ਅੱਜ ਮੁੜ ਉਸ ਚੁਰਾਹੇ ‘ਤੇ ਆਣ ਖੜ੍ਹਾ ਹੋਇਆ ਹਾਂ ਜਿੱਥੋਂ ਇੱਕ ਰਾਹ ਚੁਣਨਾ ਹੀ ਪੈਣਾ ਹੈ। ਇੱਕ ਰਾਹ ਉਹ ਹੈ ਜਿਵੇਂ ਮੈਂ ਜ਼ਿੰਦਗੀ ਦੇ ਵਹਿਣ ਨੂੰ ਸੋਚਿਆ ਸੀ, ਜਿਸ ਤਰ੍ਹਾਂ ਦੇ ਸੁਪਨੇ ਲਈ ਸਨ, ਜਿਸ ਤਰ੍ਹਾਂ ਜੀਊਣਾ ਚਾਹਿਆ ਸੀ ਤੇ ਇੱਕ ਰਾਹ, ਜਿਹੜਾ ਸਿਮਰਨ ਨੇ ਚੁਣ ਲਿਆ ਹੈ। ਉਹ ਉਸ ਵਹਿਣ ‘ਚ ਵਹਿ ਗਈ ਹੈ ਜਿਸ ਤਰ੍ਹਾਂ ਦੀ ਮੈਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਸ਼ਾਇਦ ਉੱਥੋਂ ਤੱਕ ਮੇਰੀ ਕਲਪਨਾ ਜਾ ਹੀ ਨਹੀਂ ਸੀ ਸਕਦੀ ! ਮੈਂ ਜਿਸ ਚੁਰਾਹੇ ਤੋਂ ਖੜੋ ਕੇ ਕਦੀ ਵੱਖਰੇ ਰਾਹ ‘ਤੇ ਤੁਰਨ ਦਾ ਫੈਸਲਾ ਕੀਤਾ ਸੀ, ਸ਼ਾਇਦ ਇਹ ਉਸ ਚੁਰੱਸਤੇ ਦੇ ਦਿਸਹੱਦੇ ਦੀ ਵੀ ਸੀਮਾ ਸੀ ! ਏਨਾ ਪੈਂਡਾ ਤੁਰਿਆ ਰਿਹਾ ਉਸ ਰਾਹ ‘ਤੇ…. ਸਭ ਕੁਝ ਵਿਦਰੋਹੀ, ਸਭ ਕੁਝ ਬਗਾਵਤ ਸਮਝ ਕੇ ਪਰ ਅੱਜ ਮੇਰੀ ਹੀ ਬੇਟੀ ਮੈਨੂੰ ਰੂੜ੍ਹੀਵਾਦੀ ਕਹਿ ਰਹੀ ਹੈ, ਪੁਰਾਣੀ ਸਦੀ ਦਾ ਦਕਿਆਨੂਸੀ ਬਾਪ ਕਹਿ ਰਹੀ ਹੈ।
“ਤੈਨੂੰ ਪਤਾ ਤੂੰ ਕੀ ਕਰ ਰਹੀ ਹੈਂ ? ਏਨਾ ਪੜ੍ਹ-ਲਿਖ ਕੇ, ਏਨਾ ਸ਼ਾਨਦਾਰ ਕੈਰੀਅਰ ਬਣਾ ਕੇ, ਕਿਸੇ ਦੀ ਰਖੇਲ ਬਣ ਕੇ ਰਹਿਣਾ…. ਸਿਮਰਨ ਤੂੰ ਸਭ ਕੁਝ ਨੂੰ ਮੁੜ ਸੋ…!”
“ਪਾਪਾ, ਮੈਂ ਕਿਸੇ ਦੀ ਰਖੇਲ ਨਹੀਂ। ਇਹ ਸਾਡਾ ਫੈਸਲਾ ਹੈ, ਸਾਡਾ ਦੋਹਾਂ ਦਾ… ਜਦ ਤੱਕ ਚਾਹਤ ਨਾਲ ਇਕੱਠੇ ਰਹਿ ਸਕਦੇ ਹਾਂ, ਰਹਾਂਗੇ… ਜਦੋਂ ਬੋਝ ਸਾਬਤ ਹੋਣ ਲੱਗੇ, ਸਹਿਜ ਨਾਲ ਵੱਖ ਹੋ ਜਾਵਾਂਗੇ।” ਉਸਦੇ ਬੋਲਾਂ ‘ਚ ਕਿਸੇ ਸਮਝੌਤੇ ਦੇ, ਆਪਣੇ ਫੈਸਲੇ ਤੋਂ ਮੁੜਨ ਦੇ ਕੋਈ ਆਸਾਰ ਨਹੀਂ ਦਿਸਦੇ। ਉਹ ਦ੍ਰਿੜ ਹੈ। ਪਰ ਮੈਂ… ਮੈਂ ਡਾਵਾਂਡੋਲਤਾ ‘ਚ ਫ਼ਸ ਗਿਆ ਹਾਂ, ਦੁਬਿਧਾ ‘ਚ। ਕੀ ਕਰਾਂ, ਕੀ ਨਾਂ ਕਰਾਂ ? ਅੱਜ ਮੁੜ ਆਪਣਾ ਬਾਪ ਯਾਦ ਆਇਆ ਹੈ, ਪਿੰਡ ਵਾਲਾ ਘਰ ਯਾਦ ਆਇਆ ਹੈ। ਉਹ ਸਮਾਜ, ਉਹ ਭਾਈਚਾਰਾ, ਉਸਦੀਆਂ ਪਰੰਪਰਾਵਾਂ, ਮਰਿਆਦਾਵਾਂ… ਤੇ ਆਪਣਾ ਉਹ ਵਿਦਰੋਹ…!
ਬਾਪ ਗਿਆਨ ਸਿੰਘ ਸੰਧੂ ਸਕੂਲ ਮਾਸਟਰ ਸੀ, ਨੇੜੇ ਦੇ ਪਿੰਡ ਦੇ ਪ੍ਰਾਇਮਰੀ ਸਕੂਲ ‘ਚ। ਸਮੇਂ ਸਿਰ ਸਕੂਲ ਜਾਂਦਾ। ਘਰਦੀ ਪੰਜ ਕਿੱਲੇ ਜ਼ਮੀਨ ਸੀ ਜਿਸ ‘ਤੇ ਉਹ ਖੇਤੀ ਵੀ ਆਪ ਕਰੌਂਦਾ। ਵਾਹੀ ਕਿਸੇ ਦੇ ਟਰੈਕਟਰ ਤੋਂ ਕਰਾ ਲੈਂਦਾ ਸੀ, ਗਹਾਈ-ਕਟਾਈ ਵੇਲੇ ਵੀ ਥਰੈਸ਼ਰ ਕਿਰਾਏ ‘ਤੇ ਲੈ ਲੈਂਦਾ। ਸਵੇਰੇ ਪੰਜ ਵਜੇ ਉਸਦਾ ਦਿਨ ਚੜ੍ਹ ਜਾਂਦਾ ਸੀ, ਤੇ ਸਕੂਲੋਂ ਆ ਕੇ ਵੀ ਦੇਰ ਰਾਤ ਤੱਕ ਉਹ ਕੰਮ-ਧੰਦੇ ਲੱਗਾ ਰਹਿੰਦਾ। ਵਿੱਚ-ਵਿਚਾਲੇ ਅਧਿਆਪਕਾਂ ਦੀ ਜਥੇਬੰਦੀ ਦੇ ਕੰਮਾਂ ‘ਚ ਵੀ ਭੱਜ-ਨੱਠ ਕਰ ਲੈਂਦਾ। ਪਿੰਡ ਦੇ ਲੋਕ ਅਕਸਰ ਹੀ ਛੇੜਦੇ, “ਮਾਸਟਰਾ, ਕਿਉਂ ਏਨਾ ਟੁਟਦਾ ਰਹਿੰਦਾ ਐਂ… ਝੁੱਗੇ ‘ਚੋਂ ਦੋ ਤਾਂ ਤੇਰੇ ਨਿਆਣੇ ਐਂ ! ਐਸ਼ ਦੀ ਜਿੰਦਗੀ ਜੀਆ ਕਰ…।” ਤਾਂ ਬਾਪ ਅੱਗੋਂ ਹੱਸ ਪੈਂਦਾ, “ਅਜਕਲ ਬੱਚਿਆਂ ਨੂੰ ਨੌਕਰੀ ‘ਤੇ ਲਵਾਉਣਾ ਕਿਤੇ ਸੌਖਾ ਐ ! ਉਹ ਵੇਲੇ ਤਾਂ ਗਏ ਕਿ ਦਸਵੀਂ ਕਰ, ਕੋਈ ਕੋਰਸ ਕਰੋ ਤਾਂ ਰੋਟੀ ਜੋਗੇ ਹੋ ਜਾਂਦੇ ਸੀ… ਹੁਣ ਤਾਂ ਬੀ.ਏ., ਐਮ.ਏ. ਤੱਕ ਦੀਆਂ ਪੜ੍ਹਾਈਆਂ, ਕੋਰਸ, ਮੁਕਾਬਲੇ ਦੇ ਇਮਤਿਹਾਨ ਤੇ ਰਿਸ਼ਵਤਾਂ ਵੱਖਰੀਆਂ…।”
ਪਿੰਡ ‘ਚੋਂ ਕਾਲਜ ਜਾਣ ਵਾਲਾ ਮੈਂ ਭਾਵੇਂ ਪਹਿਲਾ ਮੁੰਡਾ ਨਹੀਂ ਸਾਂ ਪਰ ਅਗਲੇ ਹੀ ਸਾਲ ਜਦੋਂ ਰਵਿੰਦਰ ਪਲੱਸ-ਟੂ ਕਰਕੇ ਦਾਖਲ ਹੋਈ ਤਾਂ ਉਹ ਪਿੰਡੋਂ ਕਾਲਜ ‘ਚ ਪਹੁੰਚਣ ਵਾਲੀ ਪਹਿਲੀ ਕੁੜੀ ਜ਼ਰੂਰ ਬਣ ਗਈ ਸੀ। ਸਵੇਰੇ ਦੋਵੇਂ ਭੈਣ-ਭਰਾ, ਪਹਿਲਾਂ ਅਸੀਂ ਸਾਈਕਲ ‘ਤੇ ਹਾਜੀਪੁਰ ਪਹੁੰਚਦੇ ਤੇ ਉੱਥੋਂ ਬੱਸੇ ਬੈਠ ਮੁਕੇਰੀਆਂ। ਸ਼ਰੀਕੇ ਭਾਈਚਾਰੇ ਤੇ ਰਿਸ਼ਤੇਦਾਰੀ ‘ਚ ਰਵਿੰਦਰ ਦੇ ਕਾਲਜ ਜਾਣ ਨੂੰ ਬੜਾ ਹੀ ਹੋਰ ਤਰ੍ਹਾਂ ਲਿਆ ਗਿਆ ਸੀ। ਸਭ ਤੋਂ ਪਹਿਲਾਂ ਤਾਂ ਦਾਦੇ ਨੇ ਹੀ ਵਿਰੋਧ ਕੀਤਾ, “ਬਾਰ੍ਹਵੀਂ ਕਰ ਗਈ ਐ, ਇਹੀ ਬਹੁਤ ਐ… ਕੁੜੀਆਂ ਨੂੰ ਨਜ਼ਰਾਂ ਤੋਂ ਓਹਲੇ ਨਹੀਂ ਹੋਣ ਦੇਈਦਾ, ਜ਼ਮਾਨਾ ਬਹੁਤ ਖਰਾਬ ਐ…।” ਮਾਮਾ ਤੇ ਮਾਸੜ ਵੀ ਇਕੱਠੇ ਹੋ ਕੇ ਸਿਰਫ਼ ਇਸੇ ਲਈ ਆਏ ਸਨ, ਬਾਪ ਨੂੰ ਸਲਾਹ ਦੇਣ, “ਅਠਾਰਾਂ-ਉਨੀਆਂ ਸਾਲਾਂ ਦੀ ਹੋ ਗਈ ਐ ਰਵਿੰਦਰ… ਕੁੜੀਆਂ ਨੂੰ ਕਾਲਜ ‘ਚ ਕੌਣ ਭੇਜਦਾ, ਉੱਥੋਂ ਦਾ ਮਾਹੌਲ…. ਜਿੰਨੇ ਪੈਸੇ ਪੜ੍ਹਾਈ ‘ਤੇ ਲਾਉਣੇ ਐ ਇਸ ਦਾ ਰਿਸ਼ਤਾ ਕਰ ਦੇ… ਘੁੱਲੂਵਾਲ ਵਾਲੇ ਮੰਨਦੇ ਵੀ ਐ। ਮੁੰਡਾ ਤਾਂ ਤੇਰਾ ਵੀ ਦੇਖਿਆ ਹੋਇਆ, ਸੁਹਣਾ ਜਵਾਨ ਐ… ਇਸ ਵਰ੍ਹੇ ਉਨ੍ਹਾਂ ਨੇ ਫੋਰਡ ਟਰੈਕਟਰ ਵੀ ਲੈ ਲਿਆ।”
“ਪਰ ਮੁੰਡਾ ਆਪ ਕੀ ਕਰਦਾ ? ਹੋਰ ਚਹੁੰ ਸਾਲਾਂ ਨੂੰ ਜਦੋਂ ਤਿੰਨੇ ਭਰਾ ਵੱਖ ਵੱਖ ਹੋਏ, ਜ਼ਮੀਨ ਤਾਂ ਉਹੀ ਪੰਜ ਕਿੱਲੇ ਹਿੱਸੇ ਆਉਣੀ ਐ ਨਾ !” ਬਾਪ ਦਾ ਆਪਣਾ ਤਰਕ ਸੀ।
“ਐਸ ਵੇਲੇ ਜਿੰਨਾ ਕੰਮ ਐ, ਉਹ ਇਸਨੂੰ ਹੋਰ ਵਧਾਉਣਗੇ ਨਾ ! ਤੇ ਨਾਲੇ ਵੰਡ ਹੋ ਕੇ ਪੰਜਾਂ ਕਿੱਲਿਆਂ ਤੋਂ ਵੱਧ ਆਉਂਦੀ ਵੀ ਕਿਸਨੂੰ ਐਂ ਹੁਣ… ਇਹ ਵੀ ਕਦੀ ਸੋਚਿਆ !”
“ਉਹੀ ਤਾਂ ਸੋਚਦਾਂ ! ਮੈਂ ਕੁੜੀ ਨੂੰ ਆਪਣੇ ਪੈਰਾਂ ਸਿਰ ਖੜ੍ਹ ਕਰਨਾ ਚਾਹੁੰਦਾ ਹਾਂ…. ਵਿਆਹ ਦੀ ਬਾਅਦ ‘ਚ ਦੇਖੀ ਜਾਵੇਗੀ।” ਉਂਜ ਕਦੀ ਕਦੀ ਮੈਨੂੰ ਵੀ ਰਵਿੰਦਰ ਦਾ ਪੜ੍ਹਨਾ, ਕਾਲਜ ਜਾਣਾ ਚੁੱਭਦਾ ਪਰ ਮੇਰੇ ਹੋਰ ਕਾਰਨ ਸਨ। ਮੈਨੂੰ ਉਸਦੇ ਕਰਕੇ ਕਾਲਜ ‘ਚ ਆਪਣੀ ‘ਖੁੱਲ੍ਹ ਖੇਡ’ ਦਾ ਮੌਕਾ ਨਾ ਮਿਲਦਾ, ਇੱਕ ਬੰਧੇਜ ਜਿਹੇ ‘ਚ ਰਹਿਣਾ ਪੈਂਦਾ। ਉਂਜ ਵੀ ਕਈ ਵਾਰ ਜਦੋਂ ਕਿਸੇ ਦੀਆਂ ਨਜ਼ਰਾਂ ਉਸਦੇ ਜਿਸਮ ਦਾ ਐਕਸਰੇ ਕਰਦੀਆਂ ਹੁੰਦੀਆਂ ਤਾਂ ਮੈਂ ਮਰਨਹਾਰਾ ਹੋ ਜਾਂਦਾ ਸਾਂ। ਹਰ ਇੱਕ ਨਾਲ, ਹਰ ਵੇਲੇ ਲੜਿਆ ਵੀ ਤਾਂ ਨਹੀਂ ਜਾ ਸਕਦਾ ! ਫਿਰ ਏਡੇ ਵੱਡੇ ਕਾਲਜ ‘ਚ ਸਾਡੇ ਰਿਸ਼ਤੇ ਦੇ ਬਾਰੇ ‘ਚ ਜਾਣਨ ਵਾਲੇ ਕਿੰਨੇ ਕੁ ਹੋ ਸਕਦੇ ਸਨ ! ਤੇ ਜਿਹੋ ਜਿਹੀ ਹਵਾ ਸੀ, ਸਾਨੂੰ ਇਕੱਠਿਆਂ ਨੂੰ ਦੇਖ ਕੇ, ਅਨਜਾਣ ਤਾਂ ਪਿੱਛੋਂ ਸੈਨਤਾਂ ਵੀ ਕਰਦੇ, ਇਸਦਾ ਵੀ ਮੈਨੂੰ ਅਹਿਸਾਸ ਸੀ। ਇਸੇ ਕਰਕੇ ਫਿਰ ਸ਼ਾਇਦ ਅਸੀਂ ਵੱਖ ਵੱਖ ਜਾਣ ਲੱਗ ਪਏ ਸਾਂ ਭਾਵੇਂ ਇਸ ਲਈ ਬਹਾਨਾ ਬਣਿਆ ਸੀ ਕਿ ਉਸਦੀ ਸਾਇੰਸ ਦੀ ਕਲਾਸ ਪਹਿਲੇ ਹੀ ਪੀਰਡ ਤੋਂ ਸ਼ੁਰੂ ਹੋ ਜਾਂਦੀ ਸੀ ਤੇ ਮੇਰੀ ਆਰਟਸ ਕਲਾਸ ਦੇ ਪਹਿਲੇ ਦੋਨੋਂ ਪੀਰਡ ਵਿਹਲੇ ਸਨ।
ਬੀ.ਏ. ਤੋਂ ਬਾਅਦ, ਸਾਲ ਕੁ ਵਿਹਲਾ ਰਹਿ ਕੇ ਮੈਂ ਇੱਧਰ-ਉੱਧਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਟੈਸਟ ਦਿੰਦਾ ਰਿਹਾ। ਜਦੋਂ ਕਿੱਧਰੋਂ ਕੋਈ ਗੱਲ ਨਾ ਬਣਦੀ ਲੱਗੀ ਤਾਂ ਆਉਂਦੇ ਸਾਲ ਰਵਿੰਦਰ ਤੇ ਮੈਂ, ਇਕੱFਠਿਆਂ ਬੀ.ਐਡ. ‘ਚ ਦਾਖਲਾ ਲੈ ਲਿਆ ਸੀ। ਉੱਥੇ ਸਾਡਾ ਵਾਹ ਪਿਆ ਹੋਰ ਤਰ੍ਹਾਂ ਦੀਆਂ ਹਕੀਕਤਾਂ ਨਾਲ। ਰਾਜਵੰਤ ਸਾਡਾ ਜਮਾਤੀ ਸੀ ਪਰ ਬੇਹੱਦ ਤੇਜ਼-ਤਰਾਰ। ਹਰ ਮਸਲੇ ‘ਚ ਮੋਹਰੀ। ਪੜ੍ਹਾਈ ਤੋਂ ਲੈ ਕੇ ਕਾਲਜ ਮੈਨੇਜਮੈਂਟ ਨਾਲ ਟਕਰਾ ਤੱਕ…. ਬਿਨਾਂ ਕਿਸੇ ਝਿਜਕ ਦੇ, ਬਿਨਾਂ ਕਿਸੇ ਹਿਚਕਚਾਹਟ ਦੇ, ਜਿੱਥੇ ਵੀ ਉਸਨੂੰ ਕੁਝ ਗਲਤ ਲਗਦਾ, ਉਹ ਉਸ ਖਿਲਾਫ਼ ਡਟ ਜਾਂਦਾ, “ਅਸੀਂ ਇਸ ਪ੍ਰਬੰਧ ਨੂੰ ਜਿੰਦਗੀ ਦੇ ਹਾਣ ਦਾ ਬਣਾਉਣਾ ਹੈ। ਇਹ ਸੱਤਾ ਜਿਹੜੀ ਲੁਟੇਰਿਆਂ, ਠੱਗਾਂ, ਬਲਾਤਕਾਰੀ ਰਾਜਨੀਤੀਵਾਨਾਂ ਦੇ ਹੱਥਾਂ ‘ਚ ਖਿਡੌਣਾ ਬਣੀ ਹੋਈ ਹੈ, ਇਸਨੂੰ ਸਹੀ ਅਰਥਾਂ ‘ਚ ਲੋਕਾਂ ਦੀ ਸੱਤਾ ਬਨਾਉਣਾ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਨੇ ਸੁਪਨਾ ਲਿਆ ਸੀ, ਸਰਾਭੇ ਨੇ ਸੁਪਨਾ ਲਿਆ ਸੀ, ਸਾਡੀ ਆਜ਼ਾਦੀ ਲਹਿਰ ਦੇ ਹੋਰ ਅਣਗਿਣਤ ਸ਼ਹੀਦਾਂ ਨੇ ਸੁਪਨੇ ਲਏ ਸਨ…।” ਉਹ ਕਾਲਜ ਗੇਟ ‘ਤੇ ਚੜ੍ਹ ਕੇ, ਵਹਾ ‘ਚ ਘੰਟਾ ਘੰਟਾ ਰੈਲੀਆਂ ਨੂੰ ਸੰਬੋਧਨ ਕਰਦਾ ਰਹਿੰਦਾ ਪਰ ਨਾ ਉਸਦੀ ਜ਼ਬਾਨ ‘ਚ ਸੁਸਤੀ ਆਉਂਦੀ ਤੇ ਨਾ ਉਸ ਕੋਲੋਂ ਸ਼ਬਦਾਂ ਦਾ ਭੰਡਾਰ ਮੁੱਕਦਾ। ਹੱਕਾਂ ਦੀਆਂ ਗੱਲਾਂ, ਸਮਾਜਕ ਬਰਾਬਰੀ ਦੀਆਂ ਗੱਲਾਂ, ਸਮਾਜ ‘ਚ ਤਬਦੀਲੀ ਦੀਆਂ ਗੱਲਾਂ…. ਤੇ ਉਸ ਨਾਲ ਖੜੋ ਜਾਂਦੀ ਪੂਰੀ ਕਲਾਸ, ਸਾਰੇ ਦਾ ਸਾਰਾ ਕਾਲਜ ਹੀ। ਘਰੋਂ ਮਿਲੀਆਂ ਸਿਹਤਮੰਦ ਕਦਰਾਂ-ਕੀਮਤਾਂ ਤੇ ਸਮਾਜੀ-ਸਿਧਾਂਤਕ ਸੂਝ ਕਾਰਨ ਅਸੀਂ ਉਸਦੇ ਕੱਟੜ ਹਿਮਾਇਤੀਆਂ ‘ਚੋਂ ਸਾਂ, ਮੈਂ ਤੇ ਰਵਿੰਦਰ ਦੋਵੇਂ ਹੀ। ਕਾਲਜ ਤੋਂ ਬਾਹਰ ਵੀ ਸਾਡੀਆਂ ਉਸ ਨਾਲ ਗੱਲਾਂ ਨਾ ਮੁੱਕਦੀਆਂ। ਇਸ ਵਿਚਾਲੇ, ਕਦੋਂ ਤੋਂ ਉਹ ਰਾਜਵੰਤ ਨਾਲ ਭਾਵੁਕ ਤੌਰ ‘ਤੇ ਜੁੜਨੀ ਸ਼ੁਰੂ ਹੋ ਗਈ ਸੀ, ਅਹਿਸਾਸ ਹੀ ਨਾ ਹੋਇਆ। ਸਿਰਫ਼ ਪਤਾ ਲੱਗਾ ਤੇ ਉਹ ਵੀ ਉਦੋਂ, ਜਦੋਂ ਸ਼ੈਸ਼ਨ ਮੁੱਕ ਰਿਹਾ ਸੀ। ਰਵਿੰਦਰ ਨੇ ਬੜਾ ਸਾਫ਼ ਮੈਨੂੰ ਪੁੱਛ ਲਿਆ ਸੀ, “ਵੀਰ ਵੇਖ, ਆਪਾਂ ਭੈਣ-ਭਰਾ ਵੀ ਹਾਂ ਤੇ ਮੈਨੂੰ ਲਗਦਾ ਹੈ, ਸਭ ਤੋਂ ਨੇੜਲੇ ਦੋਸਤ ਵੀ…. ਜੋ ਮੈਂ ਤੈਨੂੰ ਪੁੱਛਣ ਲੱਗੀ ਹਾਂ ਜੇ ਗਲਤ ਲੱਗਿਆ ਤਾਂ ਸਾਫ਼ ਮਨ੍ਹਾ ਕਰ ਦੇਵੀਂ… ਮੈਂ ਮੁੜ ਉੱਧਰ ਮੂੰਹ ਵੀ ਨਹੀਂ ਕਰਾਂਗੀ… ਗੱਲ ਇਹ ਹੈ ਕਿ ਮੈਂ ਤੇ ਰਾਜਵੰਤ ਇੱਕ-ਦੂਸਰੇ ਨੂੰ ਚਾਹੁਣ ਲੱਗ ਪਏ ਹਾਂ। ਜੇ ਮੈਂ ਰਾਜਵੰਤ ਨੂੰ ਆਪਣੇ ਜੀਵਨ-ਸਾਥੀ ਵਜੋਂ ਚੁਣਾਂ ਤਾਂ ਤੈਨੂੰ ਕਿਹੋ ਜਿਹਾ ਲੱਗੇਗਾ ?”
ਸੁਣ ਕੇ ਇੱਕ ਵਾਰ ਤਾਂ ਧੱਕਾ ਲੱਗਿਆ ਸੀ। ਅਵਾਕ ਰਹਿ ਗਿਆ ਸਾਂ ਮੈਂ। ਦੋ-ਤਿੰਨ ਹਫ਼ਤੇ ਲੱਗ ਗਏ ਸਨ ਨਾਰਮਲ ਹੋਣ ਨੂੰ ਪਰ ਫਿਰ ਮੈਂ ਉਨ੍ਹਾਂ ਨਾਲ ਖਲੋਣ ਦੀ ਹਾਮੀ ਭਰ ਦਿੱਤੀ। ਘਰ ‘ਚ ਗੱਲ ਮੈਂ ਹੀ ਤੋਰੀ । ਬਾਪ ਨੇ ਪਹਿਲਾਂ ਤਾਂ ‘ਹੂੰ-ਹਾਂ’ ਕੀਤੀ ਪਰ ਜਦੋਂ ਇਹ ਪਤਾ ਲੱਗਾ ਕਿ ਮੁੰਡਾ ਤਰਖਾਣਾ ਦਾ ਹੈ ਤਾਂ ਉਸਨੇ ਉੱਕਾ ਹੀ ਨਾਂਹ ਕਰ ਦਿੱਤੀ। “ਇਹ ਕਿਵੇਂ ਹੋ ਸਕਦਾ ? ਸਾਡਾ ਘਰ ਪਿੰਡ ਦੇ ਕਹਿੰਦੇ-ਕਹਾਉਂਦੇ ਘਰਾਂ ‘ਚੋਂ ਹੈ ਤੇ ਇੱਥੇ ਤਖਾਣ ਸਿਹਰੇ ਬੰਨ੍ਹ ਕੇ ਢੁੱਕੂ… ਨਹੀਂ… ਬਿਲਕੁਲ ਨਹੀਂ…।” ਛੇ ਮਹੀਨੇ ਘਰ ‘ਚ ‘ਕੈਂ-ਕੈਂ’ ਦਾ ਮਾਹੌਲ ਰਿਹਾ। ਮੇਰੇ ‘ਤੇ ਵੀ ਕਈ ਤਰ੍ਹਾਂ ਦੀਆਂ ਉਂਗਲਾਂ ਉੱਠਣ ਲੱਗ ਪਈਆਂ ਸਨ ਪਰ ਮੈਂ ਡੋਲਿਆ ਨਾ ਸਗੋਂ ਜਿੰਨਾ ਜਿਆਦਾ ਵਾ-ਵੇਲਾ ਉੱਠਦਾ ਗਿਆ, ਉਨਾਂ ਹੀ ਮੈਂ ਰਵਿੰਦਰ ਨਾਲ ਵਧੇਰੇ ਦ੍ਰਿੜ ਹੁੰਦਾ ਗਿਆ।
ਬਾਪ ਨੇ ਜ਼ਬਾਨੀ-ਕਲਾਮੀ ਵਿਰੋਧ ਦੇ ਨਾਲ ਜਦੋਂ ਮੈਂ ਤਾਏ ਦੇ ਮੁੰਡਿਆਂ ਨੂੰ ਇਹ ਕਹਿੰਦਿਆਂ ਸੁਣਿਆ, ‘ਇਹੋ ਜਿਹੀ ਨੂੰ ਵੱਢ ਕੇ ਦਰਿਆ ‘ਚ ਨਹੀਂ ਰੋੜ ਹੁੰਦਾ !’ ਤਾਂ ਮੈਂ ਵੀ ਉਨ੍ਹਾਂ ਨੂੰ ਮੂਹਰਿਓਂ ਖੁੱਲਮ-ਖੁੱਲ੍ਹਾ ਕਹਿ ਦਿੱਤਾ ਸੀ, “ਵਿਆਹ ਹੋਵੇਗਾ ਤੇ ਉੱਥੇ ਹੀ ਹੋਵੇਗਾ। ਵੇਖਦਾ ਹਾਂ ਪਿੰਡ ‘ਚੋਂ ਕਿਹੜਾ ਸਿਰ ‘ਤੇ ਕੱਫਣ ਬੰਨ੍ਹ ਕੇ ਰੋਕਣ ਲਈ ਆਉਂਦਾ ਹੈ।”
ਵਿਆਹ ਦੀ ਰਸਮ ਬੇਹੱਦ ਸਾਦਗੀ ਨਾਲ ਪਿੰਡ ਦੇ ਬਜਾਏ ਸ਼ਹਿਰ ਦੇ ਇੱਕ ਗੁਰਦੁਆਰੇ ‘ਚ ਹੋਈ ਸੀ। ਬਾਪ ਨੂੰ ਬੜੀ ਮੁਸ਼ਕਲ ਨਾਲ ਮਸਾਂ ਬੱਧੇ-ਰੁੱਧੇ ਨੂੰ ਸ਼ਾਮਲ ਕਰ ਸਕਿਆ ਸਾਂ। ਭਾਵੇਂ ਪੰਜ-ਚਾਰ ਸਾਲਾਂ ਬਾਅਦ ਸੰਬੰਧ ਕੁਝ ਆਮ ਜਿਹੇ ਤਾਂ ਹੋ ਗਏ ਪਰ ਫਿਰ ਵੀ ਬਾਪ ਦੇ ਅੰਦਰੋਂ ਕੌੜ ਨਾ ਜਾਂਦੀ, ‘ਸਾਲਾ ਤਖਾਣ।’ ਮੈਂ ਸੋਚਦਾ ਤਾਂ ਲਗਦਾ ਕਿ ਰਵਿੰਦਰ ਲਈ ਇਸਤੋਂ ਵਧੀਆ ਕਿਹੜਾ ਮੈਚ ਆਪਣੀ ਰਿਸ਼ਤੇਦਾਰੀ ‘ਚ ਕਿਤੇ ਸੀ ! ਦੋਵੇਂ ਇੱਕੋ ਕਿੱਤੇ ‘ਚ। ਫਿਰ ਰਾਜਵੰਤ ਨਾ ਸਿਰਫ਼ ਸੂਰਤੋਂ ਹੀ ਸਗੋਂ ਸੀਰਤੋਂ ਵੀ ਵਧੀਆ ਮੁੰਡਾ ਸੀ ਪਰ ਬਾਪ ਆਪਣੇ ਅੰਤਲੇ ਸਾਹਾਂ ਤੱਕ ਕਿਤੇ ਅੰਦਰੋਂ ਰਵਿੰਦਰ ਨੂੰ ਮੁਆਫ਼ ਨਹੀਂ ਸੀ ਕਰ ਸਕਿਆ, “ਰਵਿੰਦਰ, ਮੇਰੀ ਦਿੱਤੀ ਖੁੱਲ੍ਹ ਦਾ ਤੂੰ ਨਜ਼ੈਜ ਫਾਇਦਾ ਲਿਆ।” ਉਸਦੇ ਅੰਦਰੋਂ ਕਦੀ ਕਦੀ ਖੌਲਦੇ ਬੋਲ ਨਿਕਲਦੇ।
ਤੇ ਇਹੋ ਜਿਹਾ ਹੀ ਸ਼ਾਇਦ ਬਹੁਤ ਕੁਝ ਮਨ ‘ਚ ਕਿਤੇ ਅਟਕਿਆ ਹੋਇਆ ਸੀ, ਵਿਦਰੋਹ ਦਾ ਕੋਈ ਟੁਕੜਾ ਕਿ ਮੈਂ ਸਿਮਰਨ ਦੇ ਬਚਪਨ ਤੋਂ ਹੀ ਉਸਦੇ ਹਰ ਫੈਸਲੇ ਨਾਲ, ਉਸਦੀ ਹਿਮਾਇਤ ਕੀਤੀ ਸੀ। ਇੱਥੋਂ ਤੱਕ ਕਿ ਸਾਡੀ ਇੱਛਾ ਦੇ ਉਲਟ, ਉਸਨੇ ਮੈਡੀਕਲ ਦੀ ਥਾਂ ਏਅਰ ਹੋਸਟੈੱਸ ਨੂੰ ਕੈਰੀਅਰ ਵਜੋਂ ਚੁਨਣ ਦਾ ਫੈਸਲਾ ਕੀਤਾ ਤਾਂ ਵੀ ਖੁਸ਼ੀ ਨਾਲ ਹੀ ਮੰਨਿਆ, “ਠੀਕ ਹੈ ਜੇ ਤੈਨੂੰ ਇੰਜ ਠੀਕ ਲਗਦਾ ਹੈ ਤਾਂ…।”
ਜਦੋਂ ਉਸਨੇ ਨੌਕਰੀ ਜੁਆਇਨ ਕਰ ਲਈ ਤਾਂ ਇੱਕ ਵਾਰ ਘਰ ਛੁੱਟੀਆਂ ਬਿਤਾਉਣ ਆਈ ਨੂੰ ਕਿਹਾ, “ਵੇਖ ਸਿਮਰਨ, ਤੂੰ ਹੁਣ ਸਾਥੋਂ ਵੱਧ ਪੜ੍ਹ ਗਈ ਹੈਂ ਤੇ ਵੱਧ ਦੁਨੀਆਂ ਵੀ ਵੇਖ ਲਈ ਹੈ… ਵਿਆਹ ਬਾਰੇ ਤੇਰੀ ਜੋ ਵੀ ਪਸੰਦ ਹੋਵੇ, ਸਾਨੂੰ ਦੱਸ ਦੇ… ਨਾ ਤਾਂ ਸਾਨੂੰ ਜਾਤ ਗੋਤ ਦਾ ਕੋਈ ਵਿਚਾਰ ਹੈ ਤੇ ਨਾ ਦੇਸ਼ ਧਰਮ ਦਾ। ਅਸੀਂ ਤਾਂ ਤੇਰੀ ਖੁਸ਼ੀ ਚਾਹੁੰਦੇ ਹਾਂ…. ਤੇਰੀ ਖੁਸ਼ੀ ਖਾਤਰ ਤੇਰੇ ਨਾਲ ਹਾਂ। ਫੈਸਲਾ ਤੇਰਾ ਹੋਵੇਗਾ, ਵਿਆਹ ਅਸੀਂ ਕਰ ਦਿਆਂਗੇ ਜਿਹੋ ਜਿਹਾ ਵੀ ਤੂੰ ਚਾਹੇਂਗੀ। ਸਾਦਾ, ਕੋਰਟ ਤੇ ਜਾਂ ਫਿਰ ਪੂਰੀ ਧੂਮ-ਧਾਮ ਨਾਲ…।”
“ਵੇਖੀ ਜਾਵੇਗੀ ਪਾਪਾ, ਅਜੇ ਮੈਨੂੰ ਵਿਆਹ ਦੀ ਵਿਹਲ ਨਹੀਂ ਹੈ।”
“ਸਾਲ, ਛੇ ਮਹੀਨੇ ਠਹਿਰ ਕੇ ਸਹੀ ਪਰ ਤੂੰ ਹੁਣ ਵਿਆਹ ਕਰਵਾ ਲੈ। ਵਿਆਹ ਦੀ ਵੀ ਇੱਕ ਉਮਰ ਹੁੰਦੀ ਹੈ… ਬਾਕੀ ਸਿਆਣੀ ਹੈਂ!” ਇੰਨਾ ਕਹਿ ਕੇ ਲੱਗਿਆ ਸੀ ਕਿ ਮੈਂ ਕੋਈ ਬਹੁਤ ਵੱਡਾ ਮਾਅਰਕਾ ਮਾਰ ਲਿਆ ਹੈ, ਬਹੁਤ ਵੱਡਾ ਇਨਕਲਾਬ ਕਰ ਦਿੱਤਾ ਹੈ। ਮੇਰੇ ਜ਼ਿਹਨ ‘ਚ ਬਾਪ ਸੀ ਤੇ ਮੈਨੂੰ ਲਗਦਾ, ਉਸ ਬਾਪ ਦੇ ਖਿਲਾਫ਼ ਮੈਂ ਵਿਦਰੋਹ ਨੂੰ ਅਗਾਂਹ ਤੋਰ ਰਿਹਾ ਹਾਂ, ਪ੍ਰਵਾਨਗੀ ਦੇ ਰਿਹਾ ਹਾਂ। ਮੈਂ ਸਮੇਂ ਦੇ ਹਾਣ ਦਾ ਹਾਂ, ਖੜੋਤ ‘ਚ ਨਹੀਂ…. ਵਹਿੰਦਾ ਵਹਿਣ ਹਾਂ ! ਇਹੋ ਜਿਹਾ ਬਹੁਤ ਕੁਝ ਸੋਚਦਾ ਰਹਿੰਦਾ ਮਨ ਹੀ ਮਨ। ਇੱਥੋਂ ਤੱਕ ਕਿ ਜਦੋਂ ਕਦੀ ਗੁਰਪ੍ਰੀਤ ਵੀ ਸਿਮਰਨ ਦੇ ਵਿਆਹ ਦੀ ਚਿੰਤਾ ਜ਼ਾਹਰ ਕਰਦੀ ਤਾਂ ਉਸਨੂੰ ਵੀ ਗੌਲਦਾ ਨਾ।
ਪਰ ਰਾਹੁਲ ਨਾਲ…. ਦੋ ਦਿਨ ਪਹਿਲਾਂ ਹੀ ਉਸਦਾ ਫੋਨ ਆਇਆ ਸੀ। ਉਹ ਆਪਣੇ ਦੋਸਤ ਰਾਹੁਲ ਨਾਲ ਆ ਰਹੀ ਹੈ। ਜਾਣਾ ਤਾਂ ਉਨ੍ਹਾਂ ਅੱਗੇ ਕੁੱਲੂ ਮਨਾਲੀ ਸੀ ਪਰ ਰਾਹੁਲ ਦੀ ਪੰਜਾਬ ਦੇ ਪਿੰਡ ਦੇਖਣ ਦੀ ਇੱਛਾ ਸੀ ਤੇ ਉਸਨੇ ਪੁੱਛਿਆ, “ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਅਸੀਂ ਆ ਜਾਈਏ।” ਫੋਨ ਮੈਂ ਹੀ ਚੁੱਕਿਆ ਸੀ ਤੇ ਬੜੀ ਖੁਸ਼ੀ ਨਾਲ ਕਿਹਾ, “ਬੇਟੇ, ਸਾਨੂੰ ਇਤਰਾਜ਼ ਕਿਉਂ ਹੋਵੇਗਾ ? ਸਗੋਂ ਏਸੇ ਬਹਾਨੇ ਮਿਲ-ਗਿਲ ਲਵਾਂਗੇ।”
ਸਚਮੁੱਚ ਹੀ ਅੰਦਰੋਂ ਵੀ ਖੁਸ਼ ਹੋਇਆ ਸਾਂ ਕਿ ਚਲੋ ਉਸਨੇ ਕੋਈ ਫੈਸਲਾ ਤਾਂ ਲਿਆ। ਉਸਦੇ ਵਿਆਹ ਦਾ ਮਾਨਸਿਕ ਤੌਰ ‘ਤੇ ਜਿਹੜਾ ਇੱਕ ਫ਼ਿਕਰ ਸੀ, ਉਹ ਮੁੱਕਦਾ ਲੱਗਿਆ ਕਿ ਉਹ ਬਹਾਨੇ ਨਾਲ ਰਾਹੁਲ ਨੂੰ ਮਿਲਾਉਣ ਲਈ ਹੀ ਲਿਆ ਰਹੀ ਹੈ। ਸਾਡੀ ਪਸੰਦ, ਨਾ ਪਸੰਦ ਜਾਨਣ ਲਈ। ਹੋਰ ਕੀ ਕਹਿੰਦੀ ? ਅੱਜਕੱਲ੍ਹ ਮੁੰਡੇ-ਕੁੜੀਆਂ ‘ਕੱਠੇ ਤੁਰੇ ਫਿਰਦੇ ਹਨ। ਚੰਗਾ ਸਗੋਂ, ਪਹਿਲਾਂ ਇੱਕ-ਦੂਸਰੇ ਨੂੰ ਜਾਣ ਲੈਂਦੇ ਹਨ। ਭਾਵੇਂ ਕਿਤੇ ਨਾ ਕਿਤੇ ਇਹ ਗੱਲ ਚੁੱਭੀ ਵੀ ਜ਼ਰੂਰ ਕਿ ਇੱਥੋਂ ਫਿਰ ਉਹ ਕੁੱਲੂ ਮਨਾਲੀ ਹਫ਼ਤੇ ਲਈ ਜਾਣਗੇ। ਵਿਆਹ ਤੋਂ ਪਹਿਲਾਂ, ਦੋਵੇਂ ! ਪਰ ਇਸ ਚੁੱਭਣ ਨੂੰ ਮੈਂ ਟੀਸ ਨਾ ਬਣਨ ਦਿੱਤਾ।
ਉਨ੍ਹਾਂ ਦੀ ਆਓ-ਭਗਤ ਲਈ ਪੂਰੀ ਤਿਆਰੀ ਕੀਤੀ ਸੀ। ਗੁਰਪ੍ਰੀਤ ਨੇ ਦੋ ਕੰਮ-ਵਾਲੀਆਂ ਨੂੰ ਪੂਰੀ ਪੂਰੀ ਦਿਹਾੜੀ ਲਾ ਕੇ ਘਰ ਦੀ ਹਰ ਨੁੱਕਰ-ਖੂੰਜੇ ਦੀ ਝਾੜ-ਪੂੰਝ ਕੀਤੀ। ਪਰਦੇ ਧੋਤੇ ਗਏ, ਕੁਝ ਬਦਲੇ ਵੀ ਗਏ। ਸੋਫ਼ਾ-ਸੈਟ ਨਵਾਂ ਲਿਆਂਦਾ, ਕੁਝ ਹੋਰ ਫਰਨੀਚਰ ਵੀ। ਫੁੱਲਾਂ ਦੀਆਂ ਕਿਆਰੀਆਂ ਸਾਫ਼ ਕੀਤੀਆਂ, ਕੁਝ ਗਮਲੇ ਨਵੇਂ ਆਂਦੇ। ਦੋਵੇਂ ਦਿਨ ਇੰਜ ਰੁੱਝੇ ਰਹੇ ਕੰਮਾਂ ‘ਚ ਜਿਵੇਂ ਵਿਆਹ ਵਾਲੇ ਘਰ ‘ਚ ਹੁੰਦਾ ਹੈ ਤੇ ਫਿਰ ਚਾਰ ਵਜੇ ਤੱਕ ਸਭ ਕੁਝ ਸਜਾ-ਸੰਵਰ ਕੇ ਉਨ੍ਹਾਂ ਦੀ ਉਡੀਕ ਕਰਨ ਲੱਗ ਪਏ ਸਾਂ।
ਗੇਟ ਮੂਹਰੇ ਕਾਰ ਆ ਕੇ ਰੁਕੀ ਤਾਂ ਗੋਟ ਖੋਲ੍ਹਦਿਆਂ ਮਨ ‘ਚ ਕਈ ਕੁਝ ਅਗਿਆਤਾ ਜਿਹਾ ਧੜਕ ਰਿਹਾ ਸੀ। ਗੁਜਰਾਤੀ ਹੈ, ਪਤਾ ਨਹੀਂ ਦੇਖਣ ‘ਚ ਕਿਹੋ ਜਿਹਾ ਹੋਵੇਗਾ ? ਜਚਦਾ ਵੀ ਹੋਵੇਗਾ ਕਿ ਨਹੀਂ ? ਪਰ ਜਦੋਂ ਸਿਮਰਨ ਨਾਲ ਡਰਾਈਵਿੰਗ ਸੀਟ ਤੋਂ ਰਾਹੁਲ ਨੂੰ ਉਤਰਦਿਆਂ ਦੇਖਿਆ ਤਾਂ ਮਨ ਖੁਸ਼ ਹੋ ਗਿਆ ਸੀ। ਉੱਚਾ, ਲੰਮਾ, ਸੁਹਣਾ। ਲਗਦਾ ਹੀ ਨਹੀਂ ਸੀ ਕਿ ਉਹ ਪੰਜਾਬੀ ਨਹੀਂ ਹੈ। ਉਹ ਅੰਦਰ ਲੰਘਣ ਲੱਗੇ ਤਾਂ ਗੁਰਪ੍ਰੀਤ ਨੇ ਸ਼ਗਨ ਕੀਤੇ। ਬੂਹੇ ‘ਤੇ ਤੇਲ ਚੋਇਆ। ਇਸਨੂੰ ਦੇਖ ਰਾਹੁਲ ਨੇ ਨਾਲ ਸਿਮਰਨ ਵੀ ਕੁਝ ਪ੍ਰੇਸ਼ਾਨ ਜਿਹੀ ਹੋ ਗਈ ਸੀ, ‘ਓ ਮੰਮਾ, ਤੁਸੀਂ ਵੀ ਬੱਸ..।’ ਤੇ ਫਿਰ ਉਸਨੇ ਰਾਹੁਲ ਦੇ ਕੰਨ ਕੋਲ ਅੰਗਰੇਜ਼ੀ ‘ਚ ਕੁਝ ਕਿਹਾ ਕਿ ਦੋਵੇਂ ਮੁਸਕਰਾ ਪਏ ਸਨ।
ਚਾਹ ਪੀਂਦਿਆਂ ਰਾਹੁਲ ਨਾਲ ਕਈ ਗੱਲਾਂ ਹੋਈਆਂ। ਉਹ ਘੱਟ ਬੋਲਦਾ, ਬਹੁਤੀ ਵਾਰ ਸਿਮਰਨ ਹੀ ਦਖਲ-ਅੰਦਾਜ਼ੀ ਕਰ ਦੱਸਦੀ ਰਹੀ। ਕੁਝ ਤਾਂ ਸ਼ਾਇਦ ਵਿਚਕਾਰ ਬੋਲੀ ਦੀ ਵੀ ਰੁਕਾਵਟ ਸੀ ਕਿ ਉਹ ਪੰਜਾਬੀ ਘੱਟ ਜਾਣਦਾ ਸੀ, ਬੋਲ ਤਾਂ ਉਸਤੋਂ ਵੀ ਘੱਟ ਸਕਦਾ। ਕੁਝ ਹੀ ਸ਼ਬਦ ਸਨ ਜਿਹੜੇ ਸ਼ਾਇਦ ਸਿਮਰਨ ਨੇ ਉਸਨੂੰ ਸਿਖਾਏ ਹੋਏ ਸਨ। ਚਾਹ ਵਗੈਰਾ ਪੀ ਕੇ ਵਿਹਲੇ ਹੋਏ ਤਾਂ ਪਿੰਡ ਜਾਣ ਲਈ ਤਿਆਰ ਹੋ ਪਏ ਸਨ।
“ਹੁਣੇ ਹੀ ! ਕੱਲ ਸਵੇਰੇ ਚਲੇ ਚਲਾਂਗੇ… ਅੱਜ ਕਿਸੇ ਨੂੰ ਕਹਿ ਕੇ ਪਿੰਡ ਵਾਲੇ ਘਰ ਦੀ ਸਫ਼ਾਈ ਵਗੈਰਾ ਕਰਾ ਦਿੰਦੇ ਹਾਂ…।” ਪਿਛਲੇ ਨੌਂ-ਦਸ ਸਾਲਾਂ ਤੋਂ ਜਿਉਂ ਸ਼ਹਿਰ ਇਹ ਘਰ ਬਣਾਇਆ ਹੈ, ਪਿੰਡ ਹੁਣ ਹਫ਼ਤੇ ਦਸੀਂ ਦਿਨੀਂ ਹੀ ਜਾ ਹੁੰਦਾ ਹੈ। ਫ਼ਸਲ ਦੀ ਬਿਜਾਈ ਵਢਾਈ ਦੇ ਮੌਕੇ ਕਈ ਵਾਰ ਹਫ਼ਤਾ, ਦੋ ਹਫ਼ਤੇ ਪਿੰਡ ਵੀ ਰਹਿ ਲਈਦਾ ਹੈ ਛੁੱਟੀਆਂ ਲੈ ਕੇ। ਬਾਕੀ ਸਮੇਂ ‘ਚ ਫ਼ਸਲ ਦੀ ਦੇਖ-ਭਾਲ ਲਈ ਗੁਲੂ ਨੂੰ ਰੱਖਿਆ ਹੋਇਆ ਹੈ। ਫ਼ਸਲ ਦੀ ਫ਼ਸਲ ਉਸਨੂੰ ਦਾਣੇ ਦੇ ਦੇਈਦੇ ਹਨ। ਉਸਦੇ ਪਸ਼ੂਆਂ ਦਾ ਪੱਠਾ-ਦੱਥਾ ਵੀ ਖੇਤਾਂ ‘ਚੋਂ ਚਲਦਾ ਰਹਿੰਦਾ। ਹਫ਼ਤੇ ਦਸੀਂ ਦਿਨੀਂ ਘਰ ਦੀ ਸਾਫ਼-ਸਫ਼ਾਈ ਵੀ ਉਸਦਾ ਟੱਬਰ ਕਰ ਦਿੰਦਾ ਹੈ। ਰਾਤ ਨੂੰ ਵੀ ਉਸਦੇ ਘਰ ਦਾ ਕੋਈ ਜੀਅ ਬਰਾਂਡੇ ‘ਚ ਆ ਪੈਂਦਾ।
“ਨਹੀਂ, ਸਵੇਰੇ ਛੇ-ਸੱਤ ਵਜੇ ਤਾਂ ਅਸੀਂ ਮਨਾਲੀ ਲਈ ਨਿਕਲਾਂਗੇ।”
ਉਸੇ ਵੇਲੇ ਗੁਲੂ ਦੇ ਨਾਲ ਦੇ ਘਰ ਫੋਨ ਕਰਕੇ ਉਨ੍ਹਾਂ ਨੂੰ ਘਰ ਦੀ ਸਫ਼ਾਈ ਵਗੈਰਾ ਕਰਨ ਲਈ ਕਿਹਾ। ਭਾਵੇਂ ਹੌਲੀ ਹੌਲੀ ਗਏ, ਰਾਹੁਲ ਰਾਹ ‘ਚ ਰੁੱਖਾਂ, ਫ਼ਸਲਾਂ, ਥਾਵਾਂ ਬਾਰੇ ਜਾਣਕਾਰੀ ਲੈਂਦਾ ਪੁੱਛਦਾ ਰਿਹਾ। ਫਿਰ ਵੀ ਵੀਹ ਕੁ ਮਿੰਟਾਂ ‘ਚ ਪੁੱਜ ਹੀ ਗਏ। ਪੈਂਡਾ ਵੀ ਕੀ ਹੁੰਦਾ ਤੇਰਾਂ-ਚੌਦਾਂ ਕਿਲੋਮੀਟਰ ਕਾਰ ਮੂਹਰੇ। ਪਹਿਲਾਂ ਸਿੱਧੇ ਖੇਤਾਂ ‘ਚ ਹੀ ਗਏ। ਘੁੰਮ ਫਿਰ ਕੇ ਪਿੰਡ ਵਾਲੇ ਘਰ ‘ਚ ਪੁੱਜੇ ਤਾਂ ਗੁਲੂ ਦਾ ਟੱਬਰ ਅਜੇ ਵੀ ਸਾਫ਼ ਸਫ਼ਾਈ ‘ਚ ਲੱਗਾ ਹੋਇਆ ਸੀ। ਕਾਰ ‘ਚੋਂ ਸਿਮਰਨ ਤੇ ਰਾਹੁਲ ਨੂੰ ਉਤਰਦਿਆਂ ਦੇਖਿਆ ਤਾਂ ਕਿਸੇ ਇੱਕ-ਅੱਧੇ ਨੇ ਹੀ ਸੀ, ਪਰ ਜਾਨਣ ਦੀ ਉਤਸੁਕਤਾ ਨੂੰ ਲੈ ਮਿਲਣ ਦੇ ਬਹਾਨੇ ਆਉਣੇ ਕਈ ਸ਼ੁਰੂ ਹੋ ਗਏ, “ਕੁੜੀ ਸੁੱਖ ਨਾਲ ਕਈ ਸਾਲਾਂ ਪਿੱਛੋਂ ਦੇਖੀ ਐ।” ਸ਼ਰੀਕਣੀਆਂ ਗੱਲਾਂ ਤਾਂ ਸਿਮਰਨ ਨਾਲ ਕਰਦੀਆਂ, ਪਰ ਝਾਕਦੀਆਂ ਬਹੁਤਾ ਰਾਹੁਲ ਵੱਲ ਸਨ।
“ਕਿਤੇ ਸਿਮਰਨ ਤੂੰ ਸਾਥੋਂ ਚੋਰੀ ਚੋਰੀ ਮੰਗ ਤਾਂ ਨਹੀਂ ਦਿੱਤਾ…।” ਤਾਏ ਦੀ ਨੂੰਹ ਨੇ ਰਾਹੁਲ ਵੱਲ ਦੇਖਦਿਆਂ ਕਿਹਾ। ਉਹ ਸ਼ਾਇਦ ਸਿੱਧਾ ਪੁੱਛਣੋਂ ਝੱਕ ਗਈ ਸੀ।
‘ਹਾਂ’ ਸ਼ਾਇਦ ਗੁਰਪ੍ਰੀਤ ਵੀ ਅਜਿਹੇ ਸੁਆਲਾਂ ਲਈ ਤਿਆਰ ਨਹੀਂ ਸੀ ਤੇ ਫਿਰ ਜਦੋਂ ਸ਼ੁਰੂ ਹੀ ਹੋ ਗਏ ਤਾਂ ਇੱਕ ਨਾਲ ਦੂਸਰੀ ਲੜੀ ਜੁੜਦੀ ਅਗਾਂਹ ਹੀ ਅਗਾਂਹ ਵਧਦੀ ਗਈ। ਸਿਮਰਨ ਦੇ ਨਾਲ ਨਾਲ ਰਾਹੁਲ ਨੂੰ ਵੀ ‘ਪਿਆਰ’ ਮਿਲਣੇ ਸ਼ੁਰੂ ਹੋ ਗਏ। ਪਿੰਡ ਵਾਲੇ ਆਪਣੀ ਥਾਂ ਠੀਕ ਸਨ। ਸਾਰਿਆਂ ਨੂੰ ਸੀ ਕਿ ਮਿਲਾਉਣ ਹੀ ਤਾਂ ਲਿਆਏ ਹਨ… ਤੇ ਜੇ ਨਾ ਸ਼ਗਨ ਦਿੱਤਾ ! …ਸ਼ਰੀਕੇ ‘ਚ ਇਹੀ ਵਾਰੀ ਦੇ ਵੱਟੇ ਤਾਂ ਬਹੁਤੇ ਗੌਲੇ ਜਾਂਦੇ ਹਨ। ਸਿਮਰਨ ਨੂੰ ਅੰਦਰੋਂ-ਅੰਦਰੀਂ ਵੱਟ ਚੜ੍ਹਦਾ ਰਿਹਾ ! ਰਾਹੁਲ ਵੀ ਪ੍ਰੇਸ਼ਾਨ ਸੀ।
ਮੁੜਦਿਆਂ ਲਗਭਗ ਉਹ ਘੁੱਟੇ-ਵੱਟੇ ਹੀ ਆਏ। ਘਰ ਪੁੱਜਦਿਆਂ ਹੀ ਰਾਹੁਲ ਤਾਂ ਥੱਕੇ ਹੋਣ ਦਾ ਬਹਾਨਾ ਕਰਕੇ ਸੌਣ ਲਈ ਚਲਾ ਗਿਆ ਪਰ ਸਿਮਰਨ ਆਪਣੀ ਮੰਮੀ ‘ਤੇ ਵਰ ਪਈ, “ਮੰਮੀ ਇਹ ਕੀ ਤਮਾਸ਼ਾ ਬਣਾ ਦਿੱਤਾ ਤੂੰ ਪਿੰਡ…. ਆਉਂਦਿਆਂ ਵੀ ਸ਼ਗਨ ਕਰਨੇ… ਕੀ ਹੋ ਰਿਹਾ ਹੈ ਇਹ ਸਭ ਕੁਝ…।”
“ਬੇਟੀ, ਰਾਹੁਲ ਪਹਿਲੀ ਵਾਰ ਆਇਆ, ਉਵੇਂ ਹੀ ਕਿਵੇਂ ਵਾੜ ਲੈਂਦੀ ਘਰ…।”
“ਮੰਮੀ, ਜਿਵੇਂ ਦਾ ਤੁਸੀਂ ਸੋਚ ਰਹੇ ਹੋ, ਉਵੇਂ ਦਾ ਕੁਝ ਨਹੀਂ ਹੈ ! ਰਾਹੁਲ ਮੇਰਾ ਦੋਸਤ ਹੈ, ਸਿਰਫ਼ ਤੇ ਸਿਰਫ਼ ਦੋਸਤ… ਇਸ ਤੋਂ ਵੱਧ ਕੁਝ ਨਹੀਂ।”
“ਵੇਖ ਸਿਮਰਨ, ਨਾ ਤਾਂ ਸਾਨੂੰ ਉਸਦੇ ਵੱਖਰੇ ਧਰਮ ‘ਤੇ ਕੋਈ ਇਤਰਾਜ਼ ਹੈ ਤੇ ਨਾ ਹੀ ਹੋਰ ਕਈ। ਸਾਡੇ ਲਈ ਤੇਰੀ ਚੋਣ ਹੀ ਸਭ ਅਰਥ ਰੱਖਦੀ ਹੈ। ਸੋ ਤੂੰ ਜਿਵੇਂ ਵੀ ਚਾਹੁੰਦੀ ਹੈਂ, ਉਵੇਂ ਹੀ ਅਸੀਂ ਵਿਆਹ ਕਰ ਦੇਂਦੇ ਹਾਂ…।”
“ਪਾਪਾ, ਮੈਂ ਕਹਿ ਰਹੀ ਹਾਂ ਅਸੀਂ ਸਿਰਫ਼ ਦੋਸਤ ਹਾਂ ! ਵਿਆਹ ਬਾਰੇ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ !! ਅਜੇ ਇਹ ਕਦੀ ਮਨ ‘ਚ ਹੀ ਨਹੀਂ ਆਇਆ…।”
“ਕੀ ?” ਮੈਂ ਪਹਿਲੀ ਵਾਰ ਚੌਂਕਿਆ, “ਅਸੀਂ ਲੋਕਾਂ ਨੂੰ ਕੀ ਦੱਸੀਏ ? ਸਿਮਰਨ, ਇਹ ਯੌਰਪ ਨਹੀਂ ਹੈ ਤੇ ਜਿਸ ਦੇਸ਼ ‘ਚ ਰਹੀਏ ਉਸਦੇ ਸਭਿਆਚਾਰ ਨੂੰ ਨਾਲ ਲੈ ਕੇ ਚਲਣਾ ਹੀ ਪੈਂਦਾ ਹੈ।”
“ਕਿਹੜਾ ਸਭਿਆਚਾਰ ਪਾਪਾ ? ਤੁਹਾਡੇ ਵੇਲੇ ਦਾ, ਤੁਹਾਡੇ ਪਾਪਾ ਦੇ ਵੇਲੇ ਦਾ ਜਾਂ ਉਨ੍ਹਾਂ ਦੇ ਪਾਪਾ ਦੇ ਵੇਲੇ ਦਾ ! ਹੁਣ ਵੀ ਪਿੰਡਾਂ ‘ਚ ਲੋਕ ਹੋਰ ਤਰ੍ਹਾਂ ਰਹਿੰਦੇ ਹਨ, ਇਸ ਸ਼ਹਿਰ ‘ਚ ਹੋਰ ਤਰ੍ਹਾਂ, ਮਹਾਂ-ਨਗਰਾਂ ‘ਚ ਬਿਲਕੁਲ ਹੀ ਹੋਰ ਤਰ੍ਹਾਂ… ਤੇ ਇੱਕੋ ਪਿੰਡ ‘ਚ ਵੀ… ਹਰ ਘਰ ਦੀ ਮਰਿਆਦਾ, ਹਰ ਘਰ ਦਾ ਕਲਚਰ ਵੱਖਰਾ ਹੈ। ਇਸੇ ਪਿੰਡ ‘ਚ ਭੂਆ ਜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਤੁਸੀਂ ਉਸਦੀ ਹਿਮਾਇਤ ਕੀਤੀ ਸੀ… ਪਿੰਡ ‘ਚ ਹੋਰ ਕਿੰਨੇ ਘਰ ਹਨ ਜਿਨ੍ਹਾਂ ‘ਚ ਕੁੜੀਆਂ ਉਸ ਵੇਲੇ ਮੂੰਹ ਵੀ ਖੋਲ੍ਹ ਸਕਦੀਆਂ ਸਨ ਆਪਣੀ ਪਸੰਦ ਬਾਰੇ… ਫਿਰ ਕਿਹੜੇ ਕਲਚਰ ਨੂੰ ਤੁਸੀਂ ਇਸ ਦੇਸ਼ ਦਾ ਕਲਚਰ ਕਹੋਗੇ… ਜਾਂ ਹਰ ਕੋਈ ਜਿਵੇਂ ਉਸਦੇ ਫਿੱਟ ਆਉਂਦਾ ਹੈ, ਇਸਦੇ ਅਰਥ ਕਰੀ ਜਾ ਰਿਹਾ ਹੈ…. ਇਹ ਦੰਭ ਸਭ ਤੋਂ ਖਤਰਨਾਕ ਹੈ…।” ਗੱਲਾਂ ‘ਚ ਨਾ ਉਸ ਵਾਰੇ ਆਉਣਾ ਸੀ ਨਾ ਆਈ ਪਰ ਨਾ ਹੀ ਸਾਨੂੰ ਉਸਦੀਆਂ ਦਲੀਲਾਂ ਹਜ਼ਮ ਹੋ ਸਕੀਆਂ।
ਰਾਤੀਂ ਦੇਰ ਤੱਕ ਇਹ ਬਹਿਸ ਮੁਬਾਹਸਾ ਚਲਦਾ ਰਿਹਾ। ਫਿਰ ਅਚਾਨਕ ਚੁੱਪ ਵੱਟ ਗਈ, ਜਿਸਨੂੰ ਕਿੰਨੀ ਹੀ ਦੇਰ ਬਾਅਦ ਗੁਰਪ੍ਰੀਤ ਨੇ ਵੱਖਰਾ ਮੋੜ ਦਿੱਤਾ, “ਰੋਟੀ ਬਣ ਗਈ ਐ… ਰਾਹੁਲ ਨੂੰ ਕਹਿ ਦੇ ਖਾ ਲਏ ਆ ਕੇ…।”
ਉਹ ਉੱਪਰੋਂ ਜਾ ਕੇ ਮੁੜ ਆਈ, “ਉਹ ਅਜੇ ਸੁੱਤਾ ਹੋਇਆ। ਜਦੋਂ ਜਾਗਿਆ ਮੈਂ ਦੇ ਦਿਆਂਗੀ… ਤੁਸੀਂ ਖਾਓ…।”
ਅੱਧੇ ਮਨ ਨਾਲ ਢਿੱਡ ਭਰਨ ਵਾਲੀ ਗੱਲ ਸੀ। ਇੱਕ-ਅੱਧ ਰੋਟੀ ਸ਼ਾਇਦ ਉਸਨੇ ਵੀ ਖਾਧੀ। ਫਿਰ ਉਹ ਉੱਥੇ ਸੋਫ਼ੇ ‘ਤੇ ਹੀ ਪੈ ਗਈ। ਅੱਧੀ ਕੁ ਰਾਤ ਨੂੰ ਮੈਂ ਇੱਕ ਵਾਰ ਉੱਠ ਕੇ ਦੇਖਿਆ ਤਾਂ ਉਹ ਉੱਥੇ ਹੀ ਸੁੱਤੀ ਹੋਈ ਸੀ। ਚਾਹ ਕੇ ਉਸਨੂੰ ਜਗਾ, ਬੈੱਡ ‘ਤੇ ਪੈਣ ਲਈ ਨਾ ਕਹਿ ਸਕਿਆ।
ਰਾਤੀਂ ਰਾਹੁਲ ਨੇ ਰੋਟੀ ਖਾਧੀ ਕਿ ਨਾ ਜਾਂ ਫਿਰ ਕਦੋਂ ਉਹ ਜਾਗ ਕੇ ਤਿਆਰ ਹੋਣ ਲੱਗ ਪਏ ਸਨ, ਪਤਾ ਨਹੀਂ। ਡਰਾਇੰਗ ਰੂਮ ‘ਚ ਖੜਾਕ ਹੋਣ ‘ਤੇ ਗੁਰਪ੍ਰੀਤ ਬਾਹਰ ਨਿਕਲੀ ਤਾਂ ਉਹ ਲਗਭਗ ਤਿਆਰੀ ‘ਚ ਸਨ। ਉਸਨੇ ਚਾਹ ਬਣਾਈ। ਫਿਰ ਬੈੱਡਰੂਮ ਦੇ ਦਰਵਾਜ਼ੇ ਕੋਲ ਆ ਕੇ ਮੈਨੂੰ ਪੁੱਛਿਆ, “ਤੁਹਾਡੀ ਚਾਹ ਏਥੇ ਹੀ ਦੇ ਜਾਵਾਂ ਕਿ ਤੁਸੀਂ ਐਥੇ ਆ ਕੇ ਪੀਓਗੇ…. ਸਿਮਰਨ ਹੋਰੀਂ ਤਾਂ ਤਿਆਰ ਐ ਜਾਣ ਲਈ…।”
“ਮੈਨੂੰ ਇੱਥੇ ਹੀ ਫੜਾ ਦੇ…।”
ਜਾਣ ਤੋਂ ਪਹਿਲਾਂ ਸਿਮਰਨ ਅੰਦਰ ਆਈ। ਰਾਹੁਲ ਵੀ ਆਇਆ।
“ਪਾਪਾ, ਮੁੜਦਿਆਂ ਤਾਂ ਅਸੀਂ ਕਾਹਲੀ ‘ਚ ਹੋਵਾਂਗੇ, ਇਸ ਲਈ ਸਿੱਧੇ ਚੰਡੀਗੜ੍ਹ ਥਾਣੀਂ ਨਿਕਲਾਂਗੇ… ਇੱਧਰ ਨਹੀਂ ਹੋਣਾ।” ਉਸਨੇ ਰਸਮੀ ਜਿਹਾ ਕਿਹਾ। ਉਂਜ ਉਹ ਚੰਗੀ ਤਰ੍ਹਾਂ ਜਾਣਦੀ ਸੀ ਇੱਥੇ ਵੀ ਕਿਹੜਾ ਬੜੀ ਚਾਹ ਨਾਲ ਉਸਦੀ ਉਡੀਕ ਹੋ ਰਹੀ ਹੋਣੀ ਹੈ, ਮਨ ਤੇ ਰੂਹ ਦੀ ਸ਼ਿੱਦਤ ਨਾਲ। ਪਰ ਅੱਜ…!
“ਠੀਕ ਹੈ।” ਮੈਂ ਬੈੱਡ ਤੋਂ ਨਾ ਉੱਠਿਆ। ਉਂਜ ਬਾਹਰ ਜਾਂਦੇ ਉਨ੍ਹਾਂ ਦੇ ਪੈਰਾਂ ਦੀ ਖੜਾਕ, ਕਾਰ ਸਟਾਰਟ ਹੋਣ ਤੇ ਫਿਰ ਉਸਦੇ ਤੁਰ ਪੈਣ ਦੀ ਆਵਾਜ਼, ਪਲ ਪਲ ਮੈਨੂੰ ਤੋੜਦੀ ਰਹੀ।
*****