2 ਜੁਲਾਈ (ਗਗਨਦਦੀਪ ਸਿੰਘ) ਬਠਿੰਡਾ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ 04 ਜੁਲਾਈ 2024 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ.ਜਸਪ੍ਰੀਤ ਸਿੰਘ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਰੱਕਸ਼ਾ ਸਕਿਉਰਿਟੀ ਸਰਵਿਸ ਲਿਮਟਿਡ ਦੇ ਸਹਿਯੋਗ ਨਾਲ ਸਕਿਉਰਿਟੀ ਗਾਰਡ ਦੀਆਂ ਕੁੱਲ 100 ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ 10 ਵੀਂ ਪਾਸ ਅਤੇ ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਲੜਕਿਆਂ ਲਈ ਕੱਦ 167 ਸੈਂਟੀਮੀਟਰ ਅਤੇ ਲੜਕੀਆਂ ਲਈ ਕੱਦ 157 ਸੈਟੀਂਮੀਟਰ ਹੋਣਾ ਜ਼ਰੂਰੀ ਹੈ। ਚੁਣੇ ਹੋਏ ਪ੍ਰਾਰਥੀਆਂ ਦੀ ਤਨਖਾਹ ਅੱਠ ਘੰਟਿਆਂ ਦੀ ਡਿਊਟੀ ਲਈ 13000/- ਰੁਪਏ ਤੋਂ 18000/- ਪ੍ਰਤੀ ਮਹੀਨਾ ਅਤੇ 12 ਘੰਟਿਆਂ ਦੀ ਡਿਊਟੀ ਲਈ 16000/- ਰੁਪਏ ਤੋਂ 22,000/- ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਨ੍ਹਾਂ ਅਸਾਮੀਆਂ ਲਈ 30 ਦਿਨ ਦੀ ਟ੍ਰੇਨਿੰਗ ਬੰਗਲੌਰ ਵਿਖੇ ਲਗਾਈ ਜਾਵੇਗੀ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਚੁਣੇ ਹੋਏ ਪ੍ਰਾਰਥੀਆਂ ਨੂੰ ਲੁਧਿਆਣਾ, ਰਾਜਪੁਰਾ, ਚੰਡੀਗੜ੍ਹ ਜਾਂ ਭਾਰਤ ਵਿੱਚ ਕਿਤੇ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਚਾਹਵਾਨ ਪ੍ਰਾਰਥੀ ਆਪਣੇ ਨਾਲ ਬਾਇਓਡਾਟਾ, ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ, ਬੈਂਕ ਪਾਸ ਬੁੱਕ ਅਤੇ ਤਿੰਨ ਫੋਟੋਆਂ ਲੈ ਕੇ 04 ਜੁਲਾਈ 2024, ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ, ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਬਿਊਰੋ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।