30 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੀਟੀਏ ਪ੍ਰੋਫੈਸਰਾਂ ਅਤੇ ਗੈਸਟ ਫੈਕਲਟੀ ਸਟਾਫ ਨੂੰ ਬਹਾਲ ਕਰਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ।
ਅੱਜ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਵਿੱਚ ਪੀਟੀਏ ਸਟਾਫ ਵਜੋਂ ਕੰਮ ਕਰ ਰਹੇ ਪ੍ਰੋਫ਼ੈਸਰਾਂ ਅਤੇ ਗੈੱਸਟ ਫੈਕਲਟੀ ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਬਾਹਰ ਕੀਤੇ ਜਾਣ ਦੇ ਖ਼ਿਲਾਫ਼ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਨਾਂ ਲੱਗਣ ਦੇ ਰੋਸ ਵਜੋਂ ਰੈਲੀ ਕਰਕੇ ਕਾਲਜ ਦੇ ਗੇਟ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਵੱਲੋਂ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ,ਨੇ ਕਿਹਾ ਕਿ ਆਪਣੇ ਆਪ ਨੂੰ ਲੋਕ ਪੱਖੀ ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਕਾਂਸਟੀਚੂਐਂਟ ਕਾਲਜਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਪੀਟੀਏ ਪ੍ਰੋਫੈਸਰਾਂ ਅਤੇ ਗੈਸਟ ਫੈਕਲਟੀ ਸਟਾਫ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੇ ਕੇਂਦਰੀ ਸਰਕਾਰ ਦੇ ਸਿਆਸੀ ਮਨਸੂਬਿਆਂ ਤੇ ਪਹਿਰਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਸੇਵਾਵਾਂ ਦੇ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਬੇਰੁਜ਼ਗਾਰ ਕਰਕੇ ਘਰ ਬਿਠਾ ਕੇ ਸਰਕਾਰ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਪ੍ਰੋਫ਼ੈਸਰਾਂ ਨੂੰ ਘਰ ਬਿਠਾਇਆ ਜਾ ਰਿਹਾ ਹੈ।ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਖੋਖਰ ਕਲਾਂ ਨੇ ਕਿਹਾ ਯੂਨੀਵਰਸਿਟੀ ਵੱਲੋਂ ਦਾਖਲਿਆਂ ਸਮੇਂ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਇਕੱਠਾ ਕਰਨ ਦੇ ਬਾਵਜੂਦ ਵੀ ਵਿਦਿਆਰਥੀਆਂ ਦੀਆਂ ਕਲਾਸਾਂ ਲਗਾ ਕੇ ਸਿੱਖਿਆ ਦੇਣ ਲਈ ਪਾਸਾ ਵੱਟਿਆ ਜਾ ਰਿਹਾ ਹੈ। ਪ੍ਰੋਫੈਸਰਾਂ ਦੀ ਕਾਲਜ ਵਿੱਚੋਂ ਗ਼ੈਰ ਹਾਜ਼ਰੀ ਦੇ
ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦਾ ਭਵਿੱਖ ਅਗਿਆਨਤਾ ਵੱਲ ਧੱਕਿਆ ਜਾ ਰਿਹਾ ਹੈ।ਮੌਜੂਦਾ ਸਰਕਾਰ ਮਾਨਸਾ ਜ਼ਿਲ੍ਹੇ ਅੰਦਰ ਇੱਕੋ ਇੱਕ ਲੜਕੀਆਂ ਦੇ ਸਰਕਾਰੀ ਕਾਲਜ ਅੰਦਰ ਅਧਿਆਪਕਾਂ ਨੂੰ ਨਿਯੁਕਤ ਨਾਂ ਕਰਕੇ ਕਾਲਜ ਨੂੰ ਬੰਦ ਕਰਨ ਦੇ ਰਾਹ ਤੁਰੀ ਹੋਈ ਹੈ। ਸਰਕਾਰ ਵੱਲੋਂ ਯੂਨੀਵਰਸਿਟੀ ਅਤੇ ਸੰਬੰਧਿਤ ਕਾਲਜਾਂ ਵਿੱਚ ਘਟੀਆ ਸਿੱਖਿਅਕ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਸੜਕਾਂ ਤੇ ਉੱਤਰੇ ਹੋਏ ਹਨ। ਸਰਕਾਰ ਸਿੱਖਿਆ ਦੇ ਨਿੱਜੀਕਰਨ ਦੇ ਮੰਤਵ ਦੀ ਪੂਰਤੀ ਲਈ ਵਿੱਦਿਅਕ ਅਦਾਰਿਆਂ ਲਈ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰ ਰਹੀ ਹੈ ਅਤੇ ਨੌਜ਼ਵਾਨਾਂ ਲਈ ਰੁਜ਼ਗਾਰ ਦੇ ਮੌਕੇ ਖ਼ਤਮ ਕਰਨ ਲਈ ਨੀਤੀਆਂ ਲਾਗੂ ਕਰ ਰਹੀ ਹੈ ਜਿਸ ਕਰਕੇ ਅੱਜ ਦੇਸ਼ ਦੀ ਸਿੱਖਿਆ ਦਾ ਮਿਆਰ ਅਤੇ ਦੇਸ਼ ਦਾ ਆਰਥਿਕ ਪੱਧਰ ਨਿਘਾਰ ਵੱਲ ਨੂੰ ਜਾ ਰਿਹਾ ਹੈ। ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਦੀ ਪ੍ਰਧਾਨ ਗਗਨਦੀਪ ਕੌਰ ਮਾਨਸਾ ਨੇ ਮੰਗ ਕੀਤੀ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਸਮੇਤ ਸਮੂਹ ਕਾਂਸਟੀਚੂਐਂਟ ਕਾਲਜਾਂ ਵਿੱਚ ਪੀ ਟੀ ਏ ਸਟਾਫ ਅਤੇ ਗੈਸਟ ਫੈਕਲਟੀ ਸਟਾਫ ਨੂੰ ਪ੍ਰਵਾਨਗੀ ਦੇ ਕੇ ਤੁਰੰਤ ਸੇਵਾਵਾਂ ਦੇ ਲਈ ਬਹਾਲ ਕੀਤਾ ਜਾਵੇ,ਪੀ ਟੀ ਏ ਪ੍ਰੋਫੈਸਰਾਂ ਦੀਆਂ ਸੇਵਾਵਾਂ ਪੂਰਾ ਸਾਲ( 12 ਮਹੀਨੇ )ਕੀਤੀਆਂ
ਜਾਣ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ,ਕਾਲਜ ਦੇ ਪੀਟੀਏ ਫੰਡ ਦੀ ਵਰਤੋਂ ਕਰਨ ਦਾ ਪੂਰਨ ਅਧਿਕਾਰ ਕਾਲਜ ਪ੍ਰਿੰਸੀਪਲ ਨੂੰ ਦਿੱਤਾ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਕਾਲਜ ਦੇ ਬਜਟ ਵਿੱਚ ਨਿਰਧਾਰਿਤ ਪੋਸਟ ਤੇ ਹੋਈ ਭਰਤੀ ਵਿੱਚੋਂ ਜੋ ਪ੍ਰੋਫੈਸਰ ਬਦਲੀ ਕਰਵਾ ਕੇ ਜਾਂ ਡੈਪੂਟੇਸ਼ਨ ਤੇ ਹੋਰ ਕਾਲਜਾਂ ਵਿੱਚ ਗਏ ਹਨ,ਉਹਨਾਂ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਬਜਟ ਵਿੱਚੋਂ ਤਨਖਾਹ ਦੇਣ ਤੇ ਰੋਕ ਲਗਾ ਕੇ ਸੰਬੰਧਿਤ ਕਾਲਜਾਂ ਦੇ ਬਜਟ ਵਿੱਚੋਂ ਤਨਖਾਹ ਦੇਣੀ ਲਾਜ਼ਮੀ ਕੀਤੀ ਜਾਵੇ,ਕਾਲਜ ਅੰਦਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ,ਕਾਲਜ ਅੰਦਰ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ,ਕੰਪਿਊਟਰ ਲੈਬ ਲਈ ਲੋੜੀਂਦੇ ਕੰਪਿਊਟਰਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਲੋੜੀਂਦਾ ਫਰਨੀਚਰ ਦਿੱਤਾ ਜਾਵੇ,ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਪ੍ਰਸ਼ਾਸਨ ਵੱਲੋਂ ਹੱਲ ਨਾਂ ਕੀਤਾ ਗਿਆ ਤਾਂ ਸੋਮਵਾਰ ਨੂੰ ਕਾਲਜ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਗੇਟ ਤੇ ਲਗਾਉਣੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਆਇਸਾ ਦੇ ਜ਼ਿਲਾ ਕਮੇਟੀ ਮੈਂਬਰ ਅਰਸ਼ਦੀਪ ਸਿੰਘ ਖੋਖਰ ਕਲਾਂ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਇਕਾਈ ਦੀ ਸਕੱਤਰ ਗਗਨਦੀਪ ਕੌਰ ਡੇਲੂਆਣਾ,ਪ੍ਰੈੱਸ ਸਕੱਤਰ ਮਹਿਕਦੀਪ ਕੌਰ,ਖਜਾਨਚੀ ਹੁਸਨਪ੍ਰੀਤ ਕੌਰ ਮੌਜੋ, ਹਰਪ੍ਰੀਤ ਕੌਰ ਡੇਲੂਆਣਾ,ਅੱਕੀ ਕੌਰ ਨੰਗਲ ਕਲਾਂ,ਮਨਦੀਪ ਕੌਰ ਨੰਗਲ ਕਲਾਂ,ਜਸਪ੍ਰੀਤ ਕੌਰ ਨੰਗਲ ਕਲਾਂ ਅਤੇ ਗਗਨਦੀਪ ਕੌਰ ਮੌਜੋ, ਗੁਰਸ਼ਰਨ ਕੌਰ ਸ਼ਾਹਪੁਰ ਵੀ ਹਾਜ਼ਰ ਸਨ।