੀਪ ਕੁਮਾਰ ਮਲੂਕਾ ਬਠਿੰਡਾ, ਰਜਵੰਤ ਕੌਰ ਅੰਮ੍ਰਿਤਸਰ, ਗੁਰਬਖਸ਼ ਲਾਲ ਬਠਿੰਡਾ, ਜਸਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਜੋਨੀ ਸਿੰਗਲਾ ਬਠਿੰਡਾ, ਰਣਜੀਤ ਸਿੰਘ ਪਟਿਆਲਾ ਅਤੇ ਲਖਵਿੰਦਰ ਸਿੰਘ ਫਿਰੋਜ਼ਪੁਰ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਭਾਵੇਂ ਢਾਈ ਸਾਲ ਪਹਿਲਾਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਸਿਰਫ ਚੋਣ ਨਿਸ਼ਾਨ ਤੇ ਚਹਿਰੇ ਹੀ ਬਦਲੇ ਹਨ, ਦਮਨਕਾਰੀ ਨੀਤੀਆਂ ਪਹਿਲਾਂ ਵਾਲੀਆਂ ਹੀ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 19 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਅਧਿਆਪਕ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਸਾਲ 2011 ਵਿਚ ਤਤਕਾਲੀਨ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਸੀ ਪਰ ਬਾਅਦ ਵਿਚ ਸਮੇਂ ਸਮੇਂ ਦੀਆਂ ਸਰਕਾਰ ਨੇ ਉਨ੍ਹਾਂ ਦੇ ਸਾਰੇ ਬਣਦੇ ਲਾਭ ਜਿੱਥੇ ਬਹਾਲ ਨਹੀਂ ਕੀਤੇ ਉਥੇ ਉਨ੍ਹਾਂ ਨੂੰ ਮਿਲਦੇ ਲਾਭ ਵੀ ਉਨ੍ਹਾਂ ਤੋਂ ਖੋਹ ਲਏ। ੳਨ੍ਹਾਂ ਦੱਸਿਆ ਕਿ ‘ਆਪ’ ਆਗੂਆਂ ਵੱਲੋਂ ਚੋਣਾਂ ਮੌਕੇ ਸਰਕਾਰ ਬਣਨ ਤੇ ਫੌਰੇ ਤੌਰ ਤੇ ਉਨ੍ਹਾਂ ਦੇ ਸਾਰੇ ਹੱਕ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਜਿੱਥੇ 30 ਤੋਂ ਵੱਧ ਮੀਟਿੰਗਾਂ ਦਾ ਸਮਾਂ ਦੇ ਕੇ ਅੱਜ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਉਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਨਤਕ ਤੌਰ ਤੇ ਉਨ੍ਹਾਂ ਦੇ ਹੱਕ ਬਹਾਲੀ ਦਾ ਬਿਆਨ ਦੇ ਕੇ ਮੁਕਰ ਗਏ।
ਲਗਾਤਾਰ ਚੱਲਗਾ ਸੰਘਰਸ਼ ਦਾ ਦੌਰ
ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵਿਰੁੱਧ ਰੋਸ਼ ਵੱਜੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਹੁਣ 1 ਸਤੰਬਰ ਤੋਂ ਭੁੱਖ ਹੜਤਾਲ/ਮਰਨ ਵਰਤ ਦੀ ਸ਼ੁਰੂਆਤ ਧੂਰੀ (ਸੰਗਰੂਰ), ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੋਸ਼ ਰੈਲੀ ਕਰਕੇ ਕੀਤੀ ਜਾਵੇਗੀ। 2 ਤੋਂ 4 ਸਤੰਬਰ ਤੱਕ ਵੱਖ ਵੱਖ ਵਿਧਾਇਕਾਂ ਰਾਹੀਂ ਚਲਦੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਕੰਪਿਊਟਰ ਅਧਿਆਪਕਾ ਦਾ ਮੁੱਦਾ ਚੁੱਕਣ ਦੇ ਲਈ ਮੰਗ ਪੱਤਰ ਦਿੱਤੇ ਜਾਣਗੇ, 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭੁੱਖ ਹੜਤਾਲ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬਾ ਪੱਧਰੀ ਸਮਾਗਮ ਵਿਖੇ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 11 ਸਤੰਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਤੋਂ ਮਗਰੋਂ ਜੇਕਰ ਮੀਟਿੰਗ ਬੇਸਿੱਟਾ ਰਹਿੰਦ ਹੈ ਤਾਂ ਪੰਜਾਬ ਸਿਵਿਲ ਸਕੱਤਰੇਤ, ਚੰਡੀਗੜ੍ਹ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਇਨ੍ਹਾਂ ਸਾਰੇ ਐਕਸ਼ਨਾਂ ਦੇ ਦੌਰਾਨ ਭੁੱਖ ਹੜਤਾਲ ਅਤੇ ਮਰਨ ਵਰਤ ਲਗਾਤਾਰ ਜਾਰੀ ਰਹੇਗਾ, ਜਦੋਂ ਤੱਕ ਪੰਜਾਬ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ, ਦੇ ਨਾਲ਼ ਨਾਲ਼ ਜਦੋਂ ਤੱਕ ਮਸਲਿਆਂ ਦੇ ਹੱਲ ਤੇ ਸਹਿਮਤੀ ਬਣਦੇ ਹੋਏ ਕੋਈ ਲਿਖਤੀ ਸਹਿਮਤੀ ਪੱਤਰ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ। ਕੰਪਿਊਟਰ ਅਧਿਆਪਕਾਂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ 1 ਸਤੰਬਰ ਦੀ ਭੁੱਖ ਹੜਤਾਲ ਮਰਨ ਵਰਤ ਕਿਸੇ ਵੀ ਹਾਲਾਤ ਵਿੱਚ ਸਿਰਫ ਮੀਟਿੰਗ ਦੇ ਭਰੋਸੇ ਮੁਲਤਵੀ ਜਾਂ ਰੱਦ ਨਹੀਂ ਕੀਤਾ ਜਾਵੇਗੀ।
ਕੀ ਹਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ
ਇਸ ਮੌਕੇ ਕੰਪਿਊਟਰ ਅਧਿਆਪਕ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ 2011 ਤੋਂ ਰੈਗੂਲਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਇੱਕ ਹੀ ਮੰਗ ਹੈ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਿਫਟ ਕਰਦੇ ਹੋਏ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭ ਉਨ੍ਹਾਂ ਨੂੰ ਦਿੱਤੇ ਜਾਣ ਜਿਸ ਅਧੀਨ 6ਵੇਂ ਪੇ ਕਮਿਸ਼ਨ ਦਾ ਲਾਭ ਉਨ੍ਹਾਂ ਨੂੰ ਦਿੱਤਾ ਜਾਵੇ, ਸੀ ਐੱਸ ਆਰ ਅਧੀਨ ਉਨ੍ਹਾਂ ਦੇ ਬਣਦੇ ਲਾਭ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਵੀ ਪੁਰਾਣੀ ਪੈਨਸ਼ਨ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੰਪਿਊਟਰ ਅਧਿਆਪਕਾਂ ਦਾ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਨਾਲ ਨਾਲ ਜ਼ਮੀਨੀ ਪੱਧਰ ਤੇ ਉਦੋਂ ਤਕ ਸਰਕਾਰ ਦੇ ਖਿਆਫ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੇ ਸਾਰੇ ਹੱਕ ਬਹਾਲ ਨਹੀਂ ਕਰ ਦਿੱਤੇ ਜਾਂਦੇ।
ਫੋਟੋ – ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਆਗੂ।