24 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰੇ ਪੰਜਾਬ ਵਿੱਚ ਨਵੇਂ ਸੈਸ਼ਨ ਦੋਰਾਨ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਾ ਅਗਾਜ ਕੀਤਾ ਜਾ ਰਿਹਾ ਹੈ।ਇਸ ਲੜੀ ਤਹਿਤ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਦਮਨੀ ਦੀ ਅਗਵਾਈ ਵਿੱਚ ਦਾਖ਼ਲਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਮੁਹਿੰਮ ਤਹਿਤ ਸਰਕਾਰੀ ਹਾਈ ਸਮਾਰਟ ਸਕੂਲ ਸਰਦਾਰਗੜ੍ਹ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ, ਐਲਈਡੀ ਪ੍ਰੋਜੈਕਟ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਖੇਡ ਵਿਧੀ ਅਤੇ ਤਕਨੀਕੀ ਸਾਧਨਾਂ ਰਾਹੀਂ ਉੱਤਮ ਸਿੱਖਿਆ ਦਾ ਪ੍ਰਬੰਧ ਹੈ। ਦਾਖਲੇ ਲਈ ਕੋਈ ਫੀਸ ਨਹੀਂ ਹੈ ਬਲਕਿ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਂਦੇ ਹਨ।ਇਸ ਦਾਖਲਾ ਮੁਹਿੰਮ ਦੌਰਾਨ ਵੱਖ-ਵੱਖ ਗਤੀਵਿਧੀਆਂ ਡੋਰ ਟੂ ਡੋਰ ਜਾ ਕੇ, ਬੂਥ ਲਾ ਕੇ ਤੇ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਬਾਰੇ ਤੇ ਸਿੱਖਿਆ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੋਕ ਜਾਗਰੂਕ ਹੋ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵਧੀਆ ਪੜਾਈ ਲਈ ਦਾਖਲਾ ਕਰਵਾਉਣ।
ਪੰਜਾਬ ਸਰਕਾਰ ਵੱਲੋਂ ਸਿੱਖਿਆ ਢਾਂਚੇ ਵਿੱਚ ਚੌਖੇ ਸੁਧਾਰ ਹੋਏ ਹਨ। ਜਿਸ ਨਾਲ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇ ਬਾਜੀ ਦੇ ਦੌਰ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਾਏ ਜਾ ਰਹੇ ਹਨ। ਜਿਸ ਸਦਕਾ ਹੁਣ ਕਾਨਵੈਂਟ ਅਤੇ ਮਾਡਲ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ ਪ੍ਰਮੁੱਖਤਾ ਦੇ ਰਹੇ ਹਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਸਪਾਲ ਸਿੰਘ ਰੋਮਾਣਾ ਇੰਚਾਰਜ ਸਿੱਖਿਆ ਸੁਧਾਰ ਟੀਮ, ਪ੍ਰਿੰਸੀਪਲ ਮੰਜੂ ਬਾਲਾ, ਰਜਿੰਦਰ ਕੁਮਾਰ ਮੁੱਖ ਅਧਿਆਪਕ, ਮੁੱਖ ਅਧਿਆਪਕ ਹਰਮੀਤ ਕੌਰ ਅਤੇ ਪਤਵੰਤੇ ਹਾਜਰ ਸਨ।