ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ! ਹੁਣ ਨਾ ਤਾਂ ਰਾਹ ਬਚਿਆ ਹੈ ਤੇ ਵਾਹ ਪੈ ਗਿਆ ਉਹਨਾਂ ਦੇ ਨਾਲ ਜਿਹਨਾਂ ਦੇ ਪੰਜਾਬ ੧੯੨੮ ਤੋਂ ਅੱਖਾਂ ਦੇ ਰੜਕਦਾ ਹੈ। ਪਹਿਲਾਂ ਬਾਦਲਕਿਆਂ ਤੇ ਕੈਪਟਨ ਨੇ ਬਾਬਰਕਿਆਂ ਵਰਗਾ ਪੰਜਾਬ ਦੇ ਨਾਲ ਸਲੂਕ ਕੀਤਾ। ਲੋਕਾਂ ਦੁੱਖੀ ਹੋਇਆ ਦੋਹਾਂ ਨੂੰ ਵਗਾਹ ਕੇ ਢੂਈ ਭਰਨੇ ਮਾਰਿਆ ਹੈ । ਹੁਣ ਨਵੀਂਆਂ ਗੁੱਡੀਆਂ ਤੇ ਨਵੇਂ ਪਟੋਲੇ ਆ ਗਏ ਹਨ । ਮੁਫਤ ਦੀਆਂ ਬਹੁਤ ਸਕੀਮਾਂ ਹਨ ਪਰ ਕੰਮ ਦੀ ਕੋਈ ਹੈ ਨਹੀਂ । ਜਿਹੜੀਆਂ ਪੈਤੀ ਹਜ਼ਾਰ ਨੌਕਰੀਆਂ ਦੀ ਗੱਲ ਹੈ ਇਹ ਵੀ ਹਵਾ ਵਿੱਚ ਤਲਵਾਰਾਂ ਮਾਰਨ ਤੋਂ ਵੱਧ ਕੁੱਝ ਨਹੀਂ । ਕੀ ਪੰਜਾਬੀਆਂ ਦੇ ਲਈ ਹੋਣਗੀਆਂ ਜਾਂ ਗੈਰ ਰਾਜਾਂ ਦੇ ਨੌਜਵਾਨਾਂ ਦੇ ਲਈ । ਬਾਦਲਕਿਆਂ ਨੇ ਪਹਿਲਾਂ ਸਾਢੇ ਸੱਤ ਬਾਹਰਲੇ ਸੂਬਿਆਂ ਦੇ ਭਰਤੀ ਕਰਕੇ ਪੰਜਾਬ ਦੇ ਸਿਰ ਬੈਠਾਏ ਹੋਏ ਹਨ । ਹੁਣ ਤੇ ਪੈੰਤੀ ਹਜ਼ਾਰ ਦਾ ਅੈਲਾਨ ਕਰ ਦਿੱਤਾ । ਸਰਕਾਰੀ ਦਫਤਰ ਤਾਂ ਚੱਲਦੇ ਹੀ ਕੱਚੇ ਤੇ ਠੇਕੇ ਉਤੇ ਰੱਖੇ ਕਰਮਚਾਰੀਆਂ ਦੇ ਸਿਰ ਉਤੇ ਹਨ । ਦੇਖੋ ਹੁਣ ਕਿਸ ਨੂੰ ਮਿਲਦੀ ਹੈ ਨੌਕਰੀ ?
ਪੰਜਾਬੀ ਬਹੁਤ ਹੀ ਭਾਵਨਾਵਾਂ ਦੇ ਵਹਿਣ ਵਿੱਚ ਵਗਣ ਵਾਲੇ ਹਨ.ਨਫਾ ਨੁਕਸਾਨ ਦਾ ਕਦੇ ਫਿਕਰ ਨਹੀਂ ਕਰਦੇ …ਜਿਧਰ ਨੂੰ ਤੁਰੇ ਹੜ੍ਹ ਬਣ ਜਾਂਦੇ ਹਨ ਪਰ ਫੇਰ ਘਾਟਾ ਹੋਵੇ ਜਾ ਫਿਰ ਮੌਤ ! ਕੋਈ ਫਰਕ ਨਹੀਂ ਦੇਖਦੇ…ਇਹ ਜੱਟ ਦੇ ਗੰਨਾ ਨੀ ਪੱਟਣ ਦੇਦੇ ਭੇਲੀ ਦੇ ਦੇਦੇ ਆ..
ਹਰੀ ਕ੍ਰਾਂਤੀ ਲਿਆਉਣ ਵਾਲਿਆਂ ਨੇ ਸੋਚਿਆ ਵੀ ਨਹੀਂ ਕਿ ਅਸੀਂ ” ਪੌਣ,ਪਾਣੀ, ਧਰਤੀ ਤੇ ਅੌਰਤ ਦੀ ਕੁੱਖ ਦੇ ਕਾਤਲ ਬਣ ਜਾਵਾਂਗੇ ? ਅਗਲਿਆਂ ਵੱਧ ਝਾੜ ਦੇ ਵਿੱਚ ਹੀ ਰਾੜ ਦਿੱਤੇ ਤੇ ਫੇਰ ਵੰਝ ਤੇ ਚਾੜਤੇ ।
ਹੁਣ ਘੁੰਮਦੇ ਹਨ ਦੋ ਫਸਲਾਂ ਤੇ ਸਿਆਸੀ ਪਾਰਟੀਆਂ ਦੇ ਚੱਕਰ ਵਿੱਚ …ਹੁਣ ਬਦਲਾਅ ਦੇ ਚੱਕਰਵਿਊ ਵਿੱਚ ਫਸ ਗਏ । ਅਗਲਿਆਂ ਕੁਰਸੀ ਉਤੇ ਬਹਿਕੇ ਪਹਿਲਾਂ ਹੀ ਮੋਛੇ ਪਾ ਦਿੱਤੇ ।
ਦੇਸੀ ਜੱਟ ਤੇ ਘੁਲਾੜੀ ਪੱਟ..ਲੱਗੇ ਖੋਲਣ ਡੱਟ…ਕੌਣ ਕਿਸੇ ਤੋਂ ਘੱਟ …ਅਗਲਿਆਂ ਨੇ ਕੱਢ ਦੇਣੇ ਆ ਵੱਟ….!
ਜਿਹਨਾਂ ਨੂੰ ਪਤਾ ਸੀ…ਉਹਨਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਸੀ -” ਖੱਟੀ ਖੱਟ ਗਏ ਮੁਰੱਬਿਆਂ ਤੇ ਅਸੀਂ ਰਹਿ ਗਏ ਭਾਅ ਪੁੱਛਦੇ…!”….
ਉਹ ਸੀ ਸਿਆਸਤਦਾਨ ..ਜਿਹੜੇ ਕਮਾਈ ਕਰ ਗਏ ਹਨ ਤੇ ਅਸੀਂ ਬਣੇ ਰਹੇ ਵੋਟਰ..ਸਪੋਰਟ …ਪ੍ਰਮੋਟਰ…!
ਹੁਣ ਦੱਸੋ ਕਿਹੜਾ ਪਾਸਾ ਅਸੀਂ ਛੱਡਿਆ ਹੈ ਸਮਾਜ ਦਾ? ਜਿਧਰ ਦੇਖੋ ਤਬਾਹੀ ਲਿਆ ਦਿੱਤੀ ..ਤੇ ਸਾਡੀ ਸੋਚ, ਸਮਝ ਪਹਿਰਾਵਾ,ਖਾਣ ਪੀਣ.ਜੀਣ ਥੀਣ.ਮਰਨਾ ਜੰਮਣਾ.ਗੀਤ ਸੰਗੀਤ, ਸਾਹਿਤ, ਸਿਖਿਆ , ਸੱਭਿਆਚਾਰ, ਬੋਲ ਚਾਲ, ਆਦਿ!
ਸਭ ਕੁੱਝ ਤਬਾਹ ਕਰ ਦਿੱਤਾ ਹੈ! ਹੁਣ ਿਅਸੀਂ ਕੀਰਨੇ ਪਾ ਰਹੇ ਤੇ ਹਰੀ ਕ੍ਰਾਂਤੀ ਨੂੰ ਕੋਸ ਰਹੇ ਹਾਂ !
ਕਾਤਲ ਬੇਗਾਨੇ ਨਹੀਂ ਸਾਡੇ ਹੀ ਖੂਨ ਤੇ ਅਖੂਨ ਦੇ ਰਿਸ਼ਤੇਦਾਰ ਹਨ। ਜਿਹਨਾਂ ਨੇ ਅੱਜ ਇਸ ਮੋੜ ਤੇ ਲਿਆ ਕੇ ਖੜ੍ਹਾ ਦਿੱਤੇ ਨਾ ਅੱਗੇ ਜਾਣ ਜੋਗੇ ਤੇ ਪਿੱਛੇ ਮੁੜਣ ਜੋਗੇ ਛੱਡੇ ਆ!
ਅਸੀਂ ਦੋਸ਼ ਇੱਕ ਦੂਜੇ ਤੇ ਲਾ ਕੇ ਪਾਸਾ ਵੱਟਦੇ ਰਹੇ..ਪਰ ਸਹੀ ਗ਼ਲਤ ਨੂੰ ਕਹਿਣ ਦਾ ਦਮ ਖਤਮ ਕਰਦੇ ਗਏ , ਨਤੀਜੇ ਸਾਹਮਣੇ ਆ ਗਏ ! ਹੁਣ ਬਹੁਤੇ ਭਾਵਨਾਵਾਂ ਦੇ ਹੜ੍ਹ ਵਿੱਚ ਤਰ ਰਹੇ ਹਨ ।
ਸਮਾਜ ਗੰਦਲਾ ਕਰਨ ਵਾਲੇ ਵੀ ਤੇ ਸਾਫ ਕਰਨ ਵਾਲੇ ਵੀ ਪੰਜਾਬੀ ਹਾਂ ਪਰ ਸਾਡੀ ਗੱਡੀ ਦੀ ਚਾਬੀ ਤੇ ਜੀਵਨ ਦੀ ਡੋਰ ਕਿਸੇ ਹੋਰ ਤੇ ਚੋਰ ਦੇ ਹੱਥ ਵਿੱਚ ਸੀ..ਪਤਾ ਸਾਨੂੰ ਵੀ ਕਿ ਅਸੀਂ ਵਰਤੇ ਜਾ ਰਹੇ ਹਾਂ ਪਰ ਅਸੀਂ ਲਾਲਸਾ ਤੇ ਵਸ ਪੈ ਗਏ ਜਾਂ ਪਾ ਦਿੱਤੇ..ਗੱਲ ਇੱਕੋ ਹੈ!
ਪਰ ਅਸੀਂ ਇੱਕਮੁੱਠ ਨਾ ਹੋਏ ! ਸਿਆਸੀ , ਕਿਸਾਨ, ਮਜ਼ਦੂਰ , ਮੁਲਾਜ਼ਮ ,ਸਮਾਜਕ, ਧਾਰਮਿਕ ਜੱਥੇਬੰਦੀਆਂ ਬਣੀਆਂ । ਪਾੜੋ ਤੇ ਰਾਜ ਕਰੋ..ਦੀ ਨੀਤੀ ਹਰ ਥਾਂ ਭਾਰੂ ਰਹੀ.ਹਰ ਖੇਤਰ ਵਿੱਚ ਹਾਲਤ ” ਨੌ ਪੂਰਬੀਏ ਅਠਾਰਾਂ ਚੁੱਲੇ ” ਵਾਲੀ ਗੱਲ ਬਣ ਗਈ..ਨਤੀਜੇ ਜ਼ੀਰੋ ਨਿਕਲੇ ਤੇ ਆਗੂ ਤੇ ਸ਼ੈਤਾਨ ” ਕੂੜੇ ਦੇ ਢੇਰ ” ਵਧ ਦੇ ਗਏ ! ਹੁਣ ਵੀ ਮੋਦੀ ਮਸ਼ੀਨ ਦਾ ਬਦਲਾਅ ਹੈ ।
ਰਾਜ ਦੇ ਗਦਾਰ, ਰਾਜ ਗੱਦੀ ਤੱਕ ਪੁਜ ਗਏ ਤੇ ਦੇਸ਼ ਭਗਤ ਬੁਰਕੀ ਬੁਰਕੀ ਨੂੰ ਤਰਸਣ ਲੱਗ ਪਏ!
ਅਸੀਂ ਵਿਰਸੇ ਤੇ ਵਿਰਾਸਤ ਦਾ ਮਾਣ ਕਰਦੇ ਰਹੇ ਪਰ ਵਰਤਮਾਨ ਵਿੱਚ ਲੋਕਾਂ ਦੀ ਭਾਵਨਾਵਾਂ ਹੀ ਨਹੀਂ ਕਿਰਤ ਤੇ ਇੱਜ਼ਤ ਲੁੱਟ ਦੇ ਰਹੇ…!
ਲੁੱਟਣ ਤੇ ਕੁੱਟਣ ਵਾਲੇ ਵੀ ਪੰਜਾਬੀ ਹੀ ਹਨ ! ਆਪਣੇ ਹੋਏ ਪਰਾਏ ਵਰਗੀ ਬਾਤ ਹੈ ।
ਨੰਗ ਭੁੱਖ ਤੇ ਬੀਮਾਰੀ ਨਾਲ ਮਰਨ ਵਾਲੇ ਵੀ ਆਪਾਂ ਹੀ ਹਾਂ !
ਚੋਰ, ਗਦਾਰ ਵਧ ਗਏ ਤੇ ਲੋਕਾਂ ਦੀ ਆਵਾਜ਼ ਬਣ ਜਾਣ ਵਾਲੇ ਹਾਸ਼ੀਏ ਤੇ ਚਲੇ ਗਏ !
ਸਿਖਿਆ ਤੇ ਸਿਹਤ ਦੇ ਅਦਾਰੇ ਵਪਾਰੀ ਬਣ ਗਏ !
ਇਹਨਾਂ ਦੇ ਮਾਲਕ, ਅਧਿਕਾਰੀ ਤੇ ਕਰਮਚਾਰੀ ਬੁੱਚੜ ਬਣ ਗਏ ! ਆਪਣਿਆਂ ਦਾ ਸਰੀਰਕ , ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਲੱਗੇ!
ਨੈਤਿਕਤਾ ਖੰਭ ਲਾ ਕੇ ਉਡ ਗਈ ਜਾ ਸ਼ਰਮ ਲਾ ਕੇ ਜੇਬ ਚ ਪਾ ਲਈ ! ਅਸੀਂ ਖੁਦ ਹੀ ਰਿਸ਼ਤਿਆਂ ਦਾ ਘਾਣ ਕਰ ਲਿਆ ।
ਇਕ ਦੂਜੇ ਨੂੰ ਮਾਰ ਕੇ ਅੱਗੇ ਵਧਣ ਦੀ ਪਰਵਿਰਤੀ ਦਿਨੋ ਦਿਨ ਵਧਣ ਲੱਗੀ ਹੈ! ਨਿੱਜੀ ਅਦਾਰੇ ਅਸਮਾਨ ਵੱਲ ਤੇ ਜਨਤਕ ਅਦਾਰੇ ਪਤਾਲ ਵੱਲ ਵਧਣ ਲੱਗੇ ਹਨ !
ਹੁਣ ਤੇ ਹਾਲਾਤ ਹੀ ਭੁੱਖ ਤੇ ਦੁੱਖ ਨਾਲ ਮਰਨ ਵਾਲੇ ਹਨ!
ਘਰਾਂ ਦੇ ਵਿੱਚੋਂ ‘ ਘਰ ” ਖਤਮ ਹੋ ਕੇ
ਮਕਾਨ ਤੇ ਦੁਕਾਨਾਂ ਵਿੱਚ ਬਦਲ ਗਏ !
ਘਰ ਪੱਕੇ ਹੋ ਗਏ ਤੇ ਮਨ ਕੱਚੇ ਹੋ ਗਏ ..
ਕੋਈ ਪਹਿਰਾਵਾ ਬਦਲ ਕੇ ” ਪੱਕੇ” ਹੋ ਗਏ !
ਜਿੰਨ੍ਹਾਂ ਦੀ ਚਿੱਟੀ ਦਾਹੜੀ ਸੀ ਤੇ ਚਿੱਟੇ ਵਸਤਰ ਸੀ ਤੇ ਸ਼ਸਤਰ ਸੀ ਉਹ ਹਰ ਪਾਸੇ ਕਾਬਜ਼ ਹੋ ਗਏ , ਧਰਮ ਦੇ ਨਾਮ ਤੇ ਵਪਾਰ.ਵਪਾਰ ਦੇ ਨਾਮ ਤੇ ਧਰਮ…ਕਿਰਤ ਖੋਹੀ ਕਿਰਤੀ ਖੋਹ ਕੇ ” ਮੁਫਤ ਦਾ ਲੰਗਰ ਛਕਣ ਵਾਲੇ ਭਿਖਾਰੀ ਬਣਾ ਦਿੱਤੇ! ਲੋਕਾਂ ਨੂੰ ਖਵਾ ਕੇ ਰੱਬ ਸ਼ੁਕਰ ਕਰਨ ਵਾਲਿਆਂ ਦੇ ਹੱਥ ਠੂਠੇ ਫੜਾ ਦਿੱਤੇ…ਗਿਆਨ ਵਿਹੂਣੇ ਆਗਿਆਨੀ ਸਿਖਿਆ ਸਾਸ਼ਤਰੀ ਬਣ ਬੈਠੇ ..ਸਿਖਿਆ ਦੇ ਮੰਦਰ ਬੁੱਚੜਖਾਨਿਆਂ ਵਿੱਚ ਬਦਲ ਗਏ !
ਘਰਾਂ ਵਿੱਚੋਂ ਪੰਜਾਬੀ ਤੇ ਬਜ਼ੁਰਗ ਗਾਇਬ ਕਰ ਦਿੱਤੇ.
” ਲੁੱਚਾ ਲਫੰਗਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ”
ਦਾ ਬੋਲਬਾਲਾ ਵਧਿਆ !
ਹੁਣ ਜਦੋਂ ਸਭ ਕੁੱਝ ਗਵਾ ਲਿਆ ਹੈ..ਸਮਾਜ ਨਰਕ ਬਣਾ ਲਿਆ ਹੈ..ਹੁਣ “” ਮੈਂ ਪੰਜਾਬੀ ” ਹੋਣ ਦਾ ਮਾਣ ਮਹਿਸੂਸ ਤਾਂ ਫੇਸਬੁਕ ਕੀਤਾ ਜਾ ਸਕਦਾ ਪਰ “ਆਪਣੀ ਪੀੜ੍ਹੀ ਹੇਠਾਂ ਸੋਟਾ ਕੌਣ ਫੇਰੂ ?”
ਕੌਣ ਜੁੰਮੇਵਾਰੀ ਓਟੇਗਾ? ਕੋਈ ਵੀ ਨਹੀਂ !
ਕਿਉਂ ਕਿ ਇਸ ਹਮਾਮ ਦੇ ਵਿੱਚ ਸਭ ਨੰਗੇ ਹਨ ਤੇ ਕੁੱਝ ਚੰਗੇ ਵੀ ਪਰ ਘੱਟ ਹਨ ਪਰ ਕਦੋਂ ਤੱਕ ਅਸੀਂ ਨਜ਼ਰ ਅੰਦਾਜ਼ ਕਰਦੇ ਰਹਾਂਗੇ ?
ਕਦੋਂ ਆਪੋ ਆਪਣੀਆਂ ਪੀੜ੍ਹੀਆਂ ਹੇਠਾਂ ਸੋਟਾ ਫੇਰਾਂਗੇ ?
ਗੁਲਜ਼ਾਰ ਸਿੰਘ ਪੰਧੇਰ ਕਵਿਤਾ ਹੈ
“ਕੁੱਝ ਕਵੀ ਸਰਕਾਰੀ ਹੋ ਗਏ
ਕੁੱਝ ਕਵੀ ਦਰਬਾਰੀ ਹੋ ਗਏ !”
ਕਵਿਤਾ ਵੱਡੀ..ਪਰ ਸੱਚ ਏਹੀ ਹੈ ਕਿ
ਸਰਕਾਰੀ ਤੇ ਦਰਬਾਰੀ
ਵਪਾਰੀ ਤੇ ਸ਼ਿਕਾਰੀ
ਪੁਜਾਰੀ ਤੇ ਅਧਿਕਾਰੀ!
ਇਹ ਸਭ ਕੱਠੇ ਨੇ
ਇੱਕੋ ਤੱਕੜੀ ਦੇ ਵੱਟੇ ਨੇ
ਹਰ ਇਕ ਨੇ ਪਾ ਲੇ ਪੱਠੇ ਨੇ!
ਝੂਠ ਦਾ ਬੋਲਬਾਲਾ ਹੈ,
ਹਰ ਪਾਸੇ ਘਾਲਾਮਾਲਾ ਹੈ!
ਹਰ ਪਾਸੇ ਢਕੀ ਰਿਝਦੀ ਹੈ,
ਚੰਗਿਆਂ ਨੂੰ ਉਹ ਮਿੱਧਦੀ ਹੈ,
ਹਰ ਦੇਹ ਚੌਵੀ ਘੰਟੇ ਵਿਕਦੀ ਹੈ!
ਵੇਚਣ ਤੇ ਖਰੀਦਣ ਵਾਲੇ ਪੰਜਾਬੀ
ਚਾਰੇ ਪਾਸੇ ਪੰਜਾਬੀ…
ਪਰ ਸਭ ਦੀ ਬੇਗਾਨੇ ਹੱਥ ਚਾਬੀ…
ਉਝ ਟੌਹਰ ਨਵਾਬੀ..
ਜਿਵੇਂ ਗਰੀਬ ਦੀ ਤੀਵੀਂ ਪਿੰਡ ਦੀ ਭਾਬੀ!”
ਹਾਂ ! ਅਸੀਂ ਪੰਜਾਬੀ !
ਡਰਦੇ ਨੂੰ ਡਰਾਉਦੇ ਹਾਂ
ਤਗੜੇ ਅੱਗੇ ਦੁੰਮ ਦਵਾਉਦੇ ਹਾਂ
ਟਕੇ ਟਕੇ ਤੇ ਵਿਕਦੇ ਹਾਂ
ਮੌਕਾ ਦੇਖ ਕੇ ਖਿਸਕਦੇ ਹਾਂ !
ਬੁੱਧ ਸਿੰਘ ਨੀਲੋਂ
94643 70823