ਦੇਸ ਰਾਜ ਕਾਲੀ ਸਮਾਗਮ ਨੇ ਲਿਆ ਅਹਿਦ
ਕਾਲੀ ਰਚਨਾਵਾਲੀ ਅਤੇ ਉਸਦੀਆਂ ਪੈੜਾਂ
ਸਾਂਭਣਾ ਸਮੇਂ ਦੀ ਲੋੜ
ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਉੱਘੇ ਲੇਖਕ, ਪੱਤਰਕਾਰ, ਕਹਾਣੀਕਾਰ, ਨਾਵਲਕਾਰ, ਸਾਹਿਤਕ, ਸਭਿਆਚਾਰਕ ਅਤੇ ਜਮਹੂਰੀ ਕਾਮੇ ਦੇਸ ਰਾਜ ਕਾਲੀ ਦੀ ਯਾਦ ‘ਚ ਅੱਜ ਗੁਰਦੁਆਰਾ ਅਰਬਨ ਅਸਟੇਟ ਫੇਜ਼ 2 ਵਿਖੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਕਰਕੇ ਉਹਨਾਂ ਦੀ ਕਰਨੀ ਨੂੰ ਸਿਜਦਾ ਕੀਤਾ ਗਿਆ। ਦੱਬੇ ਕੁਚਲੇ ਲੋਕਾਂ ਦੀ ਜ਼ਿੰਦਗੀ ‘ਚ ਮੂਲੋਂ ਤਬਦੀਲੀ ਲਿਆ ਕੇ ਉਸਨੂੰ ਉਸਨੂੰ ਖੂਬਸੂਰਤ ਬਣਾਉਣ ਲਈ ਕਲਮਾਂ ਦਾ ਸਫ਼ਰ ਜਾਰੀ ਰੱਖਣ ਦਾ ਪੰਡਾਲ ਵੱਲੋਂ ਅਹਿਦ ਲਿਆ ਗਿਆ।
ਇਸ ਸਮਾਗਮ ‘ਚ ਪੰਜਾਬ ਦੇ ਮੰਨੇ-ਪ੍ਰਮੰਨੇ ਸਾਹਿਤਕਾਰ, ਲੇਖਕ, ਕਹਾਣੀਕਾਰ, ਆਲੋਚਕ, ਕਵੀ, ਬੁੱਧੀਮਾਨ, ਨਾਵਲਕਾਰ, ਸਮਾਜ ਸੇਵੀ, ਚਿੰਤਨਸ਼ੀਲ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਅਤੇ ਸੰਗਰਾਮ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਸ਼ਾਮਲ ਹੋਈਆਂ। ਉਹਨਾਂ ਸਭਨਾਂ ਨੇ ਦੇਸ ਰਾਜ ਕਾਲੀ ਦੀ ਜੀਵਨ ਸਾਥਣ ਅੰਜਲੀ, ਬੇਟੀਆਂ ਯੁਨੀਸ਼ ਗੱਪੂ, ਸ਼ਾਲੂ ਸ਼ਿਵਾਲਿਕਾ ਅਤੇ ਬੇਟੇ ਕਰਨ ਨਾਲ ਦੁੱਖ ਸਾਂਝਾ ਕੀਤਾ।
ਸਮਾਗਮ ਨੂੰ ਕਵੀ ਡਾ. ਸੁਰਜੀਤ ਪਾਤਰ, ਵਿਦਵਾਨ ਡਾ. ਸੁਖਦੇਵ ਸਿਰਸਾ, ਡਾ. ਸਰਬਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਆਰ.ਐਮ.ਪੀ.ਆਈ ਦੇ ਆਗੂ ਮੰਗਤ ਰਾਮ ਪਾਸਲਾ, ਵਿਦਵਾਨ ਲੇਖਕ ਆਲੋਚਕ ਡਾ. ਮਨਮੋਹਨ, ਚਰਨਜੀਤ ਸਿੰਘ ਅਟਵਾਲ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਐਸ.ਸੀ.ਐਸ.ਟੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਉੱਘੇ ਪੱਤਰਕਾਰ ਜਤਿੰਦਰ ਪੰਨੂ, ਪ੍ਰਾਈਮ ਏਸ਼ੀਆ ਦੇ ਪੱਤਰਕਾਰ ਹਰਬੀਰ ਬਾਠ, ਮਹਿੰਦਰ ਸੰਧੂ,ਯਾਦਵਿੰਦਰ ਕਰਫਿਊ, ਦੀਪਕ ਬਾਲੀ ਨੇ ਸੰਬੋਧਨ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਡਾ. ਸੇਵਾ ਸਿੰਘ, ਪ੍ਰੋ. ਸੁਰਜੀਤ ਜੱਜ, ਹਰਵਿੰਦਰ ਭੰਡਾਲ, ਨਾਮਵਰ ਖੋਜੀ ਲੇਖਕ ਕਿਰਪਾਲ ਕਜ਼ਾਕ, ਹਰਮੀਤ ਵਿਦਿਆਰਥੀ, ਅਜਮੇਰ ਸਿੰਘ ਸਿੱਧੂ, ਸ਼ਬਦੀਸ਼, ਤਸਕੀਨ, ਡਾ. ਅਰਵਿੰਦਰ ਕੌਰ ਕਾਕੜਾ, ਸੀਤਲ ਸਿੰਘ ਸੰਘਾ, ਡਾ. ਜਸਪਾਲ ਸਿੰਘ, ਸੰਤ ਪ੍ਰਦੀਪ ਗਿਰੀ, ਨਵਾਂ ਜ਼ਮਾਨਾ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਮੰਡ, ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਦੇ ਆਗੂ ਡਾ. ਇੰਦਰਵੀਰ ਸਿੰਘ ਗਿੱਲ, ਮੋਹਣ ਲਾਲ ਫਿਲੌਰੀਆ, ਸੁਸ਼ੀਲ ਦੁਸਾਂਝ, ਡਾ. ਕਰਮਜੀਤ, ਸਤਪਾਲ ਭੀਖੀ, ਡਾ. ਕੁਲਦੀਪ ਦੀਪ, ਡਾ. ਅਨੂਪ ਸਿੰਘ, ਡਾ. ਦਰਸ਼ਨ ਬੁੱਟਰ ਅਤੇ ਮਦਨ ਵੀਰਾ ਆਦਿ ਸੈਂਕੜੇ ਲੋਕਾਂ ਨੇ ਦੇਸ ਰਾਜ ਕਾਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਾਹਿਤ ਅਕਾਦਮੀ ਦੀ ਤਰਫ਼ੋਂ ਡਾ. ਸਰਬਜੀਤ ਕੌਰ ਸੋਹਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਦੇਸ ਰਾਜ ਕਾਲੀ ਦੀ ਸਮੁੱਚੀ ਰਚਨਾਵਲੀ ਨੂੰ ਢੁਕਵੀਆਂ ਜਿਲਦਾਂ ‘ਚ ਸੰਭਾਲਿਆ ਜਾਏਗਾ।
ਸਮੂਹ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਦੇਸ ਰਾਜ ਕਾਲੀ ਸਾਡੇ ਕੋਲੋਂ ਉਸ ਵੇਲੇ ਵਿਛੜੇ ਹਨ ਜਦੋਂ ਮੁਲਕ ਨੂੰ ਅਜੇਹੇ ਬੁੱਧੀਮਾਨ ਲੇਖਕਾਂ, ਕਹਾਣੀਕਾਰਾਂ, ਨਾਵਲਕਾਰਾਂ ਦੀ ਬੇਹੱਦ ਲੋੜ ਹੈ।
ਬੁਲਾਰਿਆਂ ਕਿਹਾ ਕਿ ਮੁਲਕ ਦੇ ਜੰਗਲ, ਜਲ, ਜ਼ਮੀਨ, ਔਰਤਾਂ, ਸਿੱਖਿਆ, ਸਿਹਤ, ਰੁਜ਼ਗਾਰ, ਇਤਿਹਾਸ, ਸਾਹਿਤ, ਕਲਾ, ਮਾਂ ਬੋਲੀ, ਸਾਂਝੇ ਇਤਿਹਾਸ, ਵਿਰਾਸਤ ਨੂੰ ਲੁੱਟਣ, ਵਿਗਾੜਨ, ਫ਼ਿਰਕੇਦਾਰਾਨਾ ਅਤੇ ਰਾਜਕੀ ਹਮਲੇ ਹੋ ਰਹੇ ਹਨ। ਅੱਜ ਜਿਵੇਂ ਮੁਲਕ ਨੂੰ ਫ਼ਿਰਕੂ ਲੀਹਾਂ ਤੇ ਵੰਡਣ, ਲੜਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਹਨਾਂ ਮੌਕਿਆਂ ਵੇਲੇ ਜਿਵੇਂ ਦੇਸ ਰਾਜ ਕਾਲੀ ਬੇਬਾਕ ਅਤੇ ਨਿਧੱੜਕ ਆਵਾਜ਼ ਬੁਲੰਦ ਕਰਦਾ ਸੀ ਉਸੇ ਤਰ੍ਹਾਂ ਜਾਗਦੀ ਜਮੀਰ ਵਾਲੇ ਕਾਫ਼ਲੇ ਮੈਦਾਨ ‘ਚ ਨਿਤਰਨ ਲਈ ਤਿਆਰ ਕਰਨਾ ਹੀ ਦੇਸ ਰਾਜ ਕਾਲੀ ਨੂੰ ਸੱਚੀ ਸ਼ਰਧਾਂਜ਼ਲੀ ਹੋਏਗੀ।
ਨਾਥਾਂ ਜੋਗੀਆਂ ਤੋਂ ਲੈ ਕੇ ਸ਼ਾਹੀਨ ਬਾਗ਼, ਮਨੀਪੁਰ ਆਦਿਵਾਸੀ ਅਤੇ ਦਿੱਲੀ ਕਿਸਾਨ ਮੋਰਚਾ ਆਦਿ ਦੀਆਂ ਪੈੜ੍ਹਾਂ ਨੱਪਦੇ ਸਦਾ ਸਫ਼ਰ ‘ਤੇ ਰਹਿਣ ਵਾਲੇ ਕਲਮਕਾਰ ਦੇਸ ਰਾਜ ਕਾਲੀ ਦੀ ਯਾਦ ਜਿੰਦਾ ਰੱਖਣ ਲਈ ਸਮਾਗਮ ‘ਚ ਜੁੜੇ ਲੋਕਾਂ ਨੇ ਸਵੈ ਨਾਲ ਗੰਭੀਰ ਕੌਲ ਕਰਾਰ ਕੀਤੇ।
ਪਰਿਵਾਰ ਦੀ ਤਰਫ਼ੋਂ ਕਵੀ ਮੱਖਣ ਮਾਨ ਅਤੇ ਡਾ. ਸੈਲੇਸ਼ ਨੇ ਵਿਸ਼ੇਸ਼ ਤੌਰ ਤੇ ਆਏ ਸਭਨਾਂ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੰਗਤ ਰਾਮ ਨੇ ਅਦਾ ਕੀਤੀ।