14 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਭੇਜੀ 2 ਕਿੱਲੋ 998 ਗ੍ਰਾਮ ਹੈਰੋਇਨ ਦੀ ਖੇਪ ਖੇਮਕਰਨ ਪੁਲਸ ਤੇ ਬੀਐੱਸਐੱਫ ਨੇ ਸਾਂਝੇ ਸਰਚ ਅਭਿਆਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਹਿਦੀਪੁਰ ‘ਚੋਂ ਬਰਾਮਦ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਡਰੋਨ ਵੱਲੋਂ ਆਸਮਾਨ ‘ਚੋਂ ਸੁੱਟਿਆ ਹੈਰੋਇਨ ਦਾ ਪੈਕੇਟ ਪਸ਼ੂਆਂ ਦੇ ਸ਼ੈੱਡ ਨੂੰ ਤੋੜ ਕੇ ਜ਼ਮੀਨ ‘ਤੇ ਆ ਡਿੱਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੋਂ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 09:05 ਤੇ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਸਲੇਟੀ ਰੰਗ ਦਾ ਪੈਕੇਟ ਜਿਸ ‘ਚ 2 ਕਿੱਲੋ 998 ਗ੍ਰਾਮ ਹੈਰੋਇਨ ਮੌਜੂਦ ਸੀ,ਸਰਹੱਦੀ ਪਿੰਡ ਮਹਿਦੀਪੁਰ ਤੋਂ ਕਿਸਾਨ ਹਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਖੇਤਾਂ ਵਿੱਚ ਬਣੇ ਪਸ਼ੂਆਂ ਦੇ ਸ਼ੈੱਡ ਨੂੰ ਤੋੜ ਕੇ ਅੰਦਰ ਆ ਡਿੱਗਾ,ਜਿਸ ਨੂੰ ਖੇਮਕਰਨ ਪੁਲਸ ਅਤੇ ਬੀਐੱਸਐੱਫ਼ ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕਰਕੇ ਐਫਆਈਆਰ ਨੰਬਰ 28 ਪੁਲਸ ਸਟੇਸ਼ਨ ਖੇਮਕਰਨ ਮਿਤੀ 12/03/24 ,ਆਈਪੀਸੀ 21 ਸੀ ਐਨਡੀਪੀਐਸ ਐਕਟ 10,11,12 ਏਅਰਕ੍ਰਾਫਟ ਐਕਟ 1934 ਪੀਐਸ ਅਧੀਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ, ਉਹ ਭਾਰਤ-ਪਾਕਿ ਸਰਹੱਦ ਤੋਂ 2100 ਮੀਟਰ ਦੂਰ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੈਰੋਇਨ ਸੁੱਟਣ ਵਾਲੇ ਡਰੋਨ ਦੀ ਭਾਲ ਅਜੇ ਵੀ ਜਾਰੀ ਹੈ।