26 ਜਨਵਰੀ: ਭਾਰਤ ਸਰਕਾਰ ਨੇ ਇਸ ਸਾਲ ਦੇ ਪਦਮ ਐਵਾਰਡਾਂ(ਪਦਮ ਵਿਭੂਸ਼ਣ ਜੋ ਕਿ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ,ਪਦਮ ਭੂਸ਼ਣ ਜੋ ਕਿ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ ਤੇ ਪਦਮ ਸ੍ਰੀ ਜੋ ਕਿ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ)ਦਾ ਐਲਾਨ ਕਰ ਦਿੱਤਾ ਹੈ।ਇਸ ਵਾਰ 5 ਪਦਮ ਵਿਭੂਸ਼ਣ,17 ਪਦਮ ਭੂਸ਼ਣ ਤੇ 110 ਪਦਮ ਸ੍ਰੀ ਸਨਮਾਨਾਂ ਦਾ ਐਲਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਰਤਨ ਦਾ ਐਲਾਨ 23 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਦੇਣ ਦਾ ਐਲਾਨ ਪਹਿਲਾਂ ਹੀ ਟਵੀਟ ਰਾਹੀਂ ਕਰ ਦਿੱਤਾ ਸੀ।
ਪਦਮ ਐਵਾਰਡ ਹਰ ਸਾਲ 25 ਜਨਵਰੀ ਨੰ ਐੋਲਾਨੇ ਜਾਂਦੇ ਹਨ ਤੇ ਮਾਰਚ-ਅਪ੍ਰੈਲ’ਚ ਰਾਸ਼ਟਰਪਤੀ ਭਵਨ’ਚ ਇੱਕ ਸਮਾਰੋਹ ਕਰਕੇ ਦਿੱਤੇ ਜਾਂਦੇ ਹਨ।
ਪੰਜਾਬ ਚੋਂ ਕੋਈ ਪਦਮ ਵਿਭੂਸ਼ਣ ਤੇ ਪਦਮ ਭੂਸ਼ਣ ਲਈ ਨਹੀਂ ਚੁਣਿਆ ਗਿਆ ਹੈ।ਪ੍ਰਸਿੱਧ ਫਿਲਮ ਤੇ ਥਿਏਟਰ ਅਭਿਨੇਤਰੀ 80 ਸਾਲਾਂ ਦੀ ਨਿਰਮਲ ਰਿਸ਼ੀ ਤੇ 93 ਵਰ੍ਹਿਆਂ ਦੇ ਥਿਏਟਰ ਅਭਿਨੇਤਾ ਪ੍ਰਾਣ ਸਭਰਵਾਲ ਪਦਮ ਸ੍ਰੀ ਸਨਮਾਨ ਹਾਸਿਲ ਕਰਨ ਵਾਲੀਆਂ ਸੂਬੇ ਦੀਆਂ ਦੋ ਹਸਤੀਆਂ ਹਨ।
ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1943 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ’ਚ ਇੱਕ ਬ੍ਰਾਹਮਣ ਪਰਿਵਾਰ’ਚ ਹੋਇਆ।ਤਾਉਮਰ ਅਣਵਿਆਹੀ ਰਹਿਣ ਵਾਲੀ ਰਿਸ਼ੀ ਨੇ PTI ਅਧਿਆਪਕਾ ਬਣਨ ਲਈ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਵਿਖੇ ਦਾਖ਼ਲਾ ਲਿਆ ਸੀ,ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਹਰਪਾਲ ਟਿਵਾਣਾ ਦੀ ਸ਼ਾਗਿਰਦਗੀ’ਚ ਨਿਰਮਲ ਰਿਸ਼ੀ ਨੇ 50 ਦੇ ਕਰੀਬ ਨਾਟਕਾਂ’ਚ ਆਪਣੀ ਕਲਾ ਦਾ ਲੋਹਾ ਮਨਵਾਇਆ।ਇਹਨਾਂ’ਚ ‘ਕਾਬੁਲੀ ਵਾਲਾ’, ‘ਆਟੇ ਕੀ ਕਟੋਰੀ’, ‘ਡੁਗਡੁਗੀ ਪਈ ਵਜਦੀ’, ‘Foolish King’, ‘Lesson’, ‘ਅਧੂਰੇ ਸੁਪਨੇ’ ਤੇ ‘ਚਮਕੌਰ ਦੀ ਗੜ੍ਹੀ’ ਪ੍ਰਮੁੱਖ ਹਨ।
60 ਫਿਲਮਾਂ ਤੋਂ ਵੱਧ’ਚ ਕੰਮ ਕਰ ਚੁੱਕੀ ਰਿਸ਼ੀ 1983’ਚ ਆਈ ‘ਲੌਂਗ ਦਾ ਲਿਸ਼ਕਾਰਾ’ ਚ ਗੁਲਾਬੋ ਮਾਸੀ ਦੀ ਭੂਮਿਕਾ ਨਾਲ ਬੇਹੱਦ ਮਕਬੂਲ ਹੋ ਗਈ।2016 ਤੇ 2017’ਚ ਕ੍ਰਮਵਾਰ ਐਮੀ ਵਿਰਕ ਦੀਆਂ ਆਈਆਂ ਫਿਲਮਾਂ ‘ਨਿੱਕਾ ਜ਼ੈਲਦਾਰ’ ਤੇ ‘ਨਿੱਕਾ ਜ਼ੈਲਦਾਰ 2’ ਵੀ ਉਹਨਾਂ ਦਾ ਰੋਲ ਬਹੁਤ ਪਸੰਦ ਕੀਤਾ ਗਿਆ।
1930’ਚ ਜਲੰਧਰ’ਚ ਜੰਮੇ ਤੇ ਪਟਿਆਲਾ’ਚ ਟਿਕਣ ਵਾਲੇ 93 ਵਰ੍ਹਿਆਂ ਦੇ ਥਿਏਟਰ ਅਭਿਨੇਤਾ ਪ੍ਰਾਣ ਸਭਰਵਾਲ ਦਾ ਥਿਏਟਟ ਅਭਿਨੈਅ ਦਾ 70 ਸਾਲਾਂ ਦਾ ਮੈਰਾਥਨ ਸਫ਼ਰ ਰਿਹਾ ਹੈ।ਪੰਜਾਬ ਰਾਜ ਬਿਜਲੀ ਬੋਰਡ ਦੇ ਇੱਕ ਮੁਲਾਜ਼ਮ ਵਜੋਂ ਕੰਮ ਕਰਦੇ ਸਭਰਵਾਲ ਨੇ ਪ੍ਰਿਥਵੀ ਰਾਜ ਕਪੂਰ ਦੀ ਗੱਲ ਮੰਨ ਕੇ ਪੰਜਾਬੀ ਥਿਏਟਰ’ਚ ਕੰਮ ਕਰਨ ਸ਼ੁਰੂ ਕੀਤਾ।ਆਲ ਇੰਡੀਆ ਰੇਡੀਓ ਦੇ ਰੇਡੀਓ ਡਰਾਮਾ ਆਰਟਿਸਟ ਵਜੋਂ 500 ਰੇਡੀਓ ਨਾਟਕ ਉਹਨਾਂ ਦੇ ਨਾਮ ਬੋਲਦੇ ਹਨ।ਉਹਨਾਂ ਨੇ ਦੂਰਦਰਸ਼ਨ ਦੇ ਕਈ ਸੀਰੀਅਲਾਂ’ਚ ਵੀ ਕੰਮ ਕੀਤਾ ਜਿਹਨਾਂ ਚੋਂ ਦਲੀਪ ਕੌਰ ਟਿਵਾਣਾ ਦੀ ਆਤਮ-ਕਥਾ’ਤੇ ਬਣਿਆ ‘ਏਹੁ ਹਮਾਰਾ ਜੀਵਨਾ’ ਪ੍ਰਮੁੱਖ ਹੈ।
ਇਸ ਤੋਂ ਇਲਾਵਾ ਪ੍ਰਾਣ ਸਭਰਵਾਲ ਨੇ ਪੰਜਾਬੀ ਫਿਲਮਾਂ ‘ਮੜ੍ਹੀ ਦਾ ਦੀਵਾ’, ‘ਚੰਨ ਪ੍ਰਦੇਸੀ”, ‘ਸ਼ਹੀਦ ਊਧਮ ਸਿੰਘ’, ‘ਵੈਰੀ ਜੱਟ’ ਤੇ ‘ਰੁੱਤਾਂ ਪਿਆਰ ਦੀਆਂ’ਚ ਕੰਮ ਕੀਤਾ।ਸਭਰਵਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਲਮ ਤੇ ਥਿਏਟਰ ਵਿਭਾਗ ਦੇ ਫੈਲੋ ਵੀ ਰਹੇੇ ਹਨ।
Jacknama – ਜੈਕਨਾਮਾ