ਚਾਰਜਸ਼ੀਟ ਕਰਨ ਦਾ ਦੌਰ ਨਿਰੰਤਰ ਜਾਰੀ……
24 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ, 50 ਦੇ ਕਰੀਬ ਹੋਰ ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਉਹ ਹੁਣ ਤੱਕ ਸਰਕਾਰ ਅਤੇ ਵੱਖ ਵੱਖ ਅਧਿਕਾਰੀਆਂ ਨੂੰ ਡੇਢ ਸੌ ਦੇ ਕਰੀਬ ਮੰਗ ਪੱਤਰ ਦੇ ਚੁੱਕੇ ਹਨ, ਨਹਿਰੀ ਪਟਵਾਰ ਯੂਨੀਅਨ ਦੀ ਧੂਰੀ ਰੈਲੀ ਵਿੱਚ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੰਗ ਪੱਤਰ ਤੇ ਕਾਰਵਾਈ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਕਿਸੇ ਵੀ ਗੱਲ ਨੂੰ ਸੁਣਨ ਦੇ ਮੂਡ ਵਿੱਚ ਨਹੀਂ ਹੈ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਸਰਕਾਰ ਦੀ ਸ਼ਹਿ ਤੇ ਲਗਾਤਾਰ ਸਾਡੇ ਸਾਥੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਲੋਕਤੰਤਰ ਦਾ ਥੰਮ ਹੈ ਅਤੇ ਇੱਕ ਲੋਕਤੰਤਰਿਕ ਦੇਸ਼ ਦੇ ਨਾਗਰਿਕਾਂ ਦਾ ਬੁਨਿਆਦੀ ਹੱਕ ਹੈ, ਪਰੰਤੂ ਸਰਕਾਰ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਿਰ ਤੇ ਤਾਨਾਸ਼ਾਹੀ ਇਸ ਕਦਰ ਭਾਰੂ ਹੈ ਕਿ ਉਹਨਾ ਵੱਲੋਂ ਆਪਣੇ ਹੱਕਾਂ ਲਈ ਮਿਤੀ 06 ਜੁਲਾਈ ਨੂੰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰਨ ਗਏ ਲਗਪਗ 50 ਦੇ ਕਰੀਬ ਪਟਵਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ, ਅਸਲ ਅੰਕੜੇ ਆਉਣੇ ਫਿਲਹਾਲ ਬਾਕੀ ਹਨ। ਸੂਬਾ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਅਗਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ 01 ਅਗਸਤ 2024 ਨੂੰ ਬਿਨਾਂ ਕਿਸੇ ਹੋਰ ਭੱਤੇ ਦਿੱਤੇ ਵਾਧੂ ਚਾਰਜ਼ ਛੱਡ ਦਿੱਤੇ ਜਾਣਗੇ ਅਤੇ ਫਿਰ ਵੀ ਸਰਕਾਰ ਨਹੀਂ ਮੰਨੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 01 ਸਤੰਬਰ 2024 ਨੂੰ ਪੰਜਾਬ ਦੇ ਗਿੱਦੜਬਾਹਾ , ਬਰਨਾਲਾ , ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਖੇ ਪੱਕੇ ਧਰਨੇ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਏ ਜਾਣਗੇ ।