ਬਾਬੂ ਸਿੰਘ ਮਾਨ, ਹੰਸ ਰਾਜ ਹੰਸ, ਮਲਕੀਤ ਸਿੰਘ ਗੋਲਡਨ ਸਟਾਰ,ਹਰਦੀਪ ਤੇ ਸ਼ਮਸ਼ੇਰ ਸਿੰਘ ਸੰਧੂ ਸ਼ਾਮਿਲ ਹੋਏ।
ਲੁਧਿਆਣਾਃ 5 ਅਗਸਤ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਮਿੱਠੀ ਯਾਦ ਵਿੱਚ ਸ਼ਰਧਾਂਜਲੀ ਇਕੱਤਰਤਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਨੇ ਕੀਤੀ।
ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਨੇ ਕਿਹਾ ਕਿ ਮੇਰੀ ਅਸਲ ਭਾਵਨਾ ਇਹ ਸੀ ਕਿ ਉਸੇ ਘਰ ਵਿੱਚ ਸੁਰਿੰਦਰ ਛਿੰਦਾ ਜੀ ਨੂੰ ਰਲ ਮਿਲ ਬੈਠ ਯਾਦ ਕੀਤਾ ਜਾਵੇ ਜਿੱਥੇ ਬੈਠ ਮੈ ਕਿੰਨੀ ਵਾਰ ਹੀ ਸੁਰਿੰਦਰ ਛਿੰਦਾ ਵੀਰ ਨਾਲ ਇਕੱਠਿਆਂ ਬੈਠ ਮੈਂ ਕਈ ਸ਼ਾਮਾਂ ਗੁਜ਼ਾਰੀਆਂ। ਸਾਡੇ ਲਈ ਇਹ ਘਰ ਸਿਰਫ਼ ਗੁਰਭਜਨ ਗਿੱਲ ਪਰਿਵਾਰਵਦਾ ਨਹੀਂ ਸਗੋਂ ਸੁਰਿੰਦਰ ਛਿੰਦਾ ਦੇ ਵੱਡੇ ਭਰਾ ਦਾ ਘਰ ਹੁੰਦਾ ਸੀ। ਹੁਣ ਇਹ ਸਾਡਾ ਵੀ ਦੂਸਰਾ ਘਰ ਹੈ।
ਇੰਗਲੈਂਡ ਤੋਂ ਆਏ ਪ੍ਰਸਿੱਧ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਨੇ ਕਿਹਾ ਕਿ ਪਿਛਲੀ ਲੁਧਿਆਣਾ ਫੇਰੀ ਦੌਰਾਨ ਮੈਂ ਇਸੇ ਘਰ ਲਿੱਚ ਹੀ ਸੁਰਿੰਦਰ ਛਿੰਦਾ ਅਤੇ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨਾਲ ਰਲ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਸੀ।
ਸ਼ਮਸ਼ੇਰ ਸਿੰਘ ਸੰਧੂ ਤੇ ਹਰਿੰਦਰ ਸਿੰਘ ਕਾਕਾ ਨੇ ਪਿਛਲੀ ਅੱਧੀ ਸਦੀ ਦੀਆਂਛਿੰਦਾ ਨਾਲ ਸਬੰਧਿਤ ਯਾਦਾਂ ਦੀ ਪਟਾਰੀ ਖੋਲ੍ਹ ਕੇ ਸਭ ਦੋਸਤਾਂ ਨੂੰ ਸੁਰਿੰਦਰ ਛਿੰਦਾ ਨਾਲ ਮਿਲਾਇਆ। ਸ਼ਮਸ਼ੇਰ ਨੇ ਦੱਸਿਆ ਕਿ ਇਸੇ ਘਰ ਵਿੱਚ ਹੀ ਛਿੰਦਾ ਨੇ ਮੇਰੇ ਤੋਂ ਗੀਤ “ਤੇਰੇ ਚ ਤੇਰਾ ਯਾਰ ਬੋਲਦਾ” ਮੰਗਿਆ ਸੀ ਪਰ ਉਦੋਂ ਤੀਕ ਸੁਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ ਰੀਕਾਰਡ ਹੋ ਚੁਕਿਆ ਸੀ।
ਸ਼ਃ ਬਾਬੂ ਸਿੰਘ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਉਸਤਾਦ ਜਸਵੰਤ ਭੰਵਰਾ ਨੇ ਹੀ ਮੈਨੂੰ ਪਹਿਲੀ ਵਾਰ 1963ਵਿੱਚ ਲੁਧਿਆਣਾ ਸ਼ਹਿਰ ਵਿਖਾਇਆ ਅਤੇ ਮੇਰਾ ਪਹਿਲਾ ਗੀਤ”ਆ ਗਿਆ ਵਣਜਾਰਾ, ਨੀ ਚੜ੍ਹਾ ਲੈ ਭਾਬੀ ਚੂੜੀਆਂ” ਆਪਣੇ ਸੰਗੀਤ ਵਿੱਚ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਰੀਕਾਰਡ ਕੀਤਾ ਸੀ। ਉਸ ਸਦਕਾ ਹੀ ਮੈਂ ਸੁਰਿੰਦਰ ਛਿੰਦਾ ਨੂੰ 1974ਚ ਪਹਿਲੀ ਵਾਰ ਮਿਲਿਆ ਤੇ ਪੂਰੀ ਅੱਧੀ ਸਦੀ ਉਸ ਦੀ ਬੁਲੰਦ ਆਵਾਜ਼ ਦਾ ਕਦਰਦਾਨ ਰਿਹਾ। ਉਨ੍ਹਾ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਅਸਾਂ ਦੋਹਾਂ ਨੇ ਰਲ ਕੇ ਅੱਠ ਗੀਤ ਰੀਕਾਰਡ ਕਰਨ ਦੀ ਸਲਾਹ ਬੰਣਾਈ ਸੀ ਪਰ ਮੇਰੇ ਕੈਨੇਡਾ ਤੋਂ ਪਰਤਣ ਤੋਂ ਪਹਿਲਾਂ ਹੀ ਉਹ ਬੀਮਾਰ ਹੋ ਗਿਆ। ਮੈਨੂੰ ਹੁਣ ਸਾਰੀ ਉਮਰ ਇਸ ਗੱਲ ਦਾ ਪਛਤਾਵਾ ਰਹੇਗਾ ਕਿ ਅਸੀਂ ਸਾਰੀ ਉਮਰ ਇੱਕ ਵੀ ਗੀਤ ਇਕੱਠਿਆਂ ਨਾ ਰੀਕਾਰਡ ਕਰਵਾ ਸਕੇ।
ਪੰਜਾਬੀ ਲੋਕ ਗਾਇਕ ਹਰਦੀਪ ਮੋਹਾਲੀ ਨੇ ਕਿਹਾ ਕਿ ਛਿੰਦਾ ਭਾ ਜੀ ਨੇ ਮੈਨੂੰ ਸਰਪੰਚ ਦਾ ਲਕਬ ਦਿੱਤਾ ਹੋਇਆ ਸੀ ਤੇ ਹਰ ਮਸਲੇ ਤੇ ਉਹ ਵੱਡੇ ਭਰਾ ਵਾਂਗ ਮੇਰੀ ਹੀ ਨਹੀ, ਸਭ ਦੋਸਤਾਂ ਦੀ ਅਗਵਾਈ ਕਰਦੇ ਸਨ।
ਮਾਲਵਾ ਸਭਿਆਚਾਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਜੀ ਪਿਛਲੇ ਸਾਲਾਂ ਤੋਂ ਧੀਆਂ ਦੇ ਲੋਹੜੀ ਮੇਲੇ ਤੇ ਨਿਸ਼ਕਾਮ ਗਾਉਂਦੇ ਤੇ ਆਉਂਦੇ ਸਨ। ਹੁਣ ਵੀ ਆਖਰੀ ਵਾਰ ਜਨਵਰੀ ਮਹੀਨੇ ਉਹ ਪੰਜਾਬੀ ਭਵਨ ਵਿਖੇ ਆਏ ਤੇ ਲਗਾਤਾਰ ਦੋ ਘੰਟੇ ਵਰ੍ਹਦੇ ਮੀਂ ਹ ਵਿੱਚ ਗਾਇਆ।
ਪੰਜਾਬੀ ਫਿਲਮ ਨਿਰਦੇਸ਼ਕ ਦਰਸ਼ਨ ਔਲਖ , ਗੀਤਕਾਰ ਜਗਦੇਵ ਮਾਨ ਤੇ ਹਰਪ੍ਰੀਤ ਸੇਖੋਂ ਨੇ ਵੀ ਸੁਰਿੰਦਰ ਛਿੰਦਾ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀ ਆਂ।
ਇਸ ਮੌਕੇ ਬੋਲਦਿਆਂ ਚੰਡੀਗੜ੍ਹ ਤੋਂ ਆਏ ਪੱਤਰਕਾਰ ਤੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਸੁਰਿੰਦਰ ਛਿੰਦਾ ਨੂੰ ਸਭ ਤੋਂ ਵੱਧ ਵਾਰ ਮੋਹਨ ਸਿੰਘ ਮੇਲੇ ਤੇ ਲੁਧਿਆਣੇ ਜਾਂ ਕਮਲਜੀਤ ਖੇਡਾਂ ਪਿੰਡ ਕੋਟਲਾ ਸ਼ਾਹੀਆ (ਗੁਰਦਾਸੁਪਰ) ਵਿੱਚ ਸੁਣਿਆ। ਉਹ ਗਾਉਂਦੇ ਗਾਉਂਦੇ ਕਦੇ ਅੱਕਦੇ ਜਾਂ ਥੱਕਦੇ ਨਹੀੰ ਸਨ। ਜਿਉਂ ਜਿਉਂ ਰਾਤ ਗੂੜ੍ਹੀ ਹੁੰਦੀ , ਉਹ ਹੋਰ ਭਿੱਜ ਕੇ ਗਾਉਂਦੇ, ਉਹ ਸਹੀ ਤੇ ਸੰਪੂਰਨ ਲੋਕ ਗਾਇਕ ਸਨ। ਵੀਡੀਓ ਨਿਰਦੇਸ਼ਕ ਜਸਵਿੰਦਰ ਜੱਸੀ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ ਤੇ ਹਰਮੋਹਨ ਸਿੰਘ ਗੁੱਡੂ ਨੇ ਵੀ ਸੁਰਿੰਦਰ ਛਿੰਦਾ ਜੀ ਨਾਲ ਸਬੰਧਿਤ ਯਾਦਾਂ ਸੁਣਾਈਆਂ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਉਨ੍ਹਾਂ ਦੇ ਬੇਲੀ ਸੁਰਿੰਦਰ ਛਿੰਦਾ ਨੂੰ ਵਿਸਾਰਨਾ ਮੁਹਾਲ ਹੈ। ਪਹਿਲੀ ਵਾਰ ਹੋਇਆ ਹੈ ਕਿ ਅੰਤਿਮ ਅਰਦਾਸ ਤੇ ਭੋਗ ਉਪਰੰਤ ਕਿਲੇ ਵੀ ਮਿੱਤਰ ਪਿਆਰੇ ਦਾ ਆਪੋ ਆਪਣੇ ਘਰ ਪਰਤਣ ਦੀ ਕਾਹਲ ਨਹੀਂ ਹੈ। ਸਭ ਦਾ ਦਿਲ ਕਰਦੈ ਕਿ ਛਿੰਦੇ ਵੀਰ ਦੀਆਂ ਗੱਲਾਂ ਕਰੀ ਜਾਈਏ। ਉਹ ਸਾਡਾ ਸਭਨਾਂ ਦੀ ਬਹੁਤ ਕੁਝ ਲੱਗਦਾ ਸੀ। ਵੱਧ ਘੱਟ ਦਾ ਮਸਲਾ ਹੀ ਨਹੀਂ ਹੈ। ਉਨ੍ਹਾਂ ਹੰਸ ਰਾਜ ਹੰਸ ਜੀ ਨੂੰ ਅਪੀਲ ਕੀਤੀ ਕਿ ਲੁਧਿਆਣਾ ਦੇ ਪਿੰਡ ਅਯਾਲੀ ਖੁਰਦ ਵਿੱਚ ਜੇ ਸੁਰਿੰਦਰ ਛਿੰਦਾ ਜੀ ਦੀ ਯਾਦ ਵਿੱਚ ਕੁਝ ਉੱਸਰਦਾ ਹੈ ਤਾਂ ਉਹ ਖ਼ੁਦ ਅਤੇ ਸਹਿਯੋਗੀ ਐੱਮ ਪੀ ਜ਼ ਵੱਲੋਂ ਵੀ ਮਦਦ ਕਰਨ। ਉਨ੍ਹਾਂ ਖਿੜੇ ਮੱਥੇ ਇਹ ਬੇਨਤੀ ਪ੍ਰਵਾਨ ਕੀਤੀ।