ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ: ਜ਼ਿਲ੍ਹਾ ਪੁਲਿਸ ਮੁਖੀ
17 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਮਿਤੀ 17.03.2024 ਨੂੰ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐਸ.ਐੱਸ.ਪੀ (D) ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਬਠਿੰਡਾ ਦੀਆਂ ਵੱਖ – ਵੱਖ ਸਬ ਡਵੀਜਨਾਂ ਵੱਲੋਂ ਆਪਣੇ ਅਧੀਨ ਪੈਂਦੇ ਪੁਲਿਸ ਥਾਣਿਆਂ ਦੇ ਏਰੀਏ ਵਿੱਚ ਤੜਕਸਾਰ ਟੀਮਾਂ ਦੀ ਵੰਡ ਕਰਕੇ ਅਚਨਚੇਤ (CASO) ਅਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ। ਸਬ ਡਿਵੀਜ਼ਨ ਫੂਲ ਸਰਚ ਅਪਰੇਸ਼ਨ ਦੀ ਅਗਵਾਈ ਸ਼੍ਰੀ ਪ੍ਰਿਤਪਾਲ ਸਿੰਘ ਡੀ.ਐੱਸ.ਪੀ ਫੂਲ ਅਤੇ ਸਬ ਡਿਵੀਜ਼ਨ ਸਿਟੀ -1 ਦੀ ਅਗਵਾਈ ਸ਼੍ਰੀ ਕੁਲਦੀਪ ਸਿੰਘ ਡੀ ਐੱਸ ਪੀ ਸਿਟੀ-1 ਨੇ ਕੀਤੀ।
ਇਸ ਸਰਚ ਅਭਿਆਨ ਦੌਰਾਨ ਸੀ.ਆਈ.ਏ-ਸਟਾਫ1/2, ਮੁੱਖ ਅਫਸਰਾਨ ਥਾਣਾ ਹਾਜਰ ਸਨ।
ਇਸ ਮੌਕੇ ਬਠਿੰਡਾ ਪੁਲਿਸ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਜਿਲ਼ੇ ਅੰਦਰ ਸ਼ਰਾਰਤੀ ਅਨਸਰਾਂ ਖਿਲ਼ਾਫ ਵਿੱਢੀ ਮੁਹਿੰਮ ਤਹਿਤ ਅਚਨਚੇਤ ਤੜਕਸਾਰ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਸਬ ਡਵੀਜ਼ਨ ਫੂਲ ਦੇ ਥਾਣਾ ਸਦਰ ਰਾਮਪੁਰਾ ਦੇ ਪਿੰਡ ਚਾਉਕੇ, ਬਦਿਆਲਾ ਅਤੇ ਸਿਟੀ -1 ਦੇ ਏਰੀਏ ਵਿਖੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਤੋਂ ਪਹਿਲਾਂ ਉਸ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਨਾਕਾ ਬੰਦੀ ਕਰਕੇ ਸੀਲ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ।
ਇਸ ਸਰਚ ਅਪਰੇਸ਼ਨ ਦੌਰਾਨ 13 ਸ਼ੱਕੀ ਵਿਅਕਤੀਆਂ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। 6 ਮੋਟਰਸਾਈਕਲ ਨੂੰ ਕਬਜੇ ਵਿੱਚ ਲਿਆ ਗਿਆ ਅਤੇ 70 ਲੀਟਰ ਲਾਹਨ,10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ।