- ਹੁਣ ਤੱਕ ਨਸ਼ੇ ਦੇ ਸੌਦਾਗਰਾਂ ਦੀ 2 ਕਰੋੜ 31 ਲੱਖ ਰੁਪਏ ਦੀ ਕੀਤੀ ਜਾਇਦਾਦ ਜਬਤ : ਹਰਮਨਬੀਰ ਸਿੰਘ ਗਿੱਲ
- ਡਰੱਗ ਇੰਸਪੈਕਟਰ ਕੈਮਿਸਟਾਂ ਦੀਆਂ ਦੁਕਾਨਾਂ ਦੀ ਕਰਨ ਲਗਾਤਾਰ ਚੈਕਿੰਗ
25 ਜਨਵਰੀ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਮੱਦੇਨਜ਼ਰ ਵਿੱਢੀ ਗਈ ਮੁਹਿੰਮ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲਗਾਤਾਰ ਹਰ ਸੰਭਵ ਯਤਨ ਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪੱਧਰੀ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐਨਕੋਰਡ) ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਵਲੋਂ ਨਸ਼ਿਆਂ ਦੀ ਰੋਕਥਾਮ ਤੇ ਇਸ ਦੇ ਮਾੜੇ ਦੁਰਪ੍ਰਭਾਵਾਂ ਬਾਰੇ ਜਿੱਥੇ ਅਧਿਕਾਰੀਆਂ ਕੋਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਉੱਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਹਦਾਇਤ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਾਲੀਬਾਲ ਤੇ ਬਾਸਕਟਬਾਲ ਖੇਡ ਲਈ ਢੁੱਕਵੀਂਆਂ ਥਾਵਾਂ ਦਾ ਪ੍ਰਬੰਧ ਕਰਕੇ ਖੇਡ ਮੈਦਾਨ ਤਿਆਰ ਕਰਵਾਏ ਜਾਣ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਕੋਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਕੂਲਾਂ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਸਕੂਲਾਂ ਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਰਣਾ ਦਾਇਕ ਫ਼ਿਲਮਾਂ ਦਿਖਾਉਣੀਆਂ ਲਾਜ਼ਮੀ ਬਣਾਈਆਂ ਜਾਣ ਤਾਂ ਜੋ ਵਿਦਿਆਰਥੀ ਨਸ਼ੇ ਦੀ ਭੈੜੀ ਦਲਦਲ ਤੋਂ ਦੂਰ ਰਹਿ ਸਕਣ।
ਇਸ ਮੌਕੇ ਉਨ੍ਹਾਂ ਇਹ ਵੀ ਖਾਸ ਹਦਾਇਤ ਕੀਤੀ ਕਿ ਮਾਪੇ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਜਾਣੂ ਕਰਾਉਣਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਮਾਪੇ ਆਪਣੇ ਬੱਚਿਆਂ ਤੇ ਖਾਸ ਨਜ਼ਰਸਾਨੀ ਰੱਖਣ ਕਿ ਉਹ ਦਿਨ ਭਰ ਚ ਕੀ-ਕੀ ਗਤੀਵਿਧੀਆਂ ਕਰਦਾ ਹੈ ਤਾਂ ਜੋ ਉਹ ਨਸ਼ੇ ਦੀ ਲੱਤ ਤੋਂ ਦੂਰ ਰਹਿ ਸਕਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਮਿਸਟਾਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਾਂ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਵਾਉਣੇ ਯਕੀਨੀ ਬਣਾਏ ਜਾਣ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਦੇ ਮੱਦੇਨਜ਼ਰ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਤੱਕ ਪੁਲਿਸ ਵਿਭਾਗ ਵਲੋਂ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ 29 ਕੇਸ ਕੰਪੀਟੈਂਟ ਅਥਾਰਟੀ ਦਿੱਲੀ ਵਿਖੇ ਭੇਜੇ ਗਏ, ਜਿਨ੍ਹਾਂ ਚੋ 17 ਕੇਸ ਯੋਗ ਪਾਏ ਗਏ ਅਤੇ 12 ਕੇਸ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਯੋਗ ਪਾਏ ਗਏ 17 ਨਸ਼ਾ ਤਸਕਰਾਂ ਦੀ 2 ਕਰੋੜ 31 ਲੱਖ 96 ਹਜ਼ਾਰ 832 ਰੁਪਏ ਦੀ ਜਾਇਜ਼ਾਦ ਜਬ਼ਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੱਥੇ ਵੀ ਨਸ਼ੇ ਦਾ ਕਾਲਾ ਕਾਰੋਬਾਰ ਚੱਲ ਰਿਹਾ ਹੈ ਉਸ ਨੂੰ ਪੁਲਿਸ ਵਿਭਾਗ ਵਲੋਂ ਜ਼ਮੀਨੀ ਪੱਧਰ ਤੇ ਜਾ ਕੇ ਕਾਬੂ ਪਾਇਆ ਜਾ ਰਿਹਾ ਹੈ।
ਸ਼੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਕਿਸੇ ਵੀ ਨਸ਼ੇ ਦੇ ਸੌਦਾਗਰ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖ਼ਸ਼ੇਗੀ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਪੁਲਿਸ ਦੇ ਟੋਲ ਫ਼ਰੀ ਜਾਂ ਵਟਸਐਪ ਨੰਬਰ 91155-02252 ਤੇ ਸੂਚਨਾ ਦੇ ਸਕਦੇ ਹਨ ਜਾਂ ਸਿੱਧਾ ਦਫ਼ਤਰ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ. ਹਰਜਿੰਦਰ ਜੱਸਲ, ਐਸਡੀਅਮ ਰਾਮਪੁਰਾ ਮੈਡਮ ਬਲਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।