22 ਨਵੰਬਰ, ਬੁਢਲਾਡਾ (ਨਾਨਕ ਸਿੰਘ ਖੁਰਮੀ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈੰਪ ਲਗਾਇਆ ਗਿਆ, ਜਿੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ 200 ਦੇ ਕਰੀਬ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ। ਫਾਉਂਡੇਸ਼ਨ ਵੱਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ 26 ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤਾ ਜਾਵੇਗਾ। ਨੇਕੀ ਫਾਉਂਡੇਸ਼ਨ ਟੀਮ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 600 ਤੋਂ ਵੱਧ ਮਰੀਜਾਂ ਦੇ ਅਪਰੇਸ਼ਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਅਗਲਾ ਕੈੰਪ 6 ਦਸੰਬਰ ਨੂੰ ਪਿੰਡ ਮੱਤੀ ਵਿਖੇ ਲਗਾਇਆ ਜਾਵੇਗਾ। ਮਰੀਜ਼ ਆਪਣਾ ਨਾਮ 87603-71000 ਹੈਲਪਲਾਈਨ ਉੱਤੇ ਦਰਜ਼ ਕਰਵਾ ਸਕਦੇ ਹਨ। ਜਿਹਨਾਂ ਵਿਅਕਤੀਆਂ ਨੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨੀਆਂ ਹੋਣ, ਉਹ ਵੀ ਨੇਤਰਦਾਨ ਲਈ ਸੰਸਥਾ ਕੋਲ ਆਪਣਾ ਨਾਮ ਦਰਜ਼ ਕਰਵਾ ਸਕਦੇ ਹਨ।