ਭੀਖੀ, 25 ਦਸੰਬਰ
ਨੇੜਲੇ ਪਿੰਡ ਸਮਾਉਂ ਦਾ ਨੌਜਵਾਨ ਜਸਪਾਲ ਸਿੰਘ ਵੱਲੋਂ ਪ੍ਰਸਿੱਧ ਟੈਲੀਜ਼ਿਨ ਪ੍ਰੋਗਰਾਮ ਕੌਣ ਬਣੇਗਾ ਕਰੋੜਪਤੀ ਵਿੱਚ ਹਾਜ਼ਰੀ ਲਵਾਉਣ ‘ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਉਸਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਆਮ ਮੱਧਵਰਗੀ ਪਰਿਵਾਰ ਵਿੱਚੋਂ ਹੈ, ਹੁਣ ਸਰਕਾਰੀ ਸਕੂਲ ਵਿੱਚ ਸੀਨੀਅਰ ਲੈਬ ਅਟੈਂਡਡੈਂਟ ਦੀ ਨੌਕਰੀ ਕਰ ਰਿਹਾ ਹੈ।
ਜਸਪਾਲ ਸਿੰਘ ਸਮਾਉਂ ਨੇ ਦੱਸਿਆ ਕਿ ਉਹ ਇਸ ਪ੍ਰੋਗਰਾਮ ਵਿੱਚ ਜਾਣ ਲਈ ਪਿਛਲੇ ਅੱਠ ਸਾਲਾਂ ਤੋਂ ਤਿਆਰੀ ਕਰ ਰਿਹਾ ਹੈ, ਪ੍ਰਸਿੱਧ ਹਿੰਦੀ ਫਿਲਮ ਅਭਿਨੇਤਾ ਅਮਿਤਾਬ ਬਚਨ ਅੱਗੇ ਬੈਠ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਉਸ ਲਈ ਵੱਡੀ ਪ੍ਰਾਪਤੀ ਹੈ। ਜਸਪਾਲ ਸਿੰਘ ਨੇ ਕੌਣ ਬਣੇਗਾ ਕਰੋੜਪਤੀ ਦੇ ਪਹਿਲੇ ਪੜਾਅ ਦੇ 12 ਸਵਾਲਾਂ ਦੇ ਜਵਾਬ ਦਿੱਤੇ ਸਾਢੇ ਬਾਰਾਂ ਲੱਖ ਰੁਪਏ ਜਿੱਤਣ ਤੋਂ ਇਲਾਵਾ ਇੱਕ ਸੋਨੇ ਦਾ ਸਿੱਕਾ ਤੇ ਹੋਰ ਬਹੁਤ ਸਾਰੇ ਇਨਾਮ ਸਨਮਾਨ ਵਜੋਂ ਪ੍ਰਾਪਤ ਕੀਤੇ। ਉਹ ਹੁਣ ਅਗਲੀ ਪੜ੍ਹਾਈ ਲਈ ਪੀਸੀਐਸ ਤਿਆਰੀ ਕਰ ਰਿਹਾ, ਉਸਦਾ ਕਹਿਣਾ ਹੈ ਕਿ ਉਹ ਕੁਝ ਵੱਖਰਾ ਕਰਕੇ ਮਾਪਿਆਂ ਦੇ ਨਾਮ ਨੂੰ ਦੁਨੀਆਂ ਵਿੱਚ ਚਮਕਾਉਣਾ ਚਾਹੁੰਦਾ ਹੈ।
ਜਸਪਾਲ ਸਿੰਘ ਦੇ ਪਿਤਾ ਨਾਜ਼ਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਸੀ, ਜਿਸ ਦਾ ਸਿੱਟਾ ਹੈ ਕਿ ਅੱਜ ਉਹਨਾਂ ਦੇ ਪੁੱਤਰ ਨੇ ਸਮੁੱਚੇ ਪਿੰਡ ਦਾ ਹੀ ਨਹੀਂ ਸਗੋਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਜਤਿੰਦਰ ਸਿੰਘ ਸਰਪੰਚ ਸਮਾਉਂ ਨੇ ਕਿਹਾ ਕਿ ਜਸਪਾਲ ਸਿੰਘ ਦਾ ਕੌਣ ਬਣੇਗਾ ਕਰੋੜਪਤੀ ਵਿੱਚ ਪਹੁੰਚਣਾ ਉਹਨਾਂ ਪਿੰਡ ਲਈ ਮਾਣ ਵਾਲੀ ਗੱਲ ਹੈ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਆਵੇਗੀ, ਭਵਿੱਖ ਵਿੱਚ ਜਸਪਾਲ ਸਿੰਘ ਪਿੰਡ ਦੇ ਨੌਜਵਾਨਾਂ ਲਈ ਰਾਹ ਦਸੇਰਾ ਬਣੇਗਾ, ਪਿੰਡ ਵਾਸੀਆਂ ਨੂੰ ਜਸਪਾਲ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਜਸਪਾਲ ਸਿੰਘ ਨੂੰ ਲੋਈ ਤੇ ਹਾਰ ਪਾ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੋਰਾ ਨੰਬਰਦਾਰ, ਪੰਚ ਲਾਲ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਨੌਜਵਾਨ ਜਸਪਾਲ ਸਿੰਘ ਸਮਾਉਂ ਦਾ ਕੌਣ ਬਣੇਗਾ ਕਰੋੜਪਤੀ ਵਿੱਚ ਪੁੱਜਣ ‘ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਸਨਮਾਨ
Leave a comment