10 ਅਪ੍ਰੈਲ (ਸੋਨੂੰ ਕਟਾਰੀਆ) ਬੁਢਲਾਡਾ: ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ(ਬੁਢਲਾਡਾ) ਵਿਖੇ ਐਨ.ਐਸ.ਐਸ ਵਿਭਾਗ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ਮਾਨਸਾ ਤੋਂ ਬਲੱਡ ਬੈਂਕ ਟੀਮ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਐੱਸ ਡੀ ਐੱਮ ਬੁਢਲਾਡਾ ਸ਼੍ਰੀ ਗਗਨਦੀਪ ਸਿੰਘ ਪਹੁੰਚੇ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ,ਚੇਅਰਪਰਸਨ ਸੁਖਵਿੰਦਰ ਸਿੰਘ ਚਹਿਲ, ਸਕੱਤਰ ਸੱਤਪਾਲ ਅਤੇ ਪ੍ਰਧਾਨ ਵਿਜੈ ਸਿੰਗਲਾ ਨੇ ਖ਼ੂਨਦਾਨੀਆਂ ਦਾ ਸਵਾਗਤ ਕੀਤਾ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਨੇ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਕਾਲਜ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਮੈਨੇਜਿੰਗ ਕਮੇਟੀ,ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਖੂਨਦਾਨ ਕੀਤਾ ਜਾਂਦਾ ਹੈ। ਅੱਜ ਦੇ ਇਸ ਕੈਂਪ ਵਿੱਚ ਕੁੱਲ 48 ਯੂਨਿਟ ਖੂਨਦਾਨ ਕੀਤਾ ਗਿਆ। ਨੇਕੀ ਫਾਉਂਡੇਸ਼ਨ ਵੱਲੋਂ ਖ਼ੂਨਦਾਨ ਕਰਨ ਵਾਲੇ ਸਾਰੇ ਡੋਨਰਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੀ ਸਫਲਤਾ ਤੇ ਧੰਨਵਾਦ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਮਰੀਜਾਂ ਲਈ ਖੂਨ ਦੀ ਪੂਰਤੀ ਲਈ ਖ਼ੂਨਦਾਨ ਕੈੰਪ ਅੱਜ ਦੀ ਮੁੱਖ ਲੋੜ ਹੈ ਅਤੇ ਅਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਉਹਨਾਂ ਦੀ ਸੰਸਥਾ ਹਮੇਸ਼ਾ ਸਹਿਯੋਗ ਕਰਦੀ ਰਹੇਗੀ।