ਪੁਸਤਕ ਰੀਵਿਊ
ਪੁਸਤਕ ਦਾ ਨਾਂ: “ਨੀਨਾ ਜਿਉਂਦੀ ਹੈ” ( ਜੀਵਨੀ ਮੂਲਕ ਨਾਵਲ)
ਲੇਖਕ : ਓਮ ਪ੍ਰਕਾਸ਼ ਸਰੋਏ
ਮੁੱਲ : 200/- ਰੁਪਏ
ਪੰਨੇ : 171
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਲੇਖਕ ਓਮ ਪ੍ਰਕਾਸ਼ ਸਰੋਏ ‘ਓਪਰੀ ਸ਼ੈਅ’ ਕਹਾਣੀ ਸੰਗ੍ਰਹਿ, ‘ਯੁੱਗ ਪੁਰਸ਼, ਡਾਕਟਰ ਅੰਬੇਡਕਰ’, ‘ਅੰਬੇਡਕਰ ਜੀ ਦਾ ਦਾਰਸ਼ਨਿਕ ਸਵਰੂਪ’, ‘ਸੰਘਰਸ਼ ਜਾਰੀ ਹੈ’ ਵਰਗੀਆਂ ਉੱਤਮ ਤੇ ਖੂਬਸੂਰਤ ਰਚਨਾਵਾਂ ਨਾਲ ਪਾਠਕਾਂ ਦੇ ਰੂ- ਬ -ਰੂ ਹੋ ਚੁੱਕਿਆ ਹੈ। ਉਸਦੀ ਨਵੀਂ ਪੁਸਤਕ “ਨੀਨਾ ਜਿਉਂਦੀ ਹੈ” ਉਸਦੀ ਜੀਵਨੀ ਮੂਲਕ ਨਾਵਲੀ ਵਿਧਾ ਰਾਹੀਂ ਲਿਖੀ ਗਈ ਰੌਚਕ ਪ੍ਰੀਤ ਗਾਥਾ ਹੈ। ਆਪਣੀ ਮਹਿਬੂਬਾ ਤੋਂ ਪਤਨੀ ਬਣੀ ਨੀਨਾ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਟੁੱਟ ਚੁੱਕਿਆ ਸੀ। ਉਹ ਨੀਨਾ ਨਾਲ ਬਿਤਾਏ ਪਲਾਂ ਨੂੰ ਆਪਣੀਆਂ ਯਾਦਾਂ ਦੇ ਝਰੋਖੇ ਵਿਚੋਂ ਸ਼ਬਦਾਂ ਦੀਆਂ ਤੰਦਾਂ ਵਿਚ ਪਰੋਂਦਾ ਹੈ। ਇਸ ਰਚਨਾ ਦੇ ਰੂਪ ਵਿੱਚ ਉਹ ਆਪਣੇ ਵਿਛੜ ਚੁੱਕੇ ਪਿਆਰੇ ਮਹਿਬੂਬ ਨੂੰ ਖੂਬਸੂਰਤ ਤੇ ਭਾਵਪੂਰਤ ਸ਼ਬਦਾਂ ਵਿਚ ਉਹ ਅਕੀਦਤ ਪੇਸ਼ ਕਰਦਾ ਹੈ। ਇਸ ਰਚਨਾ ਨੂੰ ਪੜ੍ਹਦਿਆਂ ਇਸ ਵਿਚੋਂ ਚੰਗੀ ਗਲਪ ਰਚਨਾ ਵਰਗਾ ਰਸ ਮਿਲਦਾ ਹੈ। ਰੋਮਾਂਟਿਕ ਰੰਗ ਵਿਚ ਰੰਗੀ ਇਹ ਪੁਸਤਕ ਅੱਧ ਤੱਕ ਪਾਠਕ ਨੂੰ ਰੋਮਾਂਸ ਨਾਲ ਭਰੀ ਰੱਖਦੀ ਹੈ।
ਇਸ ਪ੍ਰੇਮ ਕਹਾਣੀ ਵਿਚ ਪੇਂਡੂ ਤੋਂ ਸ਼ਹਿਰੀ ਬਣੇ, ਸ਼ਹਿਰੀ ਤੋਂ ਮਾਸਟਰ ਤੇ ਮਾਸਟਰ ਦੇ ਨਾਲ ਨਾਲ ਬਿਜਲੀ ਮਕੈਨਿਕ ਬਣੇ ਲੇਖਕ ਦੇ ਦਿਲ ਦੀਆਂ ਤਾਰਾਂ ਆਪਣੇ ਸਹਿਕਰਮੀ ਦੀ ਖੂਬਸੂਰਤ ਮੁਟਿਆਰ ਧੀ ਨੀਨਾ ਨਾਲ ਜੁੜ ਜਾਂਦੀਆਂ ਹਨ। ਜੋ ਅਖੌਤੀ ਉਚ ਜਾਤੀ ਨਾਲ ਸਬੰਧਤ ਹੈ। ਅਤੇ ਲੇਖਕ ਅਖੌਤੀ ਅਛੂਤ ਵਰਗ ਨਾਲ ਸਬੰਧਤ ਹੈ। ਸਮਾਜ ਵਿੱਚ ਪਸਰੀ ਜਾਤੀਵਾਦੀ ਮਾਨਸਿਕਤਾ ਤੇ ਲੇਖਕ ਦੀ ਭਰਜਾਈ ਦੇ ਅੱਖੜ ਸੁਭਾਅ ਸਦਕਾ ਇਸ ਪ੍ਰੇਮ ਕਹਾਣੀ ਦੇ ਸਪਾਰਕ ਹੋਣ ਦੀ ਸੰਭਾਵਨਾ ਨਿਰੰਤਰ ਬਣੀ ਰਹਿੰਦੀ ਹੈ। ਅਨੇਕਾਂ ਔਕੜਾਂ ਦੇ ਬਾਵਜੂਦ ਗੈਰ ਬਰਾਬਰੀ ਤੇ ਆਧਾਰਿਤ ਅਖੌਤੀ ਉਚ ਜਾਤੀ ਤੇ ਅਛੂਤ ਪਰਿਵਾਰ ਦਾ ਸੁਮੇਲ ਬਣੀ ਇਹ ਪ੍ਰੇਮ ਕਹਾਣੀ ਸਮਾਜਿਕ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਸੁਲਝਾਉਣ ਦਾ ਸਬੱਬ ਬਣਦੀ ਹੈ।ਸਨਾਤਨੀ ਪਰਿਵਾਰ ਵਿਚ ਜੰਮੀ ਨੀਨਾ ਦੀ ਮਾਂ ਆਪਣੀ ਧੀ ਦੀਆਂ ਖੁਸ਼ੀਆਂ ਲਈ ਆਪਣੇ ਪੇਕੇ ਪਰਿਵਾਰ ਤੇ ਸਮਾਜ ਨਾਲ ਟਕਰਾਉਣ ਤੋਂ ਗ਼ੁਰੇਜ਼ ਨਹੀਂ ਕਰਦੀ। ਸਗੋਂ ਉਹ ਕੰਧ ਬਣਕੇ ਧੀ ਨਾਲ ਆ ਖੜ੍ਹਦੀ ਹੈ।ਕਹਾਣੀ ਵਿਚਲੀ ਰੌਚਕਤਾ, ਰਸ ਭਰਪੂਰ ਸ਼ਬਦਾਵਲੀ, ਰੋਮਾਂਟਿਕ ਸ਼ੈਲੀ ਤੇ ਨਾਟਕੀਅਤਾ ਪਾਠਕ ਨੂੰ ਇਕੋ ਬੈਠਕ ਵਿਚ ਪੜ੍ਹਨ ਲਈ ਕੀਲ ਬਿਠਾਉਣ ਦੇ ਸਮਰਥ ਹੈ।
ਲੇਖਕ ਕਾਵਿਕ ਭਾਸ਼ਾ ‘ਚ ਖੂਬਸੂਰਤ ਗੱਲ ਕਹਿਣ ਦੀ ਮੁਹਾਰਤ ਰੱਖਦਾ ਹੈ। ਉਸਦੇ ਕੁਝ ਫਿਕਰੇ ਪੜ੍ਹਦਿਆਂ ਤਾਂ ਪਾਠਕ ਦੇ ਮੂੰਹ ਵਿਚ ਖੰਡ ਮਿਸ਼ਰੀ ਘੁਲ ਜਾਂਦੀ ਹੈ। ਜੋਂ ਉਹਦੇ ਅੰਦਰ ਮਿਠੀ ਮਿਠੀ ਜਲੂਣ ਜਿਹੀ ਛੇੜ ਦਿੰਦੀ ਹੈ। ਖਾਮੋਸ਼ ਪ੍ਰੀਤ ਦੇ ਦੌਰ ਨੂੰ ਚਿਤਰਦਿਆਂ
ਉਹ ਲਿਖਦਾ ਹੈ
“ਖੇਡਣ ਨੂੰ ਤਾਂ ਮੈਂ ਤਾਸ਼ ਖੇਡ ਰਿਹਾ ਸੀ ਪਰ ਮੇਰੇ ਅੰਦਰਲਾ ਚੋਰ ਕੋਈ ਹੋਰ ਖੇਡ ਖੇਡਣ ਵਿੱਚ ਮਸਤ ਸੀ।”
“ਮੈਨੂੰ ਮਹਿਸੂਸ ਹੋਇਆ ਕਿ ਮੈਂ ਇਕੱਲਾ ਨਾ ਹੋ ਕੇ ਕੋਈ ਮੇਰੇ ਨਾਲ ਨਾਲ ਚੱਲ ਰਿਹਾ ਹੈ। ਇਹ ਬਾਹਰ ਨਹੀਂ ਮੇਰੇ ਅੰਦਰ ਵਸਿਆ ਹੋਇਆ ਸੀ ਉਹਦਾ ਵਜੂਦ ਅੱਖਾਂ ਨੂੰ ਭਾਉਂਦਾ ਭਾਉਂਦਾ ਦਿਲ ਵਿਚ ਵਸ ਗਿਆ।”
“ਉਸਦਾ ਚਿਹਰਾ ਗੁੱਸੇ ਨਾਲ ਸੰਧੂਰੀ ਭਾਅ ਮਾਰ ਰਿਹਾ ਸੀ ਮੈਨੂੰ ਅੱਜ ਪਤਾ ਲੱਗਾ ਕਿ ਮੁਟਿਆਰਾਂ ਗੁੱਸੇ ਵਿੱਚ ਹੋਰ ਵੀ ਸੋਹਣੀਆਂ ਕਿਉਂ ਲੱਗਦੀਆਂ ਹਨ।”
“ਮੈਂ ਸੋਚਦਾ ਛੱਲਾ ਹੁਣ ਸਿਰਫ ਛੱਲਾ ਹੀ ਨਹੀਂ ਰਿਹਾ ਹੁਣ ਤਾਂ ਇਹ ਕਈ ਸਧਰਾਂ ਦਾ ਪ੍ਰਤੀਕ ਬਣ ਕੇ ਪ੍ਰੀਤ ਨਿਸ਼ਾਨੀ ਦਾ ਰੂਪ ਧਾਰ ਗਿਆ ਹੈ।”
ਇਸ ਪ੍ਰੇਮ ਕਹਾਣੀ ਨੂੰ ਨੇਪਰੇ ਚੜ੍ਹਾਉਣ ਵਿਚ ਆਉਣ ਵਾਲੀਆਂ ਪਰਿਵਾਰਕ ਤੇ ਸਮਾਜਕ ਔਕੜਾਂ, ਸਹਿਜ ਸੁਭਾਅ ਵਾਪਰਦੀਆਂ ਰੌਚਕ ਘਟਨਾਵਾਂ ਪਾਠਕ ਨੂੰ ਉਂਗਲੀ ਫੜਕੇ ਨਾਲ ਨਾਲ ਤੋਰੀ ਰੱਖਦੀਆਂ ਹਨ। ਸੁਚੱਜੀ ਸ਼ਬਦ ਜੜਤ, ਖੂਬਸੂਰਤ ਵਾਕ ਬਣਤਰ, ਮੁਹਾਵਰੇ ਦਾਰ ਤੇ ਠੇਠ ਬੋਲੀ ਅਤੇ ਉੱਤਮ ਸ਼ੈਲੀ ਵਿਚ ਲਿਖੀ ਵਾਰਤਕ ਵਿਚ ਲੋਹੜੇ ਦੀ ਰਵਾਨਗੀ ਹੈ। ਵਾਪਰਦੀਆਂ ਘਟਨਾਵਾਂ ਕਾਲਪਨਿਕ ਨਹੀਂ ਸਗੋ ਯਥਾਰਥ ‘ਤੇ ਆਧਾਰਿਤ ਹਨ। ਰਚਨਾ ਵਿਚਲੇ ਪਾਤਰ ਆਲੇ ਦੁਆਲੇ ਵਿਚਰਦੇ ਹੱਡ ਮਾਸ ਦੇ ਸਜੀਵ ਮਨੁੱਖ ਹਨ। ਜਿਹਨਾਂ ਦਾ ਸੁਭਾਵਿਕ ਰੂਪ ਵਿਚ ਹੂ ਬ ਹੂ ਚਿਤਰਨ ਕੀਤਾ ਗਿਆ ਹੈ।
ਬੇਸ਼ਕ ਇਹ ਰਚਨਾ ਲੇਖਕ ਦੇ ਨਿੱਜੀ ਅਨੁਭਵਾਂ, ਜਜ਼ਬਾਤਾਂ ਤੇ ਮਨੋਭਾਵਾਂ ਦਾ ਪ੍ਰਗਟਾਵਾ ਹੈ ਪਰ ਨਾਲ ਸਮਾਜ ਦਾ ਕਰੂਰ ਸੱਚ ਤੇ ਕਾਲਾ ਅਕਸ ਵੀ ਪੇਸ਼ ਕਰਦੀ ਹੈ। ਇਹ ਸਮਾਜ ਨੂੰ ਦਰਪੇਸ਼ ਅਮਾਨਵੀ ਚੁਣੌਤੀਆਂ ਵਿਰੁੱਧ ਕ੍ਰਾਂਤੀਕਾਰੀ ਤੇ ਪ੍ਰੇਰਨਾ ਦਾਇਕ ਰਚਨਾ ਹੈ। “ਨੀਨਾ ਜਿਉਂਦੀ ਹੈ” ਵਰਗੀ ਸੁੰਦਰ ਰਚਨਾ ਲੇਖਕ ਨੂੰ ਪ੍ਰੌੜ੍ਹ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕਰਨ ਦੇ ਸਮਰੱਥ ਹੈ। ਸੱਚ ਦੇ ਨੇੜੇ ਨੇੜੇ ਰਹਿੰਦਿਆਂ ਆਪਣੇ ਬਾਰੇ ਲਿਖਣਾ ਆਪਣੇ ਢਿੱਡ ਤੋਂ ਝੱਗਾ ਚੁੱਕਣ ਤੁੱਲ ਬਿਖਮ ਕਾਰਜ ਹੈ। ਲੇਖਕ ਇਹ ਬਿਖਮ ਕਾਰਜ ਬਾਖੂਬੀ ਨਿਭਾਉਣ ਵਿਚ ਕਾਮਯਾਬ ਰਿਹਾ ਹੈ। ਉਸਦੀ ਇਸ ਉੱਤਮ ਕਲਾ ਕ੍ਰਿਤੀ ਨੂੰ ਜੀਓ ਆਇਆਂ ਆਖਦਿਆਂ ਉਸ ਦੀ ਕਲਮ ਤੋਂ ਕੁਝ ਹੋਰ ਨਵਾਂ ਤੇ ਨਿੱਗਰ ਸਿਰਜਣ ਦੀ ਉਮੀਦ ਤੇ ਕਾਮਨਾ ਕਰਦੇ ਹਾਂ।
ਲਾਲ ਸਿੰਘ ਸੁਲਹਾਣੀ
ਪ੍ਰਧਾਨ
ਲੋਕ ਚੇਤਨਾ ਤੇ ਵਿਕਾਸ ਮੰਚ (ਰਜਿ.)
ਨੀਨਾ ਜਿਉਂਦੀ ਹੈ/ਲੇਖਕ : ਓਮ ਪ੍ਰਕਾਸ਼ ਸਰੋਏ/ਪੁਸਤਕ ਰੀਵਿਊ/ਲਾਲ ਸਿੰਘ ਸੁਲਹਾਣੀ
Leave a comment