• ਪਹਿਲੀ ਪਾਤਸ਼ਾਹਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ‘ਤੇ ਚੱਲਣ ਦਾ ਦਿੱਤਾ ਸੁਨੇਹਾ
• ਕੈਂਸਰ ਜਾਗਰੂਕਤਾ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
• ਕੈਂਸਰ ਨੂੰ ਪੈਸੇ ਨਾਲ ਨਹੀਂ ਸਗੋਂ ਸਾਵਧਾਨੀਆਂ ਨਾਲ ਜਾ ਸਕਦਾ ਹੈ ਹਰਾਇਆ : ਕੁਲਵੰਤ ਸਿੰਘ ਧਾਲੀਵਾਲ
ਬਠਿੰਡਾ, 22 ਨਵੰਬਰ : ਧਰਤੀ, ਪਾਣੀ ਅਤੇ ਹਵਾ ਨੂੰ ਬਚਾਉਣਾ ਸਾਡਾ ਸਭ ਦਾ ਮੁੱਢਲਾ ਫਰਜ਼ ਤੇ ਧਰਮ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਥਾਨਕ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ 100ਵਾਂ ਵਰਲਡ ਕੈਂਸਰ ਕੇਅਰ ਕੈਂਪ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਗਵਰਨਰ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਸ. ਹਰਚਰਨ ਸਿੰਘ ਭੁੱਲਰ, ਐਸਐਸਪੀ ਮੈਡਮ ਅਮਨੀਤ ਕੌਂਡਲ, ਸ੍ਰੀ ਕੁਲਵੰਤ ਸਿੰਘ ਧਾਲੀਵਾਲ, ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ ਸ. ਹਰਪਾਲ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸੰਬੋਧਨ ਕਰਦਿਆਂ ਪਹਿਲੀ ਪਾਤਸ਼ਾਹਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ‘ਤੇ ਚੱਲਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕਿਸਾਨ ਖੇਤੀ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਅਤੇ ਜੈਵਿਕ ਖੇਤੀ ਅਤੇ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਕਿਸਾਨ ਵੱਧ ਉਤਪਾਦਨ ਲੈਣ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ ਅਤੇ ਉਦਯੋਗ ਅਤੇ ਹਸਪਤਾਲ ਆਪਣਾ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਜ਼ਮੀਨ ਦੇ ਹੇਠਾਂ ਜਾਂ ਨਦੀਆਂ-ਨਾਲਿਆਂ ਵਿੱਚ ਸੁੱਟ ਰਹੇ ਹਨ। ਇਸ ਦੀ ਪ੍ਰਤੱਖ ਮਿਸਾਲ ਸਾਡਾ ਸਤਲੁਜ ਦਰਿਆ ਹੈ ਜੋ ਪੰਜਾਬ ਵਿਚੋਂ ਲੰਘਦਾ ਹੈ ਅਤੇ ਜਿਸ ਦਾ ਪਾਣੀ ਹਰੀ ਕੇ ਪੱਤਣ ਵਿਚ ਪਹੁੰਚਦਿਆਂ ਹੀ ਪੂਰੀ ਤਰ੍ਹਾਂ ਕਾਲਾ ਅਤੇ ਪ੍ਰਦੂਸ਼ਿਤ ਹੋ ਜਾਂਦਾ ਹੈ, ਜੋ ਕਿ ਕੈਂਸਰ ਫੈਲਣ ਦਾ ਵੱਡਾ ਕਾਰਨ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਾਡੀ ਹਵਾ, ਧਰਤੀ, ਵਾਤਾਵਰਣ ਬਚੇਗਾ, ਉੱਥੇ ਹੀ ਸਾਡੀ ਸਿਹਤ, ਭਵਿੱਖ ਅਤੇ ਆਉਣ ਵਾਲੀ ਪੀੜ੍ਹੀ ਲਈ ਲਾਭਦਾਇਕ ਹੋਵੇਗਾ।
ਇਸ ਮੌਕੇ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਕਿ ਪੰਜਾਬ ਤੇ ਭਾਰਤ ਦੇ ਹੋਰ ਪੇਂਡੂ ਖੇਤਰਾਂ ਵਿੱਚ ਕੈਂਸਰ ਸਕਰੀਨਿੰਗ ਕੈਂਪ, ਮੋਬਾਈਲ ਡਾਇਗਨੌਸਟਿਕ ਵੈਨ, ਮੁਫਤ ਇਲਾਜ ਅਤੇ ਸਲਾਹ, ਜਾਗਰੂਕਤਾ ਮੁਹਿੰਮਾਂ, ਕੀਟਨਾਸ਼ਕਾਂ ਤੇ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਗਰੂਕਤਾ, ਕੈਂਸਰ ਦੇ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਸਹਾਇਤਾ, ਸਰਕਾਰੀ ਤੇ ਨਿੱਜੀ ਭਾਈਵਾਲੀ ਅਤੇ ਮੁਫਤ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਸੰਸਥਾ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਖੇਤਰਾਂ ਵਿਚ ਸਰਗਰਮ ਹੈ ਜਿੱਥੇ ਸਿਹਤ ਸਹੂਲਤਾਂ ਸੀਮਤ ਹਨ ਅਤੇ ਕੈਂਸਰ ਦੇ ਕੇਸਾਂ ਦੀ ਗਿਣਤੀ ਜ਼ਿਆਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਦੀਆਂ ਜੜ੍ਹਾਂ ਮਾਲਵਾ ਖੇਤਰ ਸਮੇਤ ਪੰਜਾਬ ਭਰ ਵਿੱਚ ਤੇਜ਼ੀ ਨਾਲ ਫੈਲ ਰਹੀਆਂ ਹਨ। ਹਾਲਾਤ ਇਹ ਹਨ ਕਿ ਕੈਂਸਰ ਦੇ ਇਲਾਜ ਲਈ ਪੰਜਾਬ ਤੋਂ ਰਾਜਸਥਾਨ ਜਾਣ ਵਾਲੀ ਰੇਲਗੱਡੀ ਨੂੰ ਹੁਣ ਕੈਂਸਰ ਟਰੇਨ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾ ਮੁਰਾਦ ਬਿਮਾਰੀ ਤੋਂ ਪ੍ਰਹੇਜ਼ ਤੇ ਸਾਵਧਾਨੀਆਂ ਵਰਤ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਐਸਬੀਆਈ ਕਾਰਡ ਪੇਮੈਂਟ ਸਰਵਿਸ ਲਿਮਿਟਡ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਵਰਲਡ ਕੈਂਸਰ ਕੇਅਰ ਸੰਸਥਾ ਦਾ ਮੁੱਖ ਮਕਸਦ ਪੂਰੇ ਭਾਰਤ ਨੂੰ ਕੈਂਸਰ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਤਹਿਤ ਮਾਲਵੇ ’ਚ ਅੱਜ 100ਵਾਂ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੂਸਰੇ ਫੇਜ਼ ਤਹਿਤ ਸਰਹੱਦੀ ਇਲਾਕਿਆਂ ਤੋਂ ਇਲਾਵਾ ਜੰਮੂ ਤੋਂ ਖੇਮਕਰਨ ਤੱਕ ਦੇ ਏਰੀਏ ਨੂੰ ਮਾਰਚ 2025 ਤੱਕ ਕਵਰ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੀ ਭਿਆਨਕ ਬਿਮਾਰੀ ਦੇ ਨਾਲ ਪੈਸਾ ਹੋਣ ਦੇ ਬਾਵਜੂਦ ਵੀ ਨਹੀਂ ਲੜਿਆ ਜਾ ਸਕਦਾ, ਸਗੋਂ ਇਸ ਨੂੰ ਪੂਰਨ ਪ੍ਰਹੇਜ਼ ਤੇ ਸਾਵਧਾਨੀਆਂ ਵਰਤ ਕੇ ਹਰਾਇਆ ਜਾ ਸਕਦਾ ਹੈ। ਉਨ੍ਹਾਂ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਸਮੇਤ ਘਰ ਦੀ ਰਸੋਈ ਨੂੰ ਸਾਫ-ਸੁਥਰਾ ਰੱਖਿਆ ਜਾਵੇ ਅਤੇ ਰਸੋਈ ਚੋਂ ਚਿੱਟਾ ਸੂਗਰ ਬਾਹਰ ਕੱਢ ਦਿੱਤਾ ਜਾਵੇ ਤੇ ਜ਼ਿੰਦਗੀ ਭਰ ਨਾ ਵਰਤਣ ਲਈ ਕਿਹਾ।
ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਇਸ ਨਾ ਮੁਰਾਦ ਬਿਮਾਰੀ ਨੇ ਉਨ੍ਹਾਂ ਦੀ ਮਾਤਾ ਨੂੰ ਉਹਨਾਂ ਤੋਂ ਹਮੇਸ਼ਾ ਲਈ ਖੋਹ ਲਿਆ। ਇਸ ਉਪਰੰਤ ਉਹਨਾਂ ਦੁਨੀਆਂ ਦੀਆਂ ਕਰੋੜਾਂ ਮਾਵਾਂ ਨੂੰ ਬਚਾਉਣ ਦਾ ਬੀੜਾ ਉਠਾਇਆ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਤੱਕ 5 ਲੱਖ ਲੋਕਾਂ ਦੀ ਮੁਫਤ ਚੈਕਿੰਗ ਕਰ ਚੁੱਕੇ ਹਨ।
ਇਸ ਮੌਕੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇੱਥੇ ਹਰ ਸਾਲ ਕੈਂਸਰ ਜਾਗਰੂਕਤਾ ਕੈਂਪ ਲਗਾਉਣ ਦਾ ਸੱਦਾ ਵੀ ਦਿੱਤਾ। ਉਹਨਾਂ ਵਿਸ਼ਵਾਸ ਦਵਾਇਆ ਕਿ ਇਹੋ ਜਿਹੇ ਨੇਕ ਉਪਰਾਲੇ ਵਿੱਚ ਉਹਨਾਂ ਦਾ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਮਾਨਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਸ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਜਰਨਲ) ਮੈਡਮ ਪੂਨਮ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਤੋਂ ਪਹਿਲਾਂ ਮਾਨਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦਾ ਸਥਾਨਕ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਪਹੁੰਚਣ ‘ਤੇ ਪੁਲੀਸ ਦੀ ਟੁੱਕੜੀ ਗਾਰਡ ਆਫ ਆਨਰ ਨਾਲ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਐਸਬੀਆਈ ਕਾਰਡ ਪੇਮੈਂਟ ਸਰਵਿਸ ਲਿਮਿਟਡ ਤੋਂ ਆਏ ਨੁਮਾਇੰਦੇ ਮੈਡਮ ਪ੍ਰੀਆ ਗਿੱਲ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ਼੍ਰੀ ਗੁਰਮੀਤ ਸਿੰਘ ਧਾਲੀਵਾਲ ਵੱਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ।