ਪੰਜਾਬ ਧਰਤੀ ਦਾ ਅਨਮੋਲ ਤੋਹਫ਼ਾ ਹੈ। ਦੁਨੀਆ ਭਰ ਦੀਆਂ ਬਹੁਤ ਸਾਰੀਆਂ ਨਿਆਮਤਾਂ ਇੱਥੇ ਮਿਲਦੀਆਂ ਹਨ। ਸਾਂਝੀਵਾਲਤਾ ਦਾ ਪ੍ਰਤੀਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੀ ਧਰਤੀ ਨੂੰ ਭਾਗਾਂ ਭਰੀ ਬਣਾ ਰਿਹਾ ਹੈ ਜਿੱਥੇ ਸ਼ਬਦ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ । ਪੰਜਾਬੀ ਮਾਂ-ਬੋਲੀ ਨੂੰ ਗੁਰੂਆਂ, ਪੀਰਾਂ, ਫ਼ਕੀਰਾਂ, ਭਗਤਾਂ ਦਾ ਆਸ਼ੀਰਵਾਦ ਹਾਸਿਲ ਹੈ। ਜਿੰਨਾ ਚਿਰ ਇਹ ਦੁਨੀਆ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਪੰਜਾਬੀ ਮਾਂ-ਬੋਲੀ ਸਦਾ ਵੱਧਦੀ ਫੁੱਲਦੀ ਰਹੇਗੀ। ਆਓ ਇਸ ਬੋਲੀ ਦੀ ਵਿਲੱਖਣਤਾ ਬਾਰੇ ਹੋਰ ਵੀ ਜਾਣੀਏਂ।
— ਜਗਤਾਰ ਸਿੰਘ ਸੋਖੀ
ਕੁਝ ਕੁ ਸੰਗ੍ਰਹਿਆਂ ਸ਼ਬਦਾਂ ਦੀ ਸੂਚੀ :
ਪੰਜਾਬੀ ਭਾਸ਼ਾ ਦੀ ਇਹ ਖ਼ੂਬਸੂਰਤੀ ਹੈ ਕਿ ਇਸ ਦੇ ਬੋਲਣ ਵਾਲ਼ੇ ਕਈ ਵਾਰ ਕਿਸੇ ਵਿਸਥਾਰ ਨੂੰ ਬਹੁਤ ਸੰਖੇਪ ਵਿੱਚ ਸਮਝਾ ਦਿੰਦੇ ਹਨ। ਬਹੁਤ ਸਾਰੀਆਂ ਚੀਜ਼ਾਂ, ਥਾਵਾਂ ਸਥਾਨਾਂ ਦੇ ਇਕੱਠ ਵਾਚਕ ਨਾਂਵਾਂ ਨੂੰ ਉਹ ਇੱਕ ਜਾਂ ਦੋ ਸ਼ਬਦਾਂ ਵਿੱਚ ਦੱਸ ਕੇ ਅਗਲੇ ਨੂੰ ਗੱਲ ਸਮਝਾ ਦਿੰਦੇ ਹਨ। ਅਜਿਹੇ ਸ਼ਬਦਾਂ ਨੂੰ ਸੰਗ੍ਰਹਿ ਸ਼ਬਦ ਕਿਹਾ ਜਾਂਦਾ ਹੈ
ਅੱਡਾ – ਜਹਾਜ਼ਾਂ ਦਾ, ਬੇੜੀਆਂ ਦਾ।
ਅੱਡਾ – ਮੋਟਰਾਂ ਟਾਂਗਿਆਂ ਦਾ।
ਆਵਾ – ਇੱਟਾਂ ਦਾ, ਭਾਂਡਿਆਂ ਦਾ।
ਇੱਜੜ – ਭੇਡਾਂ, ਬੱਕਰੀਆਂ ਦਾ।
ਸੰਗ – ਯਾਤਰੂਆਂ ਦਾ।
ਹੇੜ – ਮੱਝਾਂ, ਗਾਈਆਂ ਦੀ।
ਕਤੀੜ – ਕੁਤਿਆਂ ਦੀ।
ਕੁੱਪ – ਤੂੜੀ ਦਾ।
ਖਲਵਾੜਾ – ਕਣਕ ਦਾ।
ਗਹੀਰਾ – ਪਾਥੀਆਂ ਦਾ।
ਗੁੱਛਾ – ਚਾਬੀਆਂ, ਫਲਾਂ, ਅੰਗੂਰਾਂ ਆਦਿ ਦਾ।
ਜੋਗ – ਬਲਦਾਂ ਦੀ।
ਝੁੰਡ – ਹਾਥੀਆਂ ਦਾ, ਰੁੱਖਾਂ, ਕਬੂਤਰਾਂ ਦਾ।
ਟਾਲ – ਲਕੜੀਆਂ ਦਾ।
ਟੋਲਾ – ਡਾਕੂਆਂ ਦਾ।
ਟੋਲੀ – ਖਿਡਾਰੀਆਂ ਦੀ, ਚੋਰਾਂ ਦੀ।
ਡਾਰ – ਪੰਛੀਆਂ, ਹਰਨਾਂ ਦੀ।
ਢਾਣੀ – ਬੰਦਿਆਂ ਦੀ।
ਢੇਰ – ਰੂੜੀ ਜਾਂ ਚੀਜ਼ਾਂ ਦਾ।
ਤ੍ਰਿੰਵਣ – ਕੱਤਣ ਵਾਲ਼ੀਆਂ ਕੁੜੀਆਂ ਦਾ।
ਦਲ – ਟਿੱਡੀਆਂ, ਫ਼ੌਜਾਂ, ਕੀੜੀਆਂ ਦਾ, ਕਾਢਿਆਂ ਦਾ।
ਪਲਟਣ – ਫ਼ੌਜੀਆਂ ਦੀ।
ਪੁਰਬ – ਗੁਰੂਆਂ ਦਾ, ਦੇਵਤਿਆਂ ਦਾ।
ਭੱਥਾ – ਤੀਰਾਂ ਦਾ।
ਮੂਸਲ – ਕਾਨਿਆਂ ਦਾ, ਤੂੜੀ ਦਾ।
ਮੰਡਲੀ – ਸਾਧੂਆਂ, ਮੰਗਤਿਆਂ ਦੀ।
ਮੰਡੀ – ਪਸ਼ੂਆ, ਅਨਾਜ, ਸਬਜ਼ੀਆਂ ਦੀ।
ਲੜੀ – ਮੋਤੀਆਂ ਦੀ।