ਖੇਡਾਂ ਵਿੱਚ ਹੀ ਤੰਦਰੁਸਤੀ ਅਤੇ ਨੌਜਵਾਨਾਂ ਦਾ ਭਵਿੱਖ ਲੁਕਿਆ ਹੈ : ਚੁਸ਼ਪਿੰਦਰਬੀਰ ਚਹਿਲ
29 ਅਗਸਤ (ਨਾਨਕ ਸਿੰਘ ਖੁਰਮੀ) ਜੋਗਾ: ਰਾਜ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ” ਨੂੰ ਲੈ ਕੇ ਬੱਚਿਆਂ ਵਿੱਚ ਖੇਡ ਰੂਚੀ ਪੈਦਾ ਕਰਨ ਲਈ ਵਿੱਢੇ ਯਤਨ ਨੂੰ ਲੈ ਕੇ ਵੀਰਵਾਰ ਨੂੰ ਪਿੰਡ ਅਕਲੀਆ ਵਿਖੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਖੇਡਾਂ ਦਾ ਸਮਾਨ ਵੰਡਿਆ। ਉਨ੍ਹਾਂ ਨੇ ਆਪਣੇ ਵੱਲੋਂ ਪਿੰਡ ਅਕਲੀਆ ਵਿਖੇ ਭਰਤੀ ਲਈ ਪ੍ਰੈਕਟਿਸ ਕਰਦੇ ਮੁੰਡੇ-ਕੁੜੀਆਂ ਨੂੰ ਇਹ ਸਮਾਨ ਮੁਫਤ ਦਿੱਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਜਿਸ ਤੇ ਨੌਜਵਾਨਾਂ ਨੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। “ਆਪ” ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਿੱਚ ਸੂਬਾ ਉਦਯੋਗ, ਰੁਜਗਾਰ, ਲਾਹੇਵੰਦ ਖੇਤੀ ਨੂੰ ਲੈ ਕੇ ਲਗਾਤਾਰ ਪ੍ਰਗਤੀ ਦੇ ਰਾਹ ਤੇ ਤੁਰਿਆ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖਰੇ ਬਜਟ ਰੱਖ ਕੇ ਪੰਜਾਬ ਦੀ ਰੁਲਦੀ ਜਵਾਨੀ ਨੂੰ ਸੰਭਾਲਣ ਦਾ ਯਤਨ ਵਿੱਢਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਨਰੋਈ ਸਿਹਤ, ਖੇਡਾਂ ਪੱਖੋਂ ਮੋਹਰੀ ਮੰਨਿਆ ਜਾਂਦਾ ਸੀ। ਸੂਬੇ ਪੰਜਾਬ ਦੀ ਨਰੋਏ ਗੱਭਰੂਆਂ ਅਤੇ ਖੇਡਾਂ ਕਰਕੇ ਵੱਖਰੀ ਪਹਿਚਾਣ ਸੀ। ਪਰ ਪਿਛਲੇ ਦਹਾਕਿਆਂ ਦੌਰਾਨ ਨਸ਼ੇ ਦੇ ਕੋਹੜ ਨੇ ਸਾਡੀ ਜਵਾਨੀ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਇਸ ਤੇ ਚਿੰਤਤ ਨਜਰ ਆਈ ਅਤੇ ਉਨ੍ਹਾਂ ਨੇ ਖੇਡਾਂ ਲਈ ਵੱਖਰੇ ਬਜਟ ਨਿਰਧਾਰਿਤ ਕਰਕੇ ਹੁਣ ਜਿੱਥੇ ਸਕੂਲੀ ਬੱਚਿਆਂ ਲਈ “ਖੇਡਾਂ ਵਤਨ ਪੰਜਾਬ ਦੀਆਂ” ਸ਼ੁਰੂ ਕੀਤੀਆਂ ਹਨ। ਉੱਥੇ ਹੀ ਖੇਡਾਂ ਨੂੰ ਪੱਕੇ ਤੌਰ ਤੇ ਪੜ੍ਹਾਈ ਵਾਂਗੂ ਨੌਜਵਾਨਾਂ ਨਾਲ ਜੋੜਣ ਦੀਆਂ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰੈਕਟੀਸ ਕਰਦੇ ਮੁੰਡੇ-ਕੁੜੀਆਂ ਖੇਡਾਂ ਰਾਹੀਂ ਆਪਣਾ ਭਵਿੱਖ ਵੀ ਚੁਣਨਗੇ, ਤੰਦਰੁਸਤ ਅਤੇ ਨਰੋਈ ਸਿਹਤ ਵੀ। ਇਸ ਮੌਕੇ ਫਤਹਿ ਗਰੁੱਪ ਅਕਲੀਆ ਦੇ ਪ੍ਰਧਾਨ ਅਮਰੀਕ ਸਿੰਘ ਕੋਚ ਨੇ ਚੁਸ਼ਪਿੰਦਰਬੀਰ ਚਹਿਲ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਗੁਰਜੰਟ ਸਿੰਘ ਅਤਲਾ, ਮਲਕੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਬੰਗੇ ਕਾ, ਬਲਾਕ ਪ੍ਰਧਾਨ ਜਸਵੀਰ ਸਿੰਘ, ਗੋਰਾ ਸਿੰਘ, ਜੀਤਾ ਸਿੰਘ, ਭੁਪਿੰਦਰਪਾਲ ਸ਼ਰਮਾ, ਨਾਜਮ ਸਿੰਘ, ਉਮੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ: ਗੁਰਦੀਪ ਸਿੰਘ, ਬਲਜੀਤ ਸਿੰਘ ਅਕਲੀਆ, ਭੋਲਾ ਸਿੰਘ, ਲੱਖਾ ਸਿੰਘ, ਜੁਗਰਾਜ ਸਿੰਘ, ਧਰਮਾ ਸਿੰਘ ਆਦਿ ਹਾਜਰ ਸਨ।