06 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਹੀਰੋਸ਼ੀਮਾ ਦਿਵਸ ‘ਤੇ ਵਿਸ਼ੇਸ਼ ਸਭਾ ਕਰਵਾਈ ਗਈ।ਜਿਸ ਵਿੱਚ ਸਾਰੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਸ਼ਾਮਿਲ ਸਨ। ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1945 ‘ਚ ਅਮਰੀਕਾ ਨੇ ਜਪਾਨ ਦੇ ਹੀਰੋਸ਼ੀਮਾ ਸ਼ਹਿਰ ਉੱਤੇ “ਲਿਟਲ ਬੁਆਏ” ਨਾਂ ਦਾ ਪਰਮਾਣੂ ਬੰਬ ਸੁੱਟਿਆ ਸੀ। ਜੋ ਮਨੁੱਖੀ ਇਤਿਹਾਸ ‘ਚ ਪਹਿਲੀ ਵਾਰ ਸੀ ਕਿ ਕਿਸੇ ਸ਼ਹਿਰ ‘ਤੇ ਪਰਮਾਣੂ ਬੰਬ ਦੀ ਵਰਤੋਂ ਕੀਤੀ ਗਈ।ਬੰਬ 600 ਮੀਟਰ ਦੀ ਉਚਾਈ ‘ਤੇ ਫਟਿਆ ਅਤੇ ਨਤੀਜੇ ਵਜੋਂ ਲਗਭਗ 70,000 ਲੋਕਾਂ ਦੀ ਤੁਰੰਤ ਮੌਤ ਹੋ ਗਈ। ਧਮਾਕੇ ਨੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਬੰਬ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਆਉਣ ਵਾਲੇ ਸਾਲਾਂ ‘ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਰੇਡੀਏਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹੇ। ਪ੍ਰਿੰਸੀਪਲ ਸ੍ਰੀ ਰਵਿੰਦਰ ਵੋਹਰਾ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਨ ਨੂੰ ਪੂਰੀ ਦੁਨੀਆਂ ‘ਚ ਸ਼ਾਂਤੀ ਅਤੇ ਮਾਨਵਤਾ ਦੇ ਸਤਿਕਾਰ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ।ਹੀਰੋਸ਼ੀਮਾ ਦਿਵਸ ਦੀ ਮਹੱਤਤਾ ਸਿਰਫ ਉਸ ਦਿਨ ਦੀ ਘਟਨਾ ਤੱਕ ਸੀਮਤ ਨਹੀਂ ਹੈ ਸਗੋਂ ਇਹ ਦਿਨ ਮਨੁੱਖਤਾ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ। ਪਰਮਾਣੂ ਹਥਿਆਰਾਂ ਦੇ ਖਤਰੇ ਅਤੇ ਇਸ ਦੇ ਵਿਨਾਸ਼ਕਾਰੀ ਨਤੀਜਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪਰਮਾਣੂ ਸ਼ਕਤੀ ਨੂੰ ਊਰਜਾ ਦੇ ਤੌਰ ‘ਤੇ ਹੋਰ ਸਾਰਥਕ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ ।ਵਿਸਫੋਟ ਤੋਂ ਬਾਅਦ ਦੇ ਸਾਲਾਂ ‘ਚ ਸ਼ਹਿਰ ਨੇ ਨਾ ਸਿਰਫ਼ ਆਪਣੀ ਭੌਤਿਕ ਬਣਤਰ ਨੂੰ ਦੁਬਾਰਾ ਬਣਾਇਆ ਸਗੋਂ ਸ਼ਾਂਤੀ ਅਤੇ ਸਿੱਖਿਆ ਦੁਆਰਾ ਇੱਕ ਨਵੀਂ ਪਛਾਣ ਵੀ ਬਣਾਈ। ਅੱਜ ਹੀਰੋਸ਼ੀਮਾ ਨੂੰ ‘ਸ਼ਾਂਤੀ ਦੇ ਸ਼ਹਿਰ’ ਵਜੋਂ ਜਾਣਿਆ ਜਾਂਦਾ ਹੈ।ਇਸ ਵਿਸ਼ੇਸ਼ ਸਭਾ ਦੌਰਾਨ ਸਮਾਜਿਕ ਸਿੱਖਿਆ ਵਿਭਾਗ ਮੁਖੀ ਮੈਡਮ ਗਗਨਪ੍ਰੀਤ ਕੌਰ ਅਤੇ ਅਧਿਆਪਕ ਸੰਦੀਪ ਸਿੰਘ ਨੇ ਬੱਚਿਆਂ ਨੂੰ ਇਸ ਘਟਨਾ ਦੇ ਸਾਰੇ ਇਤਿਹਾਸਕ ਪੱਖਾਂ ਤੋਂ ਜਾਣੂ ਕਰਵਾਇਆ ਅਤੇ ਸ਼ਾਂਤੀ ਦਾ ਸੰਦੇਸ਼ ਵੰਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਜ਼ਿੰਦਗੀ ਵਿੱਚ ਅਮਨ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨਾ ਹੈ।