—ਚੇਲਿਆਂਵਾਲ਼ਾ ਦੀ ਜੰਗ ਲੋਹੜੀ ਵਾਲੇ ਦਿਨ ਹੋਈ ਸੀ। ਚੇਲਿਆਂਵਾਲ਼ਾ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਹੈ ਜੋ ਉਸ ਸਮੇਂ ਖ਼ਾਲਸਾ ਰਾਜ ਦਾ ਹਿੱਸਾ ਸੀ। ਇੱਥੇ ਅੰਗਰੇਜ਼ਾਂ ਤੇ ਸਿੱਖਾਂ ਵਿੱਚ ਲੰਮੀ ਜੰਗ ਹੋਈ ਜਿਸ ਵਿੱਚ ਅੰਗਰੇਜ਼ਾਂ ਦੀਆਂ ਤਿੰਨ ਰਾਜਮੈਂਟਾਂ ਨੇ ਆਪਣੇ ਝੰਡੇ ਗਵਾਏ। ਇਸ ਜੰਗ ਵਿੱਚ ਅੰਗਰੇਜ਼ਾਂ ਦੇ ਹੋਏ ਨੁਕਸਾਨ ਨੂੰ ਇਤਿਹਾਸ ਵਿੱਚ ਅਜੇ ਵੀ ਯਾਦ ਰੱਖਿਆ ਜਾਂਦਾ। 1857 ਦੀ ਕ੍ਰਾਂਤੀ ਵੇਲੇ ਅੰਗਰੇਜ਼ਾਂ ਨੂੰ “ਚੇਲਿਆਂਵਾਲ਼ਾ ਯਾਦ ਹੈ” ਇਹ ਕਹਿ ਕੇ ਟੱਕਰ ਦਿੱਤੀ ਜਾਂਦੀ ਸੀ। ਚੇਲਿਆਂਵਾਲ਼ਾ ਰਸੂਲ ਤੋਂ ਤਿੰਨ ਜਾਂ ਚਾਰ ਮੀਲ ਦੂਰ ਜਿਹਲਮ ਉੱਤੇ ਹੈ। ਰਸੂਲ ਤੋਂ ਲਾਲਾ ਮੂਸਾ ਤੇ ਮਲਕਵਾਲ ਪੁੱਲ ਤੋਂ ਸੜਕ ਰਾਹੀਂ ਚੇਲਿਆਂਵਾਲ਼ਾ ਪਹੁੰਚਿਆ ਜਾ ਸਕਦਾ ਹੈ। ਹੇਲਨ ਤੋਂ ਚੇਲਿਆਂਵਾਲ਼ਾ 26 ਮੀਲ ਦੂਰੀ ਤੇ ਹੈ। ਮਹੀਨਾ ਭਰ ਰੁਕ ਕੇ ਜਨਰਲ ਗਫ਼ ਨੇ ਚੇਲਿਆਂਵਾਲ਼ੇ ਵੱਲ ਤੁਰਨ ਬਾਰੇ ਸੋਚਿਆ। ਪਿਛਲੀਆਂ ਲੜਾਈਆਂ ਵਿੱਚ ਹੋਏ ਨੁਕਸਾਨ ਕਾਰਨ ਉਸ ਨੇ ਡੇਢ ਕੁ ਮਹੀਨਾ ਲੜਾਈ ਟਾਲਣ ਵਿੱਚ ਹੀ ਆਪਣੀ ਭਲਾਈ ਸਮਝੀ। 12 ਜਨਵਰੀ 1849 ਨੂੰ ਉਸ ਨੇ ਹੇਲਪ ਦੇ ਨੇੜੇ ਲੋਹ ਟਿੱਬੇ ਤੋਂ ਡੀਂਗਾ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਜਿੱਥੇ ਸ਼ੇਰ ਸਿੰਘ ਦੀ ਫੌਜ ਰੁਕੀ ਹੋਈ ਸੀ। ਸ਼ੇਰ ਸਿੰਘ ਦੀ ਫੌਜ ਲਖਨੀ ਵਾਲ਼ਾ, ਫਤਿਹ ਸ਼ਾਹ ਕਾ ਚੱਕ, ਲਲਿਆਣੀ ਜੇਹਲਮ ਤੇ ਰਸੂਲ ਤੱਕ ਕਿੱਕਰਾਂ, ਅੰਬ ਤੇ ਕੰਡਿਆਂ ਵਾਲ਼ੇ ਦਰਖਤਾਂ ਦੇ ਜੰਗਲ ਵਿੱਚ ਫੈਲੀ ਹੋਈ ਸੀ। ਸਿੱਖ ਫੌਜ 12 ਪੈਦਲ ਪਲਟਨਾਂ (22000 ਸੈਨਿਕ),66 ਤੋਪਾਂ ਅਤੇ 4000 ਤੋਂ ਵੱਧ ਘੋੜ ਸਵਾਰਾਂ ਦੀ ਤਿਆਰ ਬਰ ਤਿਆਰ ਫੌਜ ਸੀ। ਸ਼ੇਰ ਸਿੰਘ ਦੀ ਮਜ਼ਬੂਤ ਮੋਰਚਾਬੰਦੀ ਕਰਕੇ ਗਫ਼ ਨੇ ਸਿੱਧਾ ਮੂਹਰਿਓ ਹਮਲਾ ਕਰਨ ਦਾ ਫੈਸਲਾ ਕੀਤਾ। 13 ਜਨਵਰੀ ਨੂੰ ਸਵੇਰੇ ਮੂੰਹ ਹਨੇਰੇ ਸੀ ਜੰਗ ਦਾ ਬਿਗਲ ਵੱਜ ਗਿਆ। 24ਵੀਂ ਫੁਟ ਨੇ ਸਿੱਖਾਂ ਤੇ ਹਮਲਾ ਕੀਤਾ ਪਰ ਸਿੱਖ ਪਹਿਲਾਂ ਹੀ ਪਿੱਛੇ ਹਟ ਗਏ। ਜਨਰਲ ਗਫ਼ ਨੇ ਇਹ ਦੇਖ ਕੇ ਅਗਲੇ ਦਿਨ ਹਮਲਾ ਕਰਨ ਦੀ ਸੋਚੀ ਪਰ ਫਿਰ ਸਿੱਖ ਮੋਰਚਾ ਬੰਦੀ ਨੂੰ ਦੇਖਦਿਆਂ ਹਮਲਾ ਸ਼ੁਰੂ ਦਿੱਤਾ। ਦੁਪਹਿਰ ਤੱਕ ਤੋਪਾਂ ਚੱਲਦੀਆਂ ਰਹੀਆਂ। ਹਰੇ ਜੰਗਲ ਵਿੱਚ ਇਹ ਇੱਕ ਲੁਕਵੀਂ ਖ਼ੂਨੀ ਜੰਗ ਸੀ। ਸਿੱਖਾਂ ਨੇ ਬ੍ਰਿਗੇਡੀਅਰ ਪੈਨੀ ਕੁਇਕ ਦੀ ਬ੍ਰਿਗੇਡ ਨੂੰ ਬੁਰੀ ਤਰ੍ਹਾਂ ਕੁਚਲ ਕੇ ਪਿੱਛੇ ਧੱਕ ਦਿੱਤਾ। 24ਵੀਂ ਫੁੱਟ ਰਜਮੈਂਟ ਨੂੰ ਸਿੱਖਾਂ ਦਾ ਸਿੱਧਾ ਵਾਰ ਸਹਿਣਾ ਪਿਆ। ਗ੍ਰਿਨੇਡੀਅਰ ਕੰਪਨੀ ਬੁਰੀ ਤਰ੍ਹਾਂ ਕੱਟੀ ਗਈ। 25ਵੀਂ ਤੇ 46ਵੀਂ ਰਜਮੈਂਟ ਇੱਕ ਦੂਜੇ ਤੋਂ ਦੂਰ ਹੋ ਗਈਆਂ। ਇੱਕ ਵਾਰ ਤਾਂ ਅੰਗਰੇਜ਼ਾਂ ਨੇ ਸਿੱਖ ਤੋਪਾਂ ਤੇ ਕਬਜ਼ਾ ਕਰ ਲਿਆ ਪਰ ਬ੍ਰਿਗੇਡੀਅਰ ਪੇਨੀਕੁਇਕ ਨੂੰ ਗੋਲੀ ਵੱਜੀ ਤੇ ਉਹ ਮਰ ਗਿਆ। ਸਿੱਖਾਂ ਨੇ ਤਲਵਾਰਾਂ ਨਾਲ਼ ਲੜ ਕੇ ਆਪਣੀਆਂ ਤੋਪਾਂ ਵਾਪਸ ਖੋਹ ਲਈਆ। ਹੱਥੋ ਹੱਥ ਦੀ ਇਸ ਲੜਾਈ ਵਿੱਚ 24 ਫੁਟ ਦੀ ਸਾਰੀ ਕਲਰ ਪਾਰਟੀ ਦੇ ਕਮਾਂਡਰ ਕਰਨਲ ਬਰੁੱਕਹ ਤੇ ਹੋਰ ਅਫ਼ਸਰ ਮਾਰੇ ਗਏ। 24ਵੀਂ ਤੇ 45ਵੀਂ ਫੁਟ ਨੂੰ ਜੰਗਲ ਵਿੱਚ ਛੁੱਪ ਕੇ ਚੇਲਿਆਂਵਾਲਾ ਵੱਲ ਭੱਜਣਾ ਪਿਆ। ਅੰਗਰੇਜ਼ਾਂ ਦੇ 24ਵੀਂ ਫੁਟ ਦੇ 13 ਅਫ਼ਸਰ ਤੇ 225 ਜਵਾਨ ਮਾਰੇ ਗਏ। 25ਵੀਂ ਦੇ 3 ਅਫ਼ਸਰ, 201 ਜਵਾਨ ਅਤੇ 45ਵੀਂ ਦੇ 40 ਅਫ਼ਸਰ ਤੇ 75 ਜਵਾਨ ਮਰੇ ਜਾਂ ਜ਼ਖਮੀ ਹੋਏ। ਉਧਰ ਹੋਗਾਨ ਆਪਣੀ ਬ੍ਰਿਗੇਡ ਲੈ ਕੇ ਜੰਗਲ ਦੇ ਦੂਜੇ ਹਿੱਸੇ ਵਿੱਚ ਸੀ ਉਸ ਦਾ ਰਾਜਾ ਲਾਲ ਸਿੰਘ ਦੀ ਫੌਜ ਨਾਲ਼ ਟਾਕਰਾ ਹੋਇਆ। 41ਵੀਂ ਫੁਟ ਰਜਮੈਂਟ ਨੇ ਰਸਾਲਿਆਂ ਤੇ ਗੋਲੀਆਂ ਚਲਾਈਆਂ ਤੇ ਤੋਪਾਂ ਨੂੰ ਕਬਜ਼ੇ ਵਿੱਚ ਕਰ ਲਿਆ। 36ਵੀਂ ਰਜੀਮੈਂਟ ਨੂੰ ਸਿੱਖ ਪੌਦਲ ਫੌਜ ਨਾਲ਼ ਮੁਕਾਬਲਾ ਕਰਨਾ ਪਿਆ। 46ਵੀਂ ਰੈਜਮੈਂਟ ਦਾ ਸਿੱਖ ਘੋੜ ਸਵਾਰਾਂ ਨੇ ਕਰੜਾ ਮੁਕਾਬਲਾ ਕੀਤਾ। 36ਵੀਂ ਪਲਟਨ ਪਿੱਛੇ ਹਟ ਰਹੀ ਸੀ ਤਾਂ ਸਿੱਖਾਂ ਦੀ ਪੈਦਲ ਫੌਜ ਨੇ ਕੈਂਪਬੈੱਲ ਦੀ 61ਵੀਂ ਪਲਟਨ ਤੇ ਹਮਲਾ ਕੀਤਾ। ਅਤਰ ਸਿੰਘ ਤੇ ਲਾਲ ਸਿੰਘ ਦੀ ਇਨਫੈਂਟਰੀ ਨੇ ਮੁਕਾਬਲਾ ਕੀਤਾ।46ਵੀਂ ਤੇ 61ਵੀਂ ਰਜਮੈਂਟ ਨੇ ਅਤਰ ਸਿੰਘ ਦੀਆਂ 13 ਤੋਪਾਂ ਲੈ ਲਈਆਂ। ਰਾਮ ਸਿੰਘ ਦੇ ਰਸਾਲਿਆਂ ਨੇ ਅੰਗਰੇਜ਼ਾਂ ਦੀ ਕੈਵਲਰੀ ਤੇ ਹਮਲਾ ਕਰਕੇ ਤਕੜਾ ਮੁਕਾਬਲਾ ਦਿੱਤਾ। ਇਸ ਸਮੇਂ ਡ੍ਰਾਗਨਸ ਨੇ ਹਮਲਾ ਕਰਕੇ ਸਿੱਖ ਰਸਾਲਿਆਂ ਨੂੰ ਖਿੰਡਾ ਦਿੱਤਾ। ਉਹਨਾਂ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ। 160 ਡ੍ਰਾਗਨਸ ਵਿੱਚੋਂ 23 ਡ੍ਰਾਗਨਸ ਮਾਰੇ ਗਏ ਤੇ 17 ਜ਼ਖਮੀ ਹੋਏ। 18 ਘੋੜੇ ਮਰੇ 8 ਜ਼ਖਮੀ ਹੋਏ। ਅੰਗਰੇਜ਼ ਫੌਜ ਵਿੱਚ ਭਗਦੜ ਮੱਚ ਗਈ। 3000 ਬੰਦੇ ਮੈਦਾਨ ਵਿੱਚ ਭੱਜਣ ਲੱਗੇ ਤਾਂ ਚੈਚਲਿਨ ਵ੍ਹਾਈਟਿੰਗ ਨੇ ਉਹਨੂੰ ਅੱਗੇ ਹੋ ਕੇ ਰੋਕਿਆ। ਸਿੱਖ ਘੋੜ ਸਵਾਰਾਂ ਨੇ ਮੇਜਰ ਕ੍ਰਿਸ਼ਟੀ ਦੀ ਬ੍ਰਿਗੇਡ ਤੇ ਵਾਰ ਕੀਤਾ 4 ਤੋਪਾਂ ਤੇ 60 ਗੱਡੇ ਬਰੂਦ ਦੇ ਕਾਬੂ ਕਰ ਲਏ। ਇਹ ਇਹ ਦੇਖ ਕੇ ਗੋਡਬੀ ਆਪ ਸ਼ੇਰ ਸਿੰਘ ਦੀ ਮੋਰਚਾਬੰਦੀ ਉੱਤੇ ਗਿਆ। ਉਸ ਨੇ ਹਮਲਾ ਕਰਨ ਦਾ ਹੁਕਮ ਦਿੱਤਾ। ਇਸ ਸਮੇ ਅਖੀਰ ਜਨਰਲ ਗਿੱਲਬਰਟ ਆਪ ਅੱਗੇ ਆਇਆ। ਉਸਨੇ ਅੰਗਰੇਜ਼ਾਂ ਸਿਪਾਹੀਆਂ ਨੂੰ ਵੰਗਾਰਿਆ। ਕੱਲਾ ਕੱਲਾ ਸਿੱਖ ਤਲਵਾਰ ਲੈ ਕੇ ਉਹਨਾਂ ਦੇ ਪਿੱਛੇ ਪਿਆ। ਮਾਊਂਟੇਨ ਦੀ ਬ੍ਰਿਗੇਡ ਸ਼ਾਹੀ 29ਵੀਂ 30ਵੀਂ, 61ਵੀਂ ਨੇਟਿਵ ਇੰਡੀਆ ਅਤੇ ਡੋਅ ਦੀ ਬੈਟਰੀ ਅੰਗਰੇਜ਼ਾਂ ਦੀ ਤਰਫੋਂ ਖ਼ੂਬ ਲੜ ਰਹੀ ਸੀ।ਅਚਾਨਕ ਅਤਰ ਸਿੰਘ ਤੇ ਸ਼ੇਰ ਸਿੰਘ ਦੀਆਂ ਫੌਜਾਂ ਨੇ ਇਕੱਠਿਆਂ ਹੋ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਪਹਿਲੀ ਰਜਮੈਂਟ ਦੇ ਝੰਡੇ ਡੇਗ ਦਿੱਤੇ ਗਏ। 29ਵੀਂ ਰਜਮੈਂਟ ਨੇ ਸੰਗੀਨਾਂ ਨਾਲ਼ ਸਿੱਖਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਧੱਕ ਕੇ ਅੱਗੇ ਲੈ ਗਏ। ਸਿੱਖ ਪੈਦਲ ਫੌਜ ਬੰਦੂਕਾਂ ਸੁੱਟ ਕੇ ਤਲਵਾਰਾਂ ਨਾਲ਼ ਲੜਨ ਲੱਗੀ। ਅਖੀਰ 29ਵੀਂ ਸ਼ਾਹੀ ਨੇਟਿਵ ਇੰਡੀਆ ਨੇ ਮੋਰਚਾ ਫ਼ਤਿਹ ਕੀਤਾ ਅਤੇ ਸਿੱਖਾਂ ਦੀਆਂ 12 ਤੋਪਾਂ ਉਤੇ ਕਬਜ਼ਾ ਕਰ ਲਿਆ। 56ਵੀਂ ਦਾ ਕਰਨਲ ਤੇ ਹੋਰ ਅਫ਼ਸਰ ਮਾਰੇ ਗਏ। ਜਿਵੇਂ ਜਿਵੇਂ ਰਾਤ ਪੈਣ ਲੱਗੀ ਹਨੇਰਾ ਸ਼ੁਰੂ ਹੋ ਗਿਆ। ਮਾਊਂਟੇਨ ਤੇ ਹੋਗਾਨ ਦੀ ਬ੍ਰਿਗੇਡ ਤੇ ਵ੍ਹਾਈਟ ਦੀ ਕੈਲਵਰੀ ਨੇ ਸਿੱਖਾਂ ਦੀ ਪੁਜ਼ੀਸ਼ਨ ਖੋਹ ਲਈ। ਸਿੱਖਾਂ ਦੀ ਫੌਜ ਜਿਹਲਮ ਦੇ ਤਪਾਈ ਕੈਂਪ ਤੱਕ ਪਿੱਛੇ ਹਟ ਗਈ ਤੇ ਉਥੋਂ ਰਸੂਲ ਵੱਲ ਚਲੇ ਗਈ। ਕਰਨਲ ਲੇਨ ਦੀ ਆਰਟਿਲਰੀ ਉਹਨਾਂ ਤੇ ਲਗਾਤਾਰ ਗੋਲੇ ਸਿੱਟ ਰਹੀ ਸੀ। ਲੜਾਈ ਖਤਮ ਹੋ ਗਈ ਸੂਰਜ ਡੁੱਬ ਗਿਆ। ਗਫ਼ ਨੇ ਸਿੱਖਾਂ ਦੇ ਮੋਰਚੇ ਤੇ ਰਹਿਣ ਦਾ ਫੈਸਲਾ ਕੀਤਾ ਕਿ ਕਿਤੇ ਰਾਤ ਨੂੰ ਸ਼ੇਰ ਸਿੰਘ ਇਸ ਤੇ ਦੁਬਾਰਾ ਕਬਜ਼ਾ ਨਾ ਕਰ ਲਵੇ। ਸਿੱਖ ਫੌਜ ਅਜੇ ਵੀ ਸਾਹਮਣੇ ਖੜੀ ਸੀ ਸ਼ੇਰ ਸਿੰਘ ਆਪਣੀਆਂ ਤੋਪਾਂ ਚੁੱਕ ਕੇ ਲੈ ਗਿਆ ਜੋ ਪਿੱਛੇ ਰਹਿ ਗਈਆਂ ਸਨ। ਇਹ ਜੰਗ ਸਾਢੇ ਤਿੰਨ ਘੰਟੇ ਚੱਲੀ ਇਸ ਵਿੱਚ ਗਫ਼ ਦੇ 706 ਬੰਦੇ ਮਰੇ ਤੇ 1651 ਜ਼ਖ਼ਮੀ ਹੋਏ। ਮਰਨ ਵਾਲਿਆਂ ਵਿੱਚ 22 ਅੰਗਰੇਜ਼ ਅਫ਼ਸਰ ਤੇ 16 ਹਿੰਦੁਸਤਾਨੀ ਅਫ਼ਸਰ, 57 ਜੂਨੀਅਰ ਅਫ਼ਸਰ, 5 ਬਿਗਲ ਵਜਾਉਣ ਵਾਲ਼ੇ, 597 ਸੈਨਿਕ,1ਲਸਕਰ, 8 ਸਾਈਸ ਤੇ 132 ਘੋੜੇ ਸਨ। ਜਖਮੀਆਂ ਵਿੱਚ 67 ਅੰਗਰੇਜ਼ ਅਫ਼ਸਰ, 27 ਹਿੰਦੁਸਤਾਨੀ ਅਫ਼ਸਰ,1 ਵਾਰੰਟ ਅਫ਼ਸਰ, 90 ਜੂਨੀਅਰ ਅਫ਼ਸਰ,17 ਬਿਗਲ ਵਜਾਉਣ ਵਾਲ਼ੇ,1439 ਹੋਰ ਸੈਨਿਕ ,8 ਲਸਕਰ, 2 ਸਾਈਸ ਤੇ 44 ਘੋੜੇ ਸਨ। ਸਿੱਖਾਂ ਦੇ ਵੀ ਬਹੁਤ ਸਾਰੇ ਬੰਦੇ ਮਰੇ ਪਰ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ। ਉਹ ਮੈਦਾਨ ਤੋਂ ਪਿੱਛੇ ਜ਼ਰੂਰ ਹਟ ਗਏ। ਪਰ ਗਫ਼ ਨਾ ਤਾਂ ਉਹਨਾਂ ਨੂੰ ਹਰਾ ਸਕਿਆ ਅਤੇ ਨਾ ਹੀ ਆਪਣੀ ਯੋਜਨਾ ਅਨੁਸਾਰ ਜਿਹਲਮ ਪਾਰ ਧੱਕ ਸਕਿਆ ਸੀ। ਸਿੱਖਾਂ ਦੀਆਂ 13 ਤੋਪਾਂ ਉੱਤੇ ਉਸਨੇ ਕਬਜ਼ਾ ਕਰ ਲਿਆ ਸੀ। 14 ਤਰੀਕ ਨੂੰ ਅਗਲੀ ਸਵੇਰ ਸੁਬਹ ਬਾਰਿਸ਼ ਹੋ ਰਹੀ ਸੀ। ਗਫ਼ ਲੜਾਈ ਦੇ ਮੈਦਾਨ ਵਿੱਚ ਪਹੁੰਚਿਆ ਉਸ ਨੇ ਵੇਖਿਆ ਕਿ ਇੰਨੇ ਕਤਲੇਆਮ ਦੇ ਬਾਅਦ ਵੀ ਲੜਾਈ ਤਾਂ ਅਧੂਰੀ ਰਹਿ ਗਈ ਹੈ।ਉਹ ਹੁਣ ਨਿਰਾਸ਼ ਹੋ ਗਿਆ ਸੀ। ਉਧਰ ਵਿਲਾਇਤ ਵਿੱਚ ਵੀ ਇਸ ਗੱਲ ਦਾ ਰੌਲਾ ਪਿਆ ਕਿ ਇਹਨਾਂ ਨੁਕਸਾਨ ਹੋ ਕੇ ਵੀ ਬਗੈਰ ਜਿੱਤ ਹਾਰ ਦੇ ਫੈਸਲੇ ਦੇ ਲਈ ਲੜਾਈ ਕਿਉਂ ਹੋਈ ਜਿਸ ਵਿੱਚ ਰਜਮੈਂਟਲ ਤੇ ਮਹਾਰਾਣੀ ਦੇ ਝੰਡੇ ਡਿੱਗ ਗਏ ਤੇ ਚਾਰ ਬ੍ਰਿਟਿਸ਼ ਤੋਪਾਂ ਵੀ ਖੁਹਾ ਲਈਆਂ। ਗਫ਼ ਦੀ ਥਾਂ ਤੇ ਸਰ ਚਾਰਲਸ ਨੇਪੀਅਰ ਨੂੰ ਕਮਾਂਡਰ ਬਣਾਇਆ ਗਿਆ ਪਰ ਗਫ਼ ਨੂੰ ਅਜੇ ਇਸ ਬਾਰੇ ਪਤਾ ਨਹੀਂ ਸੀ। ਗਫ਼ ਨੂੰ ਇਹ ਉਮੀਦ ਸੀ ਕਿ ਉਹ ਸਿੱਖਾਂ ਨੂੰ ਹਰਾ ਕੇ ਛੱਡੇਗਾ ਜਾਂ ਜੇਹਲਮ ਦੇ ਪਾਰ ਸਿੰਧ ਸਾਗਰ ਦੁਆਬ ਤੱਕ ਧੱਕੇਗਾ। ਅਗਲੇ ਤਿੰਨ ਦਿਨ ਉੱਥੇ ਬਾਰਿਸ਼ ਹੁੰਦੀ ਰਹੀ ਗਫ਼ ਨੂੰ ਸ਼ੇਰ ਸਿੰਘ ਦੇ ਹਮਲੇ ਦਾ ਫਿਰ ਡਰ ਸੀ ਇਸ ਕਰਕੇ ਉਸ ਨੇ ਆਪਣੇ ਕੈਂਪ ਦੁਆਲੇ ਖਾਈਆਂ ਖੋਦ ਲਈਆਂ। ਤੀਜੇ ਦਿਨ ਸ਼ੇਰ ਸਿੰਘ ਦਾ ਇੱਕ ਜਰਨੈਲ ਇਲਾਹੀ ਬਖਸ਼ ਜੋ ਪਿਸ਼ਾਵਰ ਬ੍ਰਿਗੇਡ ਦਾ ਸਿੱਖ ਅਲਟਿਲਰੀ ਜਰਨੈਲ ਸੀ ਸ਼ੇਰ ਸਿੰਘ ਨੂੰ ਛੱਡ ਕੇ ਗਫ਼ ਕੋਲ਼ ਆ ਗਿਆ। ਉਸ ਨੇ ਗਫ਼ ਨੂੰ ਸੂਹ ਦਿੱਤੀ ਕਿ ਸ਼ੇਰ ਸਿੰਘ ਦੀ ਪੁਜ਼ੀਸ਼ਨ ਬਹੁਤ ਮਜ਼ਬੂਤ ਹੈ ਇਸ ਕਰਕੇ ਹਮਲਾ ਕਰਨਾ ਠੀਕ ਨਹੀਂ। ਗਫ਼ ਵੀ ਮੁਲਤਾਨ ਦੀ ਫੌਜ ਦਾ ਇੰਤਜ਼ਾਰ ਕਰਨ ਲਈ ਰਾਜ਼ੀ ਹੋ ਗਿਆ। ਦੋ ਦਿਨ ਬਾਅਦ ਚਤਰ ਸਿੰਘ ਸ਼ੇਰ ਸਿੰਘ ਕੋਲ 6000 ਦੀ ਫੌਜ ਲੈ ਕੇ ਆ ਪੁੱਜਾ। ਸ਼ੇਰ ਸਿੰਘ ਦੀ ਫੌਜ ਡੀਂਗਾ ਪਹੁੰਚ ਗਈ। ਉਹਨਾਂ ਨੇ ਗਫ਼ ਦੀ ਸਪਲਾਈ ਦਾ ਕੱਟਣ ਦੀ ਧਮਕੀ ਦਿੱਤੀ ਪਰ ਗਫ ਡਟਿਆ ਰਿਹਾ। 11 ਫਰਵਰੀ ਨੂੰ ਫਿਰ ਸ਼ੇਰ ਸਿੰਘ ਨੇ ਖੋਰੀ ਜਾ ਕੇ ਗਫ਼ ਨੂੰ ਲਲਕਾਰਿਆ ਪਰ ਗਫ਼ ਫਿਰ ਵੀ ਅੱਗੇ ਨਾ ਵਧਿਆ। 13 ਫਰਵਰੀ ਨੂੰ ਵਿਸ਼ ਦੀ ਫੌਜ ਦੀ ਪਹਿਲੀ ਡਿਵੀਜ਼ਨ ਵੀ ਆ ਗਈ। ਸ਼ੇਰ ਸਿੰਘ ਨੂੰ ਜਦੋਂ ਪਤਾ ਲੱਗਾ ਤਾਂ ਆਪਣੀ ਫੌਜ ਤੇ ਗੈਰੀਸਨ ਨੂੰ ਨਾਲ਼ ਲੈ ਕੇ ਚਨਾਬ ਦੇ ਪੂਰਬ ਵਿੱਚ 25 ਮੀਲ ਦੂਰ ਗੁਜਰਾਤ ਦੇ ਕਿਲੇਬੰਦ ਸ਼ਹਿਰ ਵਿੱਚ ਚਲ ਪਿਆ। ਗਫ਼ ਦੇ ਬੰਦਿਆਂ ਨੇ ਉਸ ਨੂੰ ਸਿੱਖਾਂ ਤੇ ਹਮਲਾ ਕਰਨ ਲਈ ਕਿਹਾ ਪਰ ਉਸ ਨੇ ਇਹਨਾਂ ਦੀ ਗੱਲ ਨਹੀਂ ਮੰਨੀ। ਉਸ ਨੇ ਆਪਣਾ ਸਾਰਾ ਗ਼ੈਰ ਫੌਜੀ ਸਟਾਫ ਤੇ ਵਾਧੂ ਸਮਾਨ ਰਾਮ ਨਗਰ ਭੇਜ ਦਿੱਤਾ।15 ਫ਼ਰਵਰੀ ਨੂੰ ਆਪਣਾ ਕੈਂਪ ਤੋੜ ਦਿੱਤਾ ਚਿਲਿਆਂ ਵਾਲ਼ਾ ਕੋਈ ਤੇ ਮੁਜੀਆਂ ਵਾਲ਼ਾ ਵਿੱਚੋਂ ਲੰਘ ਕੇ ਲਸੂਰੀ ਪਹੁੰਚ ਗਿਆ ਜਿੱਥੇ ਉਹ ਜਨਰਲ ਵਿਸ਼ ਨੂੰ ਮਿਲਿਆ। 17 ਫਰਵਰੀ ਨੂੰ ਕੁੰਜਾ ਪਹੁੰਚਿਆ ਜਿੱਥੋਂ ਉਸਨੇ ਗੁਜਰਾਤ ਵਿੱਚ ਸਿੱਖਾਂ ਦੀ ਮੋਰਚਾਬੰਦੀ ਦੇਖੀ। 18 ਨੂੰ ਤ੍ਰਿਖਰ ਤੇ 20 ਨੂੰ ਸ਼ਾਦੀਵਾਲ ਪਹੁੰਚ ਗਿਆ। ਇਸ ਤਰ੍ਹਾਂ ਚਿਲਿਆਂਵਾਲ਼ਾ ਦੀ ਲੜਾਈ ਵਿੱਚ ਭਾਰੀ ਨੁਕਸਾਨ ਕਰਾ ਕੇ ਗਫ਼ ਬਿਨਾਂ ਕਿਸੇ ਜਿੱਤ ਹਾਰ ਦੇ ਮੈਦਾਨ ਵਿੱਚੋਂ ਚਲਾ ਗਿਆ।
-ਜਗਤਾਰ ਸਿੰਘ ਸੋਖੀ
94171-66386