18 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਪਾਕਿਸਤਾਨੀ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਭੇਜੀ 2 ਕਿੱਲੋ 996 ਗ੍ਰਾਮ ਹੈਰੋਇਨ ਦੀ ਖੇਪ ਖੇਮਕਰਨ ਪੁਲਸ ਤੇ ਬੀਐੱਸਐੱਫ ਨੇ ਸਾਂਝੇ ਸਰਚ ਅਭਿਆਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਹਿਦੀਪੁਰ ‘ਚੋਂ ਬਰਾਮਦ ਕਰ ਲਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਖੇਮਕਰਨ ਦੀ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਏ ਜਾ ਰਹੇ ਸਾਂਝੇ ਸਰਚ ਅਪਰੇਸ਼ਨ ਦੌਰਾਨ ਪੀਰ ਬਾਬਾ ਬੋਤਲ ਸ਼ਾਹ ਪਿੰਡ ਮਹਿਦੀਪੁਰ ਦੀ ਜਗ੍ਹਾ ਤੇ ਇੱਕ ਕਾਲੇ ਰੰਗ ਦਾ ਬੈਗ ਮਿਲਿਆ ਤਾਂ ਜਦੋਂ ਪੁਲਿਸ ਅਤੇ ਬੀਐਸਐਫ ਵੱਲੋਂ ਉਕਤ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਛੇ ਪੈਕਟ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ ਵਜਨ 2 ਕਿੱਲੋ 996 ਗ੍ਰਾਮ ਹੈਰੋਇਨ ਹੋਇਆ । ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਖੇਮਕਰਨ ਵਿੱਚ ਐਫਆਈਆਰ ਨੰਬਰ 30, ਜੁਰਮ 21ਸੀ 61/85 ਐਨਡੀਪੀਐਸ ਐਕਟ ‘ਤੇ 10/11/12 ਏਅਰਕਰਾਫਟ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਡਰੋਨ ਦੀ ਭਾਲ ਜਾਰੀ ਹੈ।