ਮਰੀਜਾਂ ਦਾ ਸੰਪੂਰਨ ਇਲਾਜ ਅਤੇ ਸਾਂਭ-ਸੰਭਾਲ ਨਰਸਾਂ ਦਾ ਅਹਿਮ ਕਾਰਜ : ਸੀਨੀਅਰ ਮੈਡੀਕਲ ਅਫ਼ਸਰ, ਬਰਨਾਲਾ
13 ਮਈ (ਗਗਨਦੀਪ ਸਿੰਘ) ਬਰਨਾਲਾ: ਅੰਤਰਰਾਸ਼ਟਰੀ ਨਰਸ ਦਿਵਸ ਜ਼ਿਲ੍ਹਾ ਬਰਨਾਲਾ ਦੀਆਂ ਸਿਹਤ ਸੰਸਥਾਵਾਂ ‘ਚ ਨਰਸਿੰਗ ਸਟਾਫ ਦੇ ਸਨਮਾਨ ਵਜੋਂ ਮਨਾਇਆ ਗਿਆ,ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਹਰਿੰਦਰ ਸਰਮਾ ਵੱਲੋਂ ਕੀਤਾ ਗਿਆ। ਸਿਹਤ ਸੇਵਾਵਾਂ ‘ਚ ਨਰਸਾਂ ਮਨੁੱਖਤਾ ਦੀ ਸੇਵਾ ‘ਚ ਨਿਰਸਵਾਰਥ ਭੂਮਿਕਾ ਨਿਭਾਉਂਦੀਆਂ ਹਨ।ਇਨ੍ਹਾਂ ਦੀਆਂ ਸੇਵਾਵਾਂ ਤੋਂ ਬਿਨਾਂ ਮਰੀਜ ਦੇ ਸੰਪੂਰਨ ਇਲਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਡਾ. ਤਪਿੰਦਰਜੋਤ ਕੌਸਲ ਐਸ.ਐਮ.ਓ. ਬਰਨਾਲਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਫਲੋਰੈਂਸ ਨਾਈਟਿੰਗੇਲ ਨਾਮ ਦੀ ਨਰਸ ਨੂੰ ਸਰਧਾਂਜਲੀ ਦੇਣ ਵਜੋਂ ਮਨਾਇਆ ਜਾਂਦਾ ਹੈ,ਜਿਸ ਨੇ ਸਾਲ 1853-1856 ‘ਚ ਕਰੀਮੀਆ ਦੇ ਯੁੱਧ ‘ਚ ਆਪਣੀਆਂ ਸੇਵਾਵਾਂ ਨਿਰਸਵਾਰਥ ਨਿਭਾਉਂਦਿਆਂ ਸੈਨਿਕਾਂ ਦੀਆਂ ਜਾਨਾਂ ਬਚਾਈਆਂ। ਅੰਤਰਰਾਸ਼ਟਰੀ ਨਰਸਿੰਗ ਕੌਂਸਲ ਨੇ 1974 ‘ਚ ਇਸ ਦਿਨ ਨੂੰ ਅੰਤਰਰਾਸਟਰੀ ਨਰਸ ਦਿਵਸ ਵਜੋਂ ਪ੍ਰਵਾਨਗੀ ਦਿੱਤੀ।
ਨਰਸਿੰਗ ਸਿਸਟਰ ਸਿਵਲ ਹਸਪਤਾਲ ਬਰਨਾਲਾ ਦਿਲਪ੍ਰੀਤ ਕੌਰ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ, ਜੋ ਬੱਚੇ ਦੇ ਜਨਮ ਸਮੇਂ ਤੋਂ ਕਿਸੇ ਵੀ ਕਿਸਮ ਦੀ ਬਿਮਾਰੀ ਅਤੇ ਕਿਸੇ ਵੀ ਐਮਰਜੈਂਸੀ ਸਮੇਂ ਡਾਕਟਰਾਂ ਵੱਲੋਂ ਸੁਝਾਏ ਇਲਾਜ ਕਰਨ ‘ਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀਆਂ ਹਨ।ਨਰਸਿੰਗ ਸਟਾਫ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਸਿਵਲ ਹਸਪਤਾਲ ਬਰਨਾਲਾ ਦੀਆਂ ਸਟਾਫ ਨਰਸ ਅਤੇ ਏ.ਐਨ.ਐਮ. ਹਾਜਰ ਸਨ।