31 ਜੁਲਾਈ (ਰਾਜਦੀਪ ਜੋਸ਼ੀ) ਬਠਿੰਡਾ: ਪੱਤਰਕਾਰਾਂ ਸਮੇਤ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਅਤੇ ਸਮਾਜਿਕ ਮੁੱਦੇ ਪਹਿਲ ਦੇ ਅਧਾਰ ਤੇ ਚੁੱਕਣ ਵਾਲਾ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਇਥੋਂ ਦੇ ਟੀਚਰਜ਼ ਹੋਮ ਵਿਖੇ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਸਰਬ ਸਹਿਮਤੀ ਨਾਲ ਕੁਝ ਅਹੁਦੇਦਾਰਾਂ ਨੂੰ ਅਹੁਦੇ ਦਿੱਤੇ ਗਏ ਜਿਸ ਅਨੁਸਾਰ ਸ੍ਰੀ ਜਸਕਰਨ ਸਿੰਘ ਸਿਵੀਆਂ ਨੂੰ ਸਰਪ੍ਰਸਤ, ਭੀਮ ਚੰਦ ਅਗਰਵਾਲ ਨੂੰ ਚੇਅਰਮੈਨ, ਜਸ਼ਨਜੀਤ ਸਿੰਘ ਨੂੰ ਖਜਾਨਚੀ, ਰਾਜਦੀਪ ਜੋਸ਼ੀ ਨੂੰ ਸਹਾਇਕ ਖਜਾਨਚੀ, ਗੁਰਸੇਵਕ ਸਿੰਘ ਚੁੱਘੇ ਖੁਰਦ ਨੂੰ ਪ੍ਰੈੱਸ ਸਕੱਤਰ ਅਤੇ ਪ੍ਰਿੰਸ ਸ਼ੇਖੂ ਨੂੰ ਕਲੱਬ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਜਿੱਥੇ ਕਲੱਬ ਨਾਲ ਸੰਬੰਧਿਤ ਕਈ ਹੋਰ ਅਹਿਮ ਮੁੱਦੇ ਵਿਚਾਰੇ ਗਏ ਉਥੇ ਹੀ ਸਮਾਜ ਅੰਦਰ ਕੁਝ ਕਿੱਤਿਆਂ ਦੀ ਆੜ ਵਿੱਚ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਕਾਲਾ ਬਜ਼ਾਰੀ ਅਤੇ ਗਰੀਬਾਂ ਅਤੇ ਮੱਧ ਵਰਗ਼ੀ ਲੋਕਾਂ ਦੇ ਕੀਤੇ ਜਾਂਦੇ ਆਰਥਿਕ ਸ਼ੋਸ਼ਣ ਖਿਲਾਫ ਪਹਿਲਾਂ ਨਾਲੋਂ ਵੀ ਵਧ ਚੜ ਕੇ ਆਵਾਜ਼ ਬੁਲੰਦ ਕਰਨ ਦਾ ਅਹਿਦ ਲਿਆ ਗਿਆ। ਇਸ ਤੋਂ ਇਲਾਵਾ ਚੱਲ ਰਹੇ ਸਾਉਣ ਮਹੀਨੇ ਅੰਦਰ ਕਲੱਬ ਵੱਲੋਂ ਪੌਦਾ ਰੋਪਣ ਕਰਨ, ਲੋੜਵੰਦ ਲੋਕਾਂ ਲਈ ਫਰੀ ਮੈਡੀਕਲ ਕੈਂਪ ਲਾਉਣ ਸਮੇਤ ਹੋਰ ਵੀ ਕਈ ਤਰਾਂ ਦੇ ਸਮਾਜ ਭਲਾਈ ਦੇ ਕਾਰਜ ਕਰਨ ਦੀ ਵੀ ਰੂਪ ਰੇਖਾ ਉਲੀਕੀ ਗਈ। ਜਿਕਰਯੋਗ ਹੈ ਕਿ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਹਰ ਪੱਤਰਕਾਰ ਸਾਥੀ ਨਾਲ ਚੱਟਾਨ ਵਾਂਗ ਡੱਟ ਕੇ ਖੜਨ ਕਾਰਨ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਕਲੱਬ ਨਾਲ ਜੁੜਦੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਦੀ ਇਸ ਮੀਟਿੰਗ ਵਿੱਚ ਅਦਾਰਾ ਡੀ ਡੀ ਐੱਸ ਦੇ ਸਬ ਐਡੀਟਰ ਸ੍ਰੀ ਗੁਰਪ੍ਰੀਤ ਸਿੰਘ ਗੋਪੀ ਉਰਫ ਗੋਪੀ ਜ਼ੀਰੇਵਾਲਾ ਨੇ ਕਲੱਬ ਵਿੱਚ ਮੁਢਲੀ ਮੈਂਬਰਸ਼ਿਪ ਲੈਣ ਲਈ ਬੇਨਤੀ ਕੀਤੀ ਜਿਸ ਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਵਿਚਾਰ ਕਰਨ ਉਪਰੰਤ ਉਹਨਾਂ ਨੂੰ ਕਲੱਬ ਵਿੱਚ ਸ਼ਾਮਿਲ ਕਰ ਲਿਆ ਗਿਆ। ਪ੍ਰੈਸ ਕਲੱਬ ਬਠਿੰਡਾ ਦਿਹਾਤੀ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਜ਼ੀਰੇ ਵਾਲਾ ਦਾ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਗੁਰਪ੍ਰੀਤ ਸਿੰਘ ਗੋਪੀ ਵੱਲੋਂ ਵੀ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਕਲੱਬ ਦੀ ਮਾਣ ਮਰਿਆਦਾ ਅਤੇ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਅੱਜ ਦੀ ਇਸ ਮੀਟਿੰਗ ਵਿੱਚ ਪ੍ਰਧਾਨ ਗੁਰਜੀਤ ਚੌਹਾਨ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਚਹਿਲ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਖਾਲਸਾ, ਸਲਾਹਕਾਰ ਰਾਜਕੁਮਾਰ, ਜੱਗਾ ਸਿੰਘ ਸਿੱਧੂ ਅਤੇ ਮਨੋਜ ਚਰਖੀਵਾਲ ਆਦਿ ਪੱਤਰਕਾਰ ਹਾਜ਼ਰ ਸਨ।