ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ: ਜ਼ਿਲ੍ਹਾ ਪੁਲਿਸ ਮੁਖੀ
11 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਮਿਤੀ 11.03.2024 ਨੂੰ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਬਠਿੰਡਾ ਦੀ ਸਬ ਡਵੀਜ਼ਨ ਭੁੱਚੋ ਦੇ ਥਾਣਾ ਨੇਹੀਆਂਵਾਲਾ ਵੱਲੋਂ ਪਿੰਡ ਗੋਨਿਆਣਾ ਕਲਾਂ ਦੇ ਏਰੀਏ ਦੀ ਵੰਡ ਕਰਕੇ ਅਚਨਚੇਤ (CASO) ਅਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ। ਇਸ ਅਪਰੇਸ਼ਨ ਦੀ ਅਗਵਾਈ ਸ਼੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐੱਸ.ਡੀ.ਐੱਸ.ਪੀ ਭੁੱਚੋ ਨੇ ਕੀਤੀ। ਇਸ ਸਰਚ ਅਭਿਆਨ ਦੌਰਾਨ ਸੀ.ਆਈ.ਏ-1/2 ਅਤੇ ਮੁੱਖ ਅਫਸਰਾਨ ਥਾਣਾ ਹਾਜਰ ਸਨ।
ਇਸ ਮੌਕੇ ਸ਼੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ ਭੁੱਚੋ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ਼ੇ ਅੰਦਰ ਸ਼ਰਾਰਤੀ ਅਨਸਰਾਂ ਖਿਲ਼ਾਫ ਵਿੱਢੀ ਮੁਹਿੰਮ ਤਹਿਤ ਅਚਨਚੇਤ ਤੜਕਸਾਰ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਸਬ ਡਵੀਜ਼ਨ ਭੁੱਚੋ ਦੇ ਥਾਣਾ ਨੇਹੀਆਂਵਾਲਾ ਦੇ ਪਿੰਡ ਗੋਨਿਆਣਾ ਕਲਾਂ ਵਿਖੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਤੋਂ ਪਹਿਲਾਂ ਉਸ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਨਾਕਾ ਬੰਦੀ ਕਰਕੇ ਸੀਲ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ।
ਇਸ ਸਰਚ ਅਪਰੇਸ਼ਨ ਦੌਰਾਨ 4 ਸ਼ੱਕੀ ਵਿਅਕਤੀਆਂ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੋ ਮੋਟਰਸਾਈਕਲਾਂ ਨੂੰ ਕਬਜੇ ਵਿੱਚ ਲਿਆ ਗਿਆ।
ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਕੱਢਣ ਲਈ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਜਾ ਸਕੇ।