–ਜ਼ਿਲ੍ਹਾ ਪ੍ਰਸ਼ਾਸਨ, ਸਕੂਲੀ ਬੱਚਿਆਂ, ਨੌਜਵਾਨਾਂ ਨੇ ਕੀਤਾ ਸਵਾਗਤ
–4 ਫਰਵਰੀ ਨੂੰ ਪੰਜਾਬ ਸਰਕਾਰ ਦੀਆਂ ਝਾਕੀਆਂ ਦਾਣਾ ਮੰਡੀ ਬਰਨਾਲਾ ਵਿਖੇ ਪੁੱਜਣਗੀਆਂ
3 ਫਰਵਰੀ (ਗਗਨਦੀਪ ਸਿੰਘ) ਮਹਿਲ ਕਲਾਂ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ ਦਾ ਮਹਿਲ ਕਲਾਂ ਤੋਂ ਜ਼ਿਲ੍ਹਾ ਬਰਨਾਲਾ ‘ਚ ਦਾਖਲ ਹੋਣ ਮੌਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਅਤੇ ਮਹਿਲ ਕਲਾਂ ਦੇ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਅਤੇ ਵਰਕਰਾਂ ਨੇ ਇਨ੍ਹਾਂ ਵਡ ਅਕਾਰੀ ਝਾਕੀਆਂ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਉਦਮ ਲਈ ਧੰਨਵਾਦ ਕੀਤਾ।
ਸ.ਪੰਡੋਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਝਾਕੀਆਂ ਗਣਤੰਤਰ ਦਿਵਸ ਦੀ ਪਰੇਡ ਵਿੱਚ ਨਾ ਸ਼ਾਮਿਲ ਕੀਤੇ ਜਾਣ ਤੋਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਨਾਲ ਇਹ ਝਾਕੀਆਂ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਝਾਕੀਆਂ ਨੂੰ ਦੇਖਣ ਲਈ ਸਥਾਨਕ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਖਰਾਬ ਮੌਸਮ ਦੇ ਬਾਵਜੂਦ ਵੀ ਪਹੁੰਚੇ । ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਇਹ ਝਾਕੀਆਂ ਜ਼ਿਲ੍ਹਾ ਬਰਨਾਲਾ ‘ਚ ਮਹਿਲ ਕਲਾਂ ਤੋਂ ਦਾਖਲ ਹੋਈਆਂ ਹਨ। ਇੱਥੇ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਕਾਫਲੇ ਦਾ ਸਵਾਗਤ ਕੀਤਾ ਗਿਆ।
ਵਿਦਿਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਲਈ ਪੰਜਾਬ ਦੇ ਆਜ਼ਾਦੀ ਨਾਲ ਜੁੜੇ ਇਤਿਹਾਸ, ਮਹਿਲਾ ਸ਼ਕਤੀ ਅਤੇ ਪੰਜਾਬੀ ਸਭਿੱਆਚਾਰ ਬਾਰੇ ਵਡਮੁੱਲੀ ਜਾਣਕਾਰੀ ਭਰਪੂਰ ਇਹ ਵੱਡ ਅਕਾਰ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ। ਵਿਦਿਆਰਥੀ ਅਤੇ ਆਮ ਲੋਕ ਇਨ੍ਹਾਂ ਝਾਕੀਆਂ ਨਾਲ ਸੈਲਫੀ ਕਰਵਾਉਂਦੇ ਵੀ ਵਿਖਾਈ ਦਿੱਤੇ ।
ਲੋਕਾਂ ਵੱਲੋਂ ਮੁੱਖ ਝਾਕੀ ਵਿੱਚ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀ ਕੁਰਬਾਨੀ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ, ਸ਼ਹੀਦ- ਏ- ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ ਸਿੰਘ, ਲਾਲਾ ਹਰਦਿਆਲ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਬਹੁਤ ਪਸੰਦ ਕੀਤਾ ਗਿਆ। ਦੂਸਰੀ ਝਾਕੀ ਰਾਹੀਂ ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ ਅਤੇ ਤੀਸਰੀ ਝਾਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਗਈ ਹੈ।
4 ਫਰਵਰੀ ਨੂੰ ਇਹ ਝਾਕੀ ਬਰਨਾਲਾ ਵਿਧਾਨ ਸਭਾ ਹਲਕੇ ‘ਚ ਲੋਕਾਂ ਨੂੰ ਵਖਾਈ ਜਾਵੇਗੀ ।