ਪੰਜਾਬੀ ਗੀਤਕਾਰੀ ਵਿੱਚ ਪਿਛਲੇ ਦੋ ਢਾਈ ਦਹਾਕਿਆਂ ਤੋਂ ਅੰਤਰ ਰਾਸ਼ਟਰੀ ਪੱਧਰ ਅਤੇ ਵਿਦੇਸ਼ੀ ਨਾਇਕ ਖਲਨਾਇਕ ਬਾਰੇ ਪੇਸ਼ਕਾਰੀ ਹੋਣੀ ਸ਼ੁਰੂ ਹੋਈ ਹੈ। ਇਸਦਾ ਕਾਰਨ ਇਨ੍ਹਾਂ ਦਹਾਕਿਆਂ ਵਿੱਚ ਵਿਸ਼ਵੀਕਰਨ ਦਾ ਜ਼ਿਆਦਾ ਉਭਾਰ ਹੋ ਚੁੱਕਾ ਸੀ। ਇਹਨਾਂ ਸਮਿਆਂ ਤੋਂ ਹੁਣ ਤੱਕ ਪੰਜਾਬੀ ਗੀਤਕਾਰੀ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਬਹੁਤ ਸਾਰੇ ਮਸਲਿਆਂ ਅਤੇ ਵਿਦੇਸ਼ੀ ਨਾਇਕਾਂ ਖਲਨਾਇਕ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਜਿਸਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ।
ਪਾਕਿਸਤਾਨ ਅਤੇ ਭਾਰਤ ਦੀ ਵੰਡ ਸਮੇਂ ਵਿਛੜੇ ਪੰਜਾਬ ਅਤੇ ਪ੍ਰੇਮੀਆਂ ਬਾਰੇ ਉਂਝ ਤਾਂ ਬਹੁਤ ਸਾਰੇ ਗੀਤਕਾਰਾਂ ਲਿਖਿਆ ਗਾਇਆ ਗਿਆ ਹੈ ਪਰ ਪ੍ਰਗਟ ਸਿੰਘ ਲਿਦੜਾਂ ਨੇ ਜਿਸ ਢੰਗ ਨਾਲ ਲਿਖਿਆ ਅਤੇ ਹਰਜੀਤ ਹਰਮਨ ਨੇ ਜਿਸ ਵੇਗ ਵਿਚ ਗਾਇਆ ਹੈ ਉਸ ਢੰਗ ਦਾ ਸਾਇਦ ਹੀ ਕਿਸੇ ਲਿਖਿਆ ਗਾਇਆ ਹੋਵੇ।ਇਸ ਗੀਤ ਵਿੱਚ ਦਰਿਆਵਾਂ ਦਾ ਮਾਨਵੀਕਰਨ ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਗਿਆ ਹੈ:
ਸਾਡੇ ਵਾਂਗੂੰ ਹੰਝੂ ਪੰਜਾ ਪਾਣੀਆਂ ਵੀ ਚੋਏ ਹੋਣੇ
ਵੱਖ ਜਿਸ ਦਿਨ ਇੱਕ ਦੂਜੇ ਕੋਲੋਂ ਹੋਏ ਹੋਣੇ
ਸਾਡੇ ਵਿੱਚ ਸਰਹੱਦ ਅੱਜ ਖਿੱਚਤੀ ਵੇ
ਬਿਆਸ ਤੇ ਝਨਾਬ ਦੀ ਤਰ੍ਹਾਂ
ਹੁਣ ਰੱਬੀ ਜਾਂ ਸਬੱਬੀਂ ਮੇਲ ਹੋਣਗੇ
ਵੇ ਵੰਡੇ ਗਏ ਪੰਜਾਬ ਦੀ ਤਰ੍ਹਾਂ
ਕਾਫ਼ੀ ਸਮਾਂ ਪਹਿਲਾਂ ਆਏ ਬੱਬੂ ਮਾਨ ਦੇ ਗੀਤ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਵਿਦੇਸ਼ੀ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਵਿਚ ਅੰਤਰਰਾਸ਼ਟਰੀ ਖਿਡਾਰੀਆਂ ,ਪਾਕਿਸਤਾਨ ਦੀ ਬੇਨਜ਼ੀਰ ਭੁੱਟੋ,ਬਰਾਕ ਓਬਾਮਾ, ਸਦਾਮ ਹੁਸੈਨ ਅਤੇ ਜਾਰਜ਼ ਬੁਸ਼ ਵਰਗੀਆਂ ਅੰਤਰਰਾਸ਼ਟਰੀ ਪਹਿਚਾਣ ਵਾਲੀਆਂ ਹਸਤੀਆਂ ਦਾ ਜ਼ਿਕਰ ਹੈ:
ਬੇਨਜ਼ੀਰ ਪਤਾ ਨਹੀਂ ਕਾਹਤੋਂ ਮਾਰਤੀ
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ
ਮੰਨੋ ਜਾ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼
ਮਿੰਟਾ ਚ ਫਿਦਾਇਨ ਦੇਖੋ ਢਾਹ ਗਏ ਤਾਜ਼
ਆਪਣੇ ਹੀ ਕੰਮ ਲੱਗੀ ਉਹੀ ਆ ਅਲਕਾਇਦਾ
ਪਤਾ ਨਹੀਂ ਨੁਕਸਾਨ ਹੈ ਜਾ ਫਾਇਦਾ
ਮਾਰਦਾ ਨਾ ਬੱਟ ਜਿੱਤ ਜਾਂਦਾ ਬਾਈ ਜੇ ਡਾਨ
ਹੁਣ ਮੈਨੂੰ ਲੱਗਦਾ ਜੱਟ ਸੀ ਸਦਾਮ
ਫ਼ਿਲਮ ਲਹੌਰੀਏ ਦੇ ਇੱਕ ਗੀਤ ਗਾਇਕ ਗੁਰਪ੍ਰੀਤ ਮਾਨ ਅਤੇ ਗੀਤਕਾਰ ਮਾਨ ਹੁੰਦਲ ਨੇ ਭਾਰਤ ਪਾਕਿ ਦੀ ਵੰਡ ਨੂੰ ਰੁਮਾਂਟਿਕ ਢੰਗ ਨਾਲ ਪੇਸ਼ ਕੀਤਾ ਹੈ:
ਜੇ ਨਾ ਹੁੰਦੀ ਸੰਤਾਲੀ ਚ ਲੀਕ ਮਨਜ਼ੂਰ
ਨੂਹ ਬੇਬੇ ਦੀ ਲਿਆਉਂਦੇ ਲਹੌਰ ਤੋਂ ਜ਼ਰੂਰ
ਆਹ ਜੀਨ ਸੀਨ ਪਾਕੇ ਟੌਰ ਮਾਰਦੀ
ਕਾਹਨੂੰ ਏਹਦੇ ਅੱਗੇ ਫੁੱਲੀਆਂ ਖਿਲਾਰਦੇ
ਜੰਝਾ ਜਾਂਦੀਆਂ ਜੇ ਲਹੌਰ ਨੂੰ ਆਕੇ
ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ
ਹੁਸਤਿੰਦਰ ਨੇ ਪੰਜਾਬ ਸਮੇਤ ਫਿਲੀਸਤੀਨ ਇਜ਼ਰਾਈਲ ਮਸਲੇ ਤੇ ਗਾਜ਼ਾ ਪੱਟੀ, ਰਸੀਆ ਅਤੇ ਪਾਕਿ ਦੀ ਖ਼ਾਨਾਜੰਗੀ,ਯੂ ਐਸ ਏ ਦੀ ਨੀਤੀ, ਨਾਜ਼ੀ ਕੈਂਪਾਂ ਅਤੇ ਪੰਜਾਬ ਮਸਲੇ ਦਾ ਵੀ ਬਾਖੂਬੀ ਜ਼ਿਕਰ ਪੇਸ਼ ਕੀਤਾ ਹੈ।
ਗਾਜ਼ਾ ਪੱਟੀ ਬਣਿਆ ਦਿਲ ਮੇਰਾ,
ਤੇਰੀ ਯਾਦ ਕਰੇ ਸਿਧੇ ਫਾਇਰ ਕੁੜੇ
ਜਿਵੇਂ ਰਸੀਆ ਦੇ ਵਿਚ ਚੇਚਣ ਨੀ
ਤੇ ਪਾਕ ਦੇ ਵਿਚ ਬਲੋਚ ਕੁੜੇ
ਅੱਖ ਤੇਰੀ ਯੂ ਐਸ ਵਾਲੀ ਸੀ
ਸਾਡੀ ਹਿੱਕ ਤੇਲ ਦਾ ਖੂਹ ਕੋਈ
ਅਸੀਂ ਸ਼ਹਿਰ ਤੇਰੇ ਇੰਝ ਭਟਕੇ
ਨਾਜ਼ੀ ਕੈਂਪਾਂ ਦੇ ਵਿਚ ਰੂਹ ਕੋਈ
ਮੈਂ ਪੰਜਾਬ ਦਹਾਕਾ ਅੱਸੀ ਦਾ
ਨਾ ਤੇਰਾ ਦਿੱਲੀ ਦੱਸੀ ਦਾ
ਐਮਰਜੈਂਸੀ ਚੱਤੋ ਪਹਿਰ ਕੁੜੇ
ਵੀਤ ਬਲਜੀਤ ਨੇ ਦਲਜੀਤ ਦੁਸਾਂਝ ਦੁਆਰਾ ਗਾਏ ਗੀਤ ਬਾਡੀਗਾਰਡ ਵਿਚ ਲੀਬੀਆ ਦੇ ਤਾਨਾਸ਼ਾਹ ਗੱਦਾਫ਼ੀ ਦਾ ਜ਼ਿਕਰ ਬਾਖ਼ੂਬ ਢੰਗ ਨਾਲ ਬਿਆਨ ਕੀਤਾ:
ਸੀ ਤਾਨਾਸ਼ਾਹ ਅਖਵਾਉਂਦੀ ਉਹ ਮਰਦ ਗਦਾਫ਼ੀ ਦੀ
ਸਾਲਾ ਵਜ਼ਾ ਭਾਲਦਾ ਰਹਿ ਗਿਆ ਉਹ ਪਿੱਛੋਂ ਮਾਫ਼ੀ ਦੀ
ਦਿਲ ਪਾੜ ਸੁੱਟਦੀਆਂ ਨੇ ਪੂੜੀਆਂ ਨਸ਼ੇ ਦੀਆਂ ਪੂੜੀਆਂ
ਸੀ ਤੰਬੂ ਲਾਉਂਦਾ ਝੋਟੀ ਤੇ ਬਾਡੀਗਾਰਡ ਸੀ ਰੱਖਦਾ ਕੁੜੀਆਂ
ਪੰਜਾਬੀ ਗੀਤਕਾਰੀ ਵਿੱਚ ਵਿਦੇਸ਼ੀ ਮਸਲਿਆਂ ਅਤੇ ਅੰਤਰਰਾਸ਼ਟਰੀ ਮਸਲਿਆਂ ਤੋਂ ਇਲਾਵਾ ਵਿਦੇਸ਼ੀ ਨਾਇਕਾਂ ਤੇ ਖਲਨਾਇਕਾਂ ਦਾ ਜ਼ਿਕਰ ਵੀ ਹੋਇਆ ਹੈ ਅਮ੍ਰਿਤ ਮਾਨ ਨੇ ਆਪਣੇ ਇੱਕ ਗੀਤ ਵਿੱਚ ਡਰੱਗ ਸਮਗਲਰ ਪਾਬਲੋ ਐਸਕੋਬਾਰ ਦਾ ਜ਼ਿਕਰ ਕੀਤਾ ਹੈ ਜੋ ਕਿ ਇੱਕ ਕੁਲੰਬੀਆ ਦੇ ਵਿਦੇਸ਼ੀ ਖਲਨਾਇਕ ਸੀ:
ਯਾਰ ਦਾ ਮੈਂ ਯਾਰ ਬਿੱਲੋ ਐਡਾ ਵੀ ਸਟਾਰ ਨੀ
ਜੱਟ ਕਾਹਦਾ ਨਿਰਾ ਐਸਕੋਬਾਰ ਨੀ
ਅਮ੍ਰਿਤ ਮਾਨ ਨੇ ਆਪਣੇ ਇੱਕ ਹੋਰ ਗੀਤ ਵਿੱਚ ਬ੍ਰਿਟੇਨ ਦੀ ਮਹਾਰਾਣੀ ਲੇਡੀ ਡਾਇਨਾ ਦਾ ਜ਼ਿਕਰ ਕੀਤਾ ਹੈ:
ਸਾਊ ਹੈ ਸੁਭਾਅ ਜੱਟ ਦਾ ਤੂੰ ਬੱਸ ਅੱਖਾਂ ਵੇਖਕੇ ਡਰਗੀ
ਤੂੰ ਸੰਗਦੀ ਏਂ ਜਦੋਂ ਜੱਟੀਏ ਲੱਗੇਂ ਲੇਡੀ ਡਾਇਨਾ ਵਰਗੀ
ਅਰਜਨ ਢਿੱਲੋਂ ਨੇ ਅਰਬ ਦੀ ਇੱਕ ਪ੍ਰੀਤ ਕਹਾਣੀ ਦੇ ਨਾਇਕ ਨਾਇਕਾ ਯੂਸੁਫ਼ ਜੂਲੈਖਾਂ ਦਾ ਜ਼ਿਕਰ ਕੀਤਾ ਹੈ:
ਯੂਸੁਫ਼ ਹੈ ਲੈਂਦਾ ਲੇਖਾ ਕਿਥੇ ਗਿਆ ਰੂਪ ਜੂਲੇਖਾਂ
ਅਰਜਨ ਢਿੱਲੋਂ ਨੇ ਆਪਣੇ ਇੱਕ ਹੋਰ ਗੀਤ ਵਿਚ ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਅਤੇ ਇੰਗਲੈਂਡ ਦੇ ਪ੍ਰਸਿੱਧ ਕਵੀ ਜੋਹਨ ਕੀਟਸ ਦਾ ਜ਼ਿਕਰ ਬਹੁਤ ਖੂਬਸੂਰਤ ਕੀਤਾ ਹੈ ਜਿਨ੍ਹਾਂ ਦੀ ਹੋਣੀ ਤੇ ਲੇਖਣੀ ਲਗਭਗ ਇੱਕੋ ਹੀ ਸੀ:
ਤੇਰਾ ਕੀਟਸ ਵੀ ਓਕੇ ਪਰ ਐਡੀ ਗੱਲ ਨਹੀਂ
ਸਿਖ਼ਰ ਹੈ ਸ਼ਿਵ ਕਰੀਂ ਗੌਰ ਸੋਹਣੀਏ
ਬੱਬੂ ਮਾਨ ਨੇ ਆਪਣੇ ਇੱਕ ਗੀਤ ਵਿੱਚ ਵਿਸ਼ਵ ਪੱਧਰ ਦੀਆਂ ਗੁਪਤ ਜਾਣਕਾਰੀਆਂ ਲੀਕ ਕਰਕੇ ਪੂਰੇ ਵਿਸ਼ਵ ਵਿਚ ਤਰਥੱਲੀ ਮਚਾਉਣ ਵਾਲੇ ਵੀਕਲੀਕਸ ਸਾਇਟ ਦੇ ਮਾਲਕ ਜੂਲੀਅਨ ਅਸਾਂਜੇ ਬਾਰੇ ਲਿਖਿਆ ਹੈ:
ਜਿਉਂਦਾ ਰਹਿ ਅਸਾਂਜੇ ਤੇਰੇ ਗਾਉਂਦਾ ਖੰਟੀਆ ਗਾਣੇ
ਇਸ ਤਰ੍ਹਾਂ ਪੰਜਾਬੀ ਗੀਤਕਾਰੀ ਵਿੱਚ ਹੋਰ ਵੀ ਬਹੁਤ ਸਾਰੇ ਵਿਦੇਸ਼ੀ ਅੰਤਰਰਾਸ਼ਟਰੀ ਮਸਲਿਆਂ ਵਿਦੇਸ਼ੀ ਨਾਇਕਾਂ ਖਲਨਾਇਕਾਂ ਦਾ ਜ਼ਿਕਰ ਮਿਲਦਾ ਹੈ। ਆਉਣ ਵਾਲੇ ਸਮਿਆਂ ਵਿੱਚ ਸੰਭਾਵਨਾ ਹੈ ਕਿ ਪੰਜਾਬੀ ਗੀਤਕਾਰੀ ਦਾ ਅੰਤਰਰਾਸ਼ਟਰੀ ਅਤੇ ਵਿਸ਼ਵੀਕਰਨ ਨੂੰ ਦੇਖਣ ਅਤੇ ਪੇਸ਼ਕਾਰੀ ਸਬੰਧੀ ਘੇਰਾ ਹੋਰ ਵੀ ਵਿਸ਼ਾਲ ਹੋਵੇਗਾ।
ਆਪਜੀ ਦਾ ਵਿਸ਼ਵਾਸਪਾਤਰ
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਈਲ ਨੰਬਰ 9781172781