ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਸਬੰਧੀ ਪੁਲਿਸ ਇਤਲਾਹ ਦੇਣ ਦੀ ਅਪੀਲ
ਮਾਨਸਾ, 01 ਸਤੰਬਰ: ਕਰਨ ਸਿੰਘ
ਮਾਨਸਾ ਪੁਲਿਸ ਵੱਲੋਂ ਐਸ ਐਸ ਪੀ ਸ੍ਰੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਜਾਰੀ ਹੈ। ਜਿਸ ਕਿਸੇ ਵੀ ਵਿਅਕਤੀ ਬਾਰੇ ਨਸ਼ਾ ਵੇਚਣ ਸਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਪੁਲਿਸ ਵੱਲੋਂ ਸਬੰਧਤ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਇਹ ਜਾਣਕਾਰੀ ਡੀ ਐਸ ਪੀ ਗੁਰਪ੍ਰੀਤ ਸਿੰਘ ਬੈਂਸ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਜਿਹੇ ਦੋਸ਼ੀਆਂ ਨੂੰ ਮੁਕੱਦਮਿਆਂ ਵਿਚ ਅਦਾਲਤ ਵੱਲੋਂ ਸਜ਼ਾ ਦਿਵਾਉਣ ਦੇ ਨਾਲ-ਨਾਲ ਜਿਸ ਵਿਅਕਤੀ ਨੇ ਕੋਈ ਨਸ਼ੀਲਾ ਪਦਾਰਥ ਵੇਚ ਕੇ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਂਹੀ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਕਤ ਜਾਇਦਾਦ ਕੁਰਕ ਕਰਵਾਉਣ ਲਈ ਮਾਨਸਾ ਪੁਲਿਸ ਕਾਰਜਸ਼ੀਲ ਹੈ। ਸਾਰੇ ਨਸ਼ਾ ਤਸਕਰਾਂ ਵੱਲੋਂ ਬਣਾਈ ਜਾਇਦਾਦ ਸਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਪਾਸ ਨਵੀਂ ਦਿੱਲੀ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿੱਚ ਛੋਟੀ ਕੌਰ ਪਤਨੀ ਭੋਲਾ ਸਿੰਘ ਵਾਸੀ ਵਾਰਡ ਨੰ. 02 ਭੀਖੀ ਖਿਲਾਫ ਵੀ ਕੇਸ ਤਿਆਰ ਕਰਕੇ ਭੇਜਿਆ ਗਿਆ ਸੀ। ਛੋਟੀ ਕੌਰ ਦੇ ਖਿਲਾਫ ਨਸ਼ੇ ਵਾਲੀਆਂ ਗੋਲੀਆਂ ਵੇਚਣ ਸਬੰਧੀ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਹੈ, ਉਸ ਪਾਸੋਂ 1100 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਕੰਪੀਟੈਂਟ ਅਥਾਰਿਟੀ, ਨਵੀਂ ਦਿੱਲੀ ਵੱਲੋਂ ਛੋਟੀ ਕੌਰ ਉਕਤ ਦੀ 13 ਲੱਖ 23 ਹਜਾਰ ਰੁਪਏ ਦੀ ਜਾਇਦਾਦ ਫ੍ਰੀਜ਼ ਕਰਨ ਦਾ ਹੁਕਮ ਪਾਸ ਕੀਤਾ ਗਿਆ ਹੈ।
ਡੀ ਐਸ ਪੀ ਗੁਰਪ੍ਰੀਤ ਸਿੰਘ ਬੈਂਸ ਅਤੇ ਇੰਸਪੈਕਟਰ ਬਿਕਰਮਜੀਤ ਸਿੰਘ, ਮੁੱਖ ਅਫ਼ਸਰ ਥਾਣਾ ਭੀਖੀ ਨੇ ਮੌਕੇ ‘ਤੇ ਜਾ ਕੇ ਛੋਟੀ ਕੌਰ ਦੀ ਜਾਇਦਾਦ ਰਿਹਾਇਸ਼ੀ ਮਕਾਨ ‘ਤੇ ਫ੍ਰੀਜ਼ ਕਰਨ ਸਬੰਧੀ ਨੋਟਿਸ ਕਰਵਾਇਆ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲੇ ਹਰ ਵਿਅਕਤੀ ਸਬੰਧੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੋਬਾਇਲ ਨੰਬਰ ਗੁਰਪ੍ਰੀਤ ਸਿੰਘ ਬੈਂਸ, ਡੀ.ਐਸ.ਪੀ. ਮਾਨਸਾ-96211-00001, ਇੰਸਪੈਕਟਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਭੀਖੀ-97800-05013 ਤੋਂ ਇਲਾਵਾ ਹੈਲਪਲਾਈਨ ਨੰਬਰ 97791-00200 ‘ਤੇ ਵੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਇਤਲਾਹ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।