ਬਠਿੰਡਾ 29 ਅਪ੍ਰੈਲ (ਰਾਜਦੀਪ ਜੋਸ਼ੀ) ਤਲਵੰਡੀ ਸਾਬੋ: ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਮੁੜ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਕਮਾਂਡ ਸੰਭਾਲ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਧੀਰਾ ਖੁੱਡੀਆਂ ਦੇ ਭਰਾ ਦਾ ਅਚਾਨਕ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਉਹ ਆਪਣੇ ਘਰ ਹੀ ਸਨ। ਹੁਣ ਉਨ੍ਹਾਂ ਤਲਵੰਡੀ ਸਾਬੋ ਅਤੇ ਮੌੜ ਵਿਧਾਨ ਸਭਾ ਹਲਕੇ ਅੰਦਰ ਜਥੇਦਾਰ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਤਲਵੰਡੀ ਸਾਬੋ ਦੇ ਕਰੀਬ ਇਕ ਦਰਜਨ ਪਿੰਡਾਂ ਅੰਦਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਵਿਚ ਸਿੱਖਾਂ ਦਾ ਸਿਰਮੌਰ ਤਖਤ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਨੇ ਇਸ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਸਰਕਾਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਮੁੱਢੋਂ ਹੀ ਵਿਸਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿਚ ਵਜ਼ੀਰ ਰਹੇ ਪਰ ਉਨ੍ਹਾਂ ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਲਈ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਜਥੇਦਾਰ ਖੁੱਡੀਆਂ ਨੂੰ ਪਾਈ ਤੁਹਾਡੀ ਵੋਟ ਆਜਾਈ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਲੋਕ ਭਲਾਈ ਦੀ ਸਿਆਸਤ ਕੀਤੀ ਹੈ, ਇਸ ਲਈ ਤੁਹਾਡੀਆਂ ਵੋਟਾਂ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਗੁਰਮੀਤ ਸਿੰਘ ਖੁੱਡੀਆਂ ਤੁਹਾਨੂੰ ਕਦੇ ਨਿਰਾਸ਼ ਨਹੀਂ ਹੋਣ ਦੇਣਗੇ। ਬਠਿੰਡਾ ਲੋਕ ਸਭਾ ਖੇਤਰ ਦੇ ਮਸਲਿਆਂ ਤੇ ਮੁੱਦਿਆਂ ਨੂੰ ਉਹ ਲੋਕ ਸਭਾ ਵਿਚ ਚੁੱਕਦੇ ਰਹਿਣਗੇ।