—ਓ ਜੀ ਥੋਡੇ ਫੋਨ ਤੇ ਮੈਸੇਜ ਆਈ ਜਾਂਦੇ ਨੇ ਟੈਂ ਟੈਂ ਕਰੀ ਜਾਂਦੈ ਕਿੰਨੀ ਵਾਰ ਕਿਹਾ ਇਹਨੂੰ ਜਦੋਂ ਚਾਰਜ ਤੇ ਲਾਉਣੇ ਓ ਸਾਈਲੈਂਟ ਕਰਦਿਆ ਕਰੋ ਜਦੋਂ ਚਾਰਜ ਲਾਉਨੇ ਓ ਓਦੀ ਕਦੀ ਮੈਸੇਜ ਕਦੀ ਫੋਨ ਆ ਜਾਂਦੈ ਫੇਰ ਪੱਟ ਕੇ ਲੈ ਜਾਨੇ ਓ ਤੇਂ ਉਂਗਲਾਂ ਮਾਰ ਮਾਰ ਪਤਾ ਨੀ ਕਿੱਥੇ ਪਹੁੰਚ ਜਾਨੇ ਓ ਜਦੋਂ ਬੰਦ ਹੋਣ ਨੁੰ ਪੈਂਦੇ ਫੇਰ ਸੁਰਤ ਆਉਦੀ ਆ ਵੀ ਮੈਂ ਤਾ ਚਾਰਜ ਤੇ ਲਾਇਆ ਸੀ” ਬਲਜੀਤ ਦੀ ਘਰ ਵਾਲੀ ਹਰਿੰਦਰ ਨੇ ਖਿਝਦੇ ਹੋਏ ਕਿਹਾ। “ਲੈ ਤੂੰ ਹੀ ਦੇਖਲੈ ਕੀ ਆਇਆ ਕਿਸੇ ਬੈਂਕ ਆਲਿਆਂ ਦਾ ਹੋਊ ਸਾਰਾ ਦਿਨ ਮੈਸੇਜ ਆਉਦੇ ਰਹਿੰਦੇ ਆ ਵੀ ਲੋਨ ਲੈ ਲੋ ਇਹਨਾਂ ਦਾ ਵੀ ਹਾਥੀ ਦੇ ਦੰਦਾਂ ਆਲਾ ਕੰਮ ਆ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਕਿਤੇ ਇੱਕ ਵਾਰੀ ਬੰਦਾ ਫਸ ਜੇ ਇਹਨਾਂ ਕੋਲ ਫੇਰ ਲੈਂਦੇ ਨੇ ਝੱਗੇ ਦਾ ਮੇਚ ਸਮਾਰ ਕੇ ਜਾਂ ਫਿਰ ਕਿਤੇ ਫੋਨ ਦੀ ਵੈਲਡਿਟੀ ਨਾ ਖਤਮ ਹੋਣ ਆਲ਼ੀ ਹੋਵੇ ਫੇਰ ਵੀ ਇਹ ਬਹੁਤ ਕੰਨ ਖਾਂਦੇ ਨੇ। ਲੈ ਕੱਲ ਸਿੰਮੂ ਦਾ ਫੋਨ ਰੀਚਾਰਜ ਕਰਾਇਆ ਸੀ ਤੇ ਹਾਲੇ ਬੰਟੀ ਜਿੱਦ ਕਰੀ ਜਾਂਦਾ ਸੀ ਕਿ ਮੈਨੂੰ ਨੈਟਫਲਿਕਸ ਦੀ ਸਬਸਕਰਿਪਸ਼ਨ ਲੈ ਕੇ ਦਿਓ ਪੜਾਈ ਵਿੱਚ ਪਹਿਲਾਂ ਨੀ ਧਿਆਨ ਦਿੰਦਾ ਹੁਣ ਆਹ ਪਤਾ ਨੀ ਕੀ ਕੀ ਮੰਗੀ ਜਾਂਦੇ ਨੇ । ਉੱਤੋਂ ਇਹਨਾਂ ਦੇ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਤੇ ਟਿਉਸ਼ਨਾਂ ਦੇ ਖਰਚੇ ਵੱਖ, ਨਾਲ ਆਉਣ ਜਾਣ ਲਈ ਸਕੂਟੀ ਮੋਟਰ ਸਾਇਕਲਾਂ ਦਾ ਤੇਲ। ਤੈਨੂੰ ਕਿੰਨੀ ਵਾਰ ਕਿਹਾ ਸੀ ਵੀ ਇਹਨਾਂ ਨੂੰ ਸਰਕਾਰੀ ਸਕੂਲ ਚ ਲਾ ਦੇ ਸਾਡੇ ਆਲ਼ੇ ਤਾਂ ਸਾਰੇ ਸਾਲ ਚ ਨੀ ਖਰਚਦੇ ਜਿੰਨਾਂ ਇਹ ਇੱਕ ਮਹੀਨੇ ਚ ਖਰਚ ਦਿੰਦੇ ਆ।ਮੰਨਦਾ ਓਥੇ ਪ੍ਰਾਈਵੇਟ ਸਕੂਲਾਂ ਜਿੰਨਾਂ ਤਾਮ ਝਾਮ ਤਾਂ ਨਹੀ ਪਰ ਪੜਾਉਣ ਆਲੇ ਤਾਂ ਸਰਕਾਰ ਨੇ ਟੈਸਟਾਂ ਨਾਲ ਰਗੜ ਰਗੜ ਕੇ ਸੂਈ ਦੇ ਨੱਕੇ ਚੋਂ ਲੰਘਾ ਕੇ ਰੱਖੇ ਆ ਜੇ ਕਿਤੇ ਸਰਕਾਰ ਨੌਕਰੀਆਂ ਖੋਲ ਦੇਵੇ ਤਾਂ ਇੱਕ ਵੀ ਅਧਿਆਪਕ ਇਹਨਾਂ ਪ੍ਰਾਈਵੇਟ ਸਕੂਲਾਂ ਚ ਨੀ ਟਿਕਣਾ । ਇਹ ਵੀ ਵਿਚਾਰੇ ਬੇਰੁਜ਼ਗਾਰੀ ਦੇ ਸਤਾਏ ਪਤਾ ਨੀ ਕੀ ਕੀ ਜ਼ਲਾਲਤ ਦੇ ਸਾਏ ਹੇਠ ਨਿਗੂਣੀ ਤਨਖਾਹ ਤੇ ਮਨ ਮਾਰ ਕੇ ਪੜਾਉਦੇ ਨੇ ਇਹਨਾਂ ਧੂਮ ਧੜੱਕੇ ਆਲੇ ਸਕੂਲਾਂ ਚ । ਤੂ ਕਿਹੜਾ ਮੇਰੀ ਸੁਣੀ ਆ ਆਖੇ ਸ਼ਰੀਕ ਕੀ ਕਹਿਣ ਗੇ ਵੀ ਬੱਚੇ ਸਰਕਾਰੀ ਸਕੂਲ ਚ ਲਾ ਰੱਖੇ ਆ ਮੇਰਾ ਨੱਕ ਵੱਢਿਆ ਜਾਊ ਹੁਣ ਰੋਜ ਤੜਕੇ ਤੜਕੇ ਵੱਢਦੇ ਨੇ ਦੰਦੀ ਮੇਰੇ ਪਰਸ ਤੇ, ਹਾਲੇ ਤੂੰ….ਜਿੰਦ ਕੱਲੀ ਤੇ ਮੁਲਾਜੇਦਾਰ ਵਾਲੇ ਕੀਦਾ ਕੀਦਾ ਮਾਣ ਰੱਖ ਲਾ ” ਕਹਿੰਦਾ ਹੋਇਆ ਬਲਜੀਤ ਉਠਿਆ ਤੇ ਜਾ ਕੇ ਫੋਨ ਦੇਖਣ ਲੱਗਿਆ । “ਲੈ ਬੋਰਡ ਦੇ ਪੇਪਰਾਂ ਚ ਡਿਉਟੀ ਆ ਗਈ ਡਿਪਟੀ ਸੁਪਰਡੈਂਟ ਦੀ ਤੇ ,ਓਦਾਂ ਵੀ ਨਿੱਤ ਨਵੀਆਂ ਨੀਤੀਆਂ ਨੇ ਸਰਕਾਰੀ ਮਾਸਟਰਾਂ ਦੇ ਸਾਹ ਸੂਤੇ ਪਏ ਆ ਹੁਣ ਬੱਚਿਆਂ ਦੇ ਮਾਪਿਆਂ ਨਾਲੋਂ ਅਧਿਆਪਕਾਂ ਨੂੰ ਬੱਚੇ ਦੇ ਫੇਲ ਹੋਣ ਦਾ ਵੱਧ ਡਰ ਸਤਾਉਦਾ ਕੰਮ ਤਾਂ ਔਖਾ ਗਾ ਪਰ ਕਰਾਂਗੇ ਦੇਖੀ ਜਾਊ ਜੋ ਹੋਊ।” ਬਲਜੀਤ ਆਪਣੇ ਆਪ ਨੂੰ ਧੀਰਜ ਦਿੰਦੇ ਹੋਏ ਬੋਲਿਆ। “ਤੁਸੀ ਕਿਸੇ ਨੂੰ ਕਹਿ ਕੇ ਕਟਾ ਲਓ ਜੀ ਐਵੇ ਨਾ ਕਿਸੇ ਪੰਗੇ ਚ ਪੈ ਜਾਇਓ ਆਪਣੇ ਤਾਂ ਦਿਨ ਵੀ ਮਾੜੇ ਚੱਲਦੇ ਨੇ ਪਹਿਲਾ ਸਿੰਮੂ ਦਾ ਫੋਨ ਨਸ਼ੇੜੀ ਖੋਹ ਕੇ ਭੱਜਗੇ ਲੈ ਦੇਖ ਇਕੱਲੇ ਕਹਿਰੇ ਦਾ ਤਾਂ ਘਰੋਂ ਨਿਕਲਣਾ ਵੀ ਦੁੱਭਰ ਹੋਇਆ ਪਿਆ ਬਈ ਜਵਾਕ ਪੜੵਣ ਵੀ ਨਾ ਜਾਣ ਜੇ ਚੀਜ਼ ਦਿੰਨੇ ਆ ਤਾਂ ਖੋਹ ਕੇ ਲੈ ਜਾਂਦੇ ਆ ਤੇ ਜੇ ਨਹੀ ਦਿੰਦੇ ਤਾਂ ਓਨਾ ਟੈਮ ਚਿੱਤ ਕਾਹਲਾ ਪਿਆ ਰਹਿੰਦਾ ਵੀ ਸਹੀ ਸਲਾਮਤ ਘਰ ਵੀ ਆਜੂ ਜਾ ਨਾ।ਹਨੇਰ ਗਰਦੀ ਮੱਚੀ ਪਈ ਆ ਏਥੇ ਕਿਸੇ ਦੀ ਕੋਈ ਸੁਣਵਾਈ ਨੀ ਹਰੇਕ ਨੂੰ ਆਪਣੇ ਬੱਬਰ ਭਰਨ ਦੀ ਹੋਈ ਪਈ ਆ ,ਹੁਣ ਦੱਸੋ ਭਲਾ ਸ਼ਰੀਫ ਜਵਾਕ ਕਿੱਧਰ ਜਾਣ ਤਾਂ ਹੀ ਤਾ ਵਿਚਾਰੇ ਬਾਹਰ ਨੂੰ ਭੱਜੀ ਜਾਂਦੇ ਨੇ”, ਹਰਿੰਦਰ ਦੁਖੀ ਹੋ ਕੇ ਬੋਲੀ। “ਬਾਹਰ ਵੀ ਹੁਣ ਹਾਲਾਤ ਓ ਨੀ ਰਹੇ ਨਸ਼ਾ ਵੀ ਰੱਖਣ ਨੂੰ ਤਾਂ ਕਹਿੰਦੇ ਓਥੇ ਕਾਨੂੰਨੀ ਮਾਨਤਾ ਮਿਲ ਗੀ, ਕੰਮ ਨੀ ਮਿਲਦਾ, ਹਰ ਚੀਜ ਦੇ ਰੇਟ ਅਸਮਾਨ ਨੂੰ ਲੱਗੇ ਪਏ ਆ ਮੈਂ ਤਾਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਵੀ ਮੁੰਡੇ ਕੁੜੀਆਂ ਨੂੰ ਰਹਿਣ ਲਈ ਥਾਂ ਨੀ ਮਿਲ ਰਹੀ ਵਿਚਾਰੇ ਪਾਰਕਾਂ ਵਿੱਚ ਤੰਬੂ ਲਾ ਕੇ ਰਹਿ ਰਹੇ ਆ ਹਾਲੇ ਏਨਾ ਸ਼ੁਕਰ ਬਾਬੇ ਨਾਨਕ ਆਲਾ ਵੀਹਾਂ ਰੁਪਈਆਂ ਦਾ ਲੰਗਰ ਨੀ ਮੁੱਕਆ ਨਹੀ ਤਾਂ ਬੇਗਾਨੀ ਧਰਤੀ ਤੇ ਭੁੱਖੇ ਮਰ ਜਾਣਾ ਸੀ ਤੌਬਾ ਮੈਂ ਨੀ ਆਪਣੀ ਬੇਟੀ ਸਿੰਮੂ ਬਾਰੇ ਸੋਚ ਸਕਦਾ ਨਾਲ਼ੇ ਇੱਕ ਗੱਲ ਹੋਰ ਹੁਣ ਕਿਤੇ ਆਪ ਨਾ ਜਵਾਕਾਂ ਰਾਹੀ ਆਪਣੇ ਸੁਪਨੇ ਪੂਰੇ ਕਰਨ ਲਈ ਇਹਨਾਂ ਦੇ ਮਨਾਂ ਚ ਓਸ ਝੂਠੇ ਸਵਰਗ ਦੇ ਸੁਪਨਿਆਂ ਨੂੰ ਜਗਾ ਦੇਵੀਂ ਮੈਂ ਨੀ ਇਹਨਾਂ ਨੂੰ ਭੇਜਣਾ। ਤੀਜੀ ਪੀੜੀ ਨੇ ਤਾਂ ਏਧਰ ਵੱਲ ਮੂੰਹ ਨੀ ਕਰਨਾ ਬੱਸ ਏਹੀ ਸੁਣਨਾ ਏਹ ਪੰਜਾਬੀ ਮੂਲ ਦੇ ਆ “,ਚੇਤਾਵਨੀ ਦਿੰਦੇ ਹੋਏ ਬਲਜੀਤ ਨੇ ਹਰਿੰਦਰ ਨੂੰ ਕਿਹਾ।
“ਨਾਲੇ ਡਿਊਟੀ ਕਟਾ ਕੇ ਕੀ ਕਰਨਾ ਕਿਤੇ ਹੋਰ ਲੱਗ ਜੂ ਪੇਪਰ ਚੈਕਿੰਗ , ਵੋਟਾਂ ਦੀਆਂ ਕਿੰਨੇ ਤਰਾਂ ਦੀਆਂ ਡਿਊਟੀਆਂ, ਬਥੇਰੇ ਕੰਮ ਆ ਨਾਲੇ ਬੱਕਰੇ ਦੀ ਮਾਂ ਕਿੰਨਾ ਟੈਮ ਖੈਰ ਮਨਾਊ ਕੰਮ ਤਾਂ ਕਰਨਾ ਹੀ ਪੈਣਾ ਮਰੂ ਮਰੂ ਕਰਕੇ ਕਰਲੋ ਜਾਂ ਖੁਸ਼ੀ ਖੁਸ਼ੀ ਇਹ ਤਾਂ ਆਪਣਾ ਆਪਣਾ ਢੰਗ ਆ ਤੇ ਆਪਣਾ ਤਾਂ ਹਮੇਸ਼ਾ ਈ ਦੂਜਾ ਢੰਗ ਆ ਕੋਈ ਫਰਕ ਨੀ ਪੈਣਾ ਡਰ ਨਾ।”, ਬਲਜੀਤ ਹੌਸਲੇ ਨਾਲ ਹਰਿੰਦਰ ਨੂੰ ਮੁਖਾਤਬ ਹੁੰਦੇ ਬੋਲੇ। “ਚੱਲੋ ਠੀਕ ਆ ਜੀ ਐ ਤਾਂ ਮੈਨੂੰ ਪਤਾ ਥੋਡਾ ਕਿਤਾਬੀ ਕੀੜੇ ਦਾ”, ਹਰਿੰਦਰ ਟਿੱਚਰ ਕਰਦੀ ਬੋਲ ਕੇ ਆਪਣੇ ਕੰਮ ਲੱਗ ਗਈ। ਤਿਆਰ ਹੋ ਕੇ ਬਲਜੀਤ ਨੇ ਆਵਾਜ ਮਾਰੀ “ਅੱਜ ਮੇਰੇ ਲੰਚ ਬਾਕਸ ਨਾਲ ਗਰਮ ਪਾਣੀ ਤੇ ਚਾਹ ਆਲੀ ਥਰਮਸ ਵੀ ਪਾ ਦੇ ਜੇ ਅਗਲੇ ਤੋਂ ਬਾਹਲੀ ਸੇਵਾ ਕਰਵਾਉਣੇ ਆ ਤਾ ਓਹ ਸੇਵਾ ਕਈ ਵਾਰ ਸੰਘ ਚ ਫਸ ਜਾਂਦੀ ਆ ਤੇ ਅਗਲੇ ਦਾ ਗਲਤ ਕੰਮ ਵੀ ਕਰਨਾ ਪੈਂਦਾ ਨਾਲ਼ੇ ਮੈਨੂੰ ਖੁੱਲੇ ਪੈਸੇ ਫੜਾ ਤੇ ਇੱਕ ਨਾਨਕ ਸਿੰਘ ਦਾ ਨਾਵਲ ‘ਧੁੰਦਲੇ ਪਰਛਾਵੇ’ ਜ਼ਰੂਰ ਬੈਗ ਚ ਪਾ ਦੀ”। ਬਾਕੀ ਸਭ ਗੱਲਾਂ ਤਾਂ ਰਮਿੰਦਰ ਹਜ਼ਮ ਕਰ ਗਈ ਪਰ ਪੈਸਿਆਂ ਆਲੀ ਗੱਲ ਤੇ ਖਿਝ ਕੇ ਬੋਲੀ “ਖੁੱਲੇ ਪੈਸਿਆਂ ਦੇ ਤਾਂ ਵੈਰੀ ਓ ਤੁਸੀਂ ਸਾਰੇ ਦਸ ਦਸ ਦੇ ਨੋਟ ਕਿਤਾਬਾਂ ਵਿੱਚ ਪਾ ਪਾ ਕੇ ਰੱਖ ਦਿੰਨੇ ਓ ਜੇ ਥੋਨੂੰ ਯਾਦ ਨੀ ਰਹਿੰਦਾ ਵੀ ਕਿੱਥੇ ਪੜਦਾਂ ਤਾਂ ਓਥੇ ਕਾਗ਼ਜ਼ ਪਾ ਦਿਆ ਕਰ ਹੁਣ ਮੇਰੇ ਕੋਲ ਨੀ ਹੈਗੇ ਬੱਸ ਆਲੇ ਤੋਂ ਈ ਤੁੜਵਾ ਲਿਓ” ,ਬੱਸਾਂ ਆਲੇ ਤਾਂ ਆਪ ਮੁਫਤ ਸਫ਼ਰ ਆਲ਼ੀ ਸਕੀਮ ਨੇ ਵਿਹਲੇ ਕਰੇ ਪਏ ਆ ਸਰਕਾਰੀ ਬੱਸ ਤੇ ਬੀਬੀਆਂ ਨੀ ਚੜਣ ਦਿੰਦੀਆਂ ਤੇ ਪ੍ਰਾਈਵੇਟ ਆਲਿਆਂ ਨੂੰ ਪੰਜ ਸੌ ਦਾ ਨੋਟ ਦੇਖਕੇ ਮੁੜਕਾ ਆ ਜਾਂਦਾ “,ਏਸ ਤੋਂ ਪਹਿਲਾ ਕਿ ਹਰਿੰਦਰ ਕੁਛ ਬੋਲੇ ਬਲਜੀਤ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਖਿਸਕਣ ਚ ਈ ਭਲਾਈ ਮਹਿਸੂਸ ਕੀਤੀ।
ਬਲਜੀਤ ਨੇ ਸਮੇਂ ਅਨਸਾਰ ਪੇਪਰ ਸ਼ੁਰੂ ਕਰਵਾ ਦਿੱਤਾ ਤੇ ਆਪਣੀ ਆਦਤ ਅਨੁਸਾਰ ਵਿਹਲ ਮਹਿਸੂਸ ਕਰਦਿਆਂ ਬੈਗ ਵਿੱਚੋਂ ਕਿਤਾਬ ਕੱਢ ਕੇ ਪੜੵਣੀ ਸ਼ੁਰੂ ਕਰ ਦਿੱਤੀ।ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਤੇ ਇੱਕ ਦਿਨ ਸਕੂਲ ਦੇ ਪ੍ਰਿੰਸੀਪਲ ਸ.ਗੁਰਜੀਤ ਸਿੰਘ ਆਏ ਤੇ ਕਿਤਾਬ ਚੁੱਕ ਕੇ ਕਹਿਣ ਲੱਗੇ “ਬਲਜੀਤ ਮੈਂ ਕਈ ਦਿਨਾਂ ਦਾ ਦੇਖ ਰਿਹਾ ਥੋਡੇ ਹੱਥ ਚ ਜੋ ਵੀ ਕਿਤਾਬ ਹੁੰਦੀ ਹੈ ਤੁਸੀ ਓਸ ਚ ਹੱਦ ਕਾਗਜ ਦੀ ਨਹੀ ਨੋਟ ਦੀ ਕਿਉੰ ਦਿੰਨੇ ਓ”, ਤਾਂ ਬਲਜੀਤ ਨੇ ਗੰਭੀਰਤਾ ਨਾਲ ਬੋਲੇ “ਦੇਖੋ ਜੀ ਅੱਜ ਕੱਲ ਦੇ ਬੱਚਿਆਂ ਵਿੱਚ ਲਾਇਬ੍ਰੇਰੀ ਜਾਣ ਤੇ ਕਿਤਾਬਾਂ ਪੜੵਣ ਦਾ ਰੁਝਾਣ ਕਾਫੀ ਘੱਟ ਗਿਆ ਹੈ ਬੱਚਿਆਂ ਦਾ ਵਿਹਲਾ ਸਮਾਂ ਮੋਬਾਈਲਾਂ ਨੇ ਖਾ ਲਿਆ ਹੈ। ਮੈਂ ਸੋਚਦਾ ਜੇ ਕਿਤੇ ਭੁੱਲ ਭੁਲੇਖੇ ਇਸ ਨੋਟ ਦੇ ਲਾਲਚ ਵਿੱਚ ਕੋਈ ਬੱਚਾ ਕਿਤਾਬ ਕਢਵਾ ਲਵੇ ਲਾਇਬ੍ਰੇਰੀ ਚੋਂ, ਸਾਰੀ ਨਾ ਕੁਛ ਤਾਂ ਪੜੂਗਾ ਹੀ ਜੇ ਕਿਤੇ ਇੱਕ ਸਬਦ ਦਾ ਤੀਰ ਵੀ ਨਿਸ਼ਾਨੇ ਤੇ ਲੱਗ ਗਿਆ ਤਾਂ ਸਮਝੋ ਜਿੰਦਗੀ ਬਦਲਗੀ”। “ਬਲਜੀਤ ਇਹ ਹੋ ਸਕਦਾ” ? ਗੁਰਜੀਤ ਸਿੰਘ ਨੇ ਅਸਚਰਜਤਾ ਨਾਲ ਪੁੱਛਿਆ! ਬਲਜੀਤ ਨੇ ਕਿਹਾ “ਬਿਲਕੁਲ ਹੋ ਸਕਦੈ।”ਇਸ ਦੇ ਪਿੱਛੇ ਵੀ ਇੱਕ ਕਹਾਣੀ ਛੁਪੀ ਹੋਈ ਐ ਲੈ ਸੁਣ ਫਿਰ ।
…………
ਕਾਫੀ ਸਾਲ ਪਹਿਲਾਂ ਦੀ ਗੱਲ ਐ ਸਾਡੇ ਸਕੂਲ ਦੀ ਇੱਕ ਲੜਕੀ ਕੁਲਮੀਤ ਨੂੰ ਵੀ ਇੱਕ ਵਾਰ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਤਰਤੀਬਵਾਰ ਕਰਦਿਆਂ ਕਿਤਾਬ ਵਿੱਚੋਂ ਦਸ ਰੁਪਏ ਮਿਲੇ ਭਾਂਵੇ ਇਹ ਰਾਸ਼ੀ ਅੱਜ ਦੇ ਸਮੇਂ ਮੁਤਾਬਕ ਬਹੁਤ ਨਿਗੂਣੀ ਸੀ ਪਰ ਓਸ ਅਤਿ ਗਰੀਬੀ ਵਿੱਚ ਜਿਉ ਰਹੀ ਇਸ ਬਾਲੜੀ ਲਈ ਬਹੁਤ ਵੱਡਾ ਖਜ਼ਾਨਾ ਸੀ ਜਿਸ ਦੀ ਮਾਂ ਦੀ ਕੈੰਸਰ ਨਾਲ ਮੌਤ ਹੋ ਗਈ ਸੀ ਇਸ ਨਾ ਮੁਰਾਦ ਬਿਮਾਰੀ ਦੇ ਲੱਗਣ ਨਾਲ ਇੱਕੋ ਇੱਕ ਕਮਾਈ ਦਾ ਸਹਾਰਾ ਵੀ ਜਾਂਦਾ ਰਿਹਾ ਸੀ ਕਿੳਂਕਿ ਇਸ ਦਾ ਪਿਉ ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਛੋਟੀ ਹੁੰਦੀ ਨੂੰ ਛੱਡ ਕੇ ਰੋਜੀ ਰੋਟੀ ਦੀ ਭਾਲ ਲਈ ਕਿਸੇ ਅਰਬ ਦੇ ਮੁਲਕ ਵਿੱਚ ਜਾ ਬੈਠਾ ਸੀ । ਜਦੋਂ ਇਸ ਨੇ ਹਾਲੇ ਪਾਪਾ ਕਹਿਣਾ ਸਿੱਖਿਆ ਵੀ ਨਹੀਂ ਸੀ ਓਸ ਨੇ ਕੁੜੀ ਦੀ ਬਿਹਤਰ ਪੜਾਈ ਅਤੇ ਵਿਆਹ ਲਈ ਪੈਸੇ ਦਾ ਜੁਗਾੜ ਕਰਨ ਲਈ ਹੀ ਨਾ ਚਾਹੁੰਦੇ ਹੋਏ ਇਹ ਹੂਲਾ ਫੱਕਿਆ ਸੀ।ਹਾਲੇ ਕੁਛ ਸਾਲ ਹੀ ਬੀਤੇ ਸਨ ਕਿ ਮਾਂ ਨੂੰ ਨਾਮੁਰਾਦ ਬਿਮਾਰੀ ਨੇ ਆਣ ਘੇਰਿਆ ਜਿਸ ਦਾ ਪਤਾ ਓਹਨਾਂ ਨੂੰ ਅਖੀਰਲੀ ਸਟੇਜ ਤੇ ਲੱਗਿਆ , ਤੇ ਕੁਲਮੀਤ ਨੇ ਤਾਂ ਆਪਣੀ ਜਿੰਦਗੀ ਦਾ ਪਹਿਲਾ ਸਫਰ ਹੀ ਕੈੰਸਰ ਟਰੇਨ ਤੋਂ ਸ਼ੁਰੂ ਕੀਤਾ ਜੋ ਪੰਜਾਬ ਦੇ ਮਾਲਵੇ ਇਲਾਕੇ ਚੋਂ ਬੀਕਾਨੇਰ ਜਾਂਦੀ ਸੀ। ਇਸ ਸਫਰ ਦੌਰਾਨ ਓਸ ਨੇ ਆਪਣੀ ਮਾਂ ਨੂੰ ਪੁੱਛਿਆ “ਮੰਮੀ ਇਹਨੂੰ ਕੈੰਸਰ ਟਰੇਨ ਕਿਉੰ ਕਹਿੰਦੇ ਨੇ” ਤਾਂ ਮਾਂ ਨੇ ਕਿਹਾ “ਪੁੱਤ ਆਪਣੇ ਇਸ ਇਲਾਜ ਦਾ ਹਾਲੇ ਹਸਪਤਾਲ ਨੀ ਬਣਿਆ ਏਥੇ ਤਾਂ ਸਾਡੇ ਲੀਡਰਾਂ ਦੀ ਸੋਚ ਨੂੰ ਕੈੰਸਰ ਹੋ ਗਿਆ ਕਿਤੇ ਰੱਬ ਓਹਨਾਂ ਦਾ ਇਲਾਜ ਕਰਦੇ ਫੇਰ ਈ ਭਲਾ ਹੋਊ ਸਾਡੇ ਅਰਗਿਆਂ ਦਾ,ਜੇ ਕਿਤੇ ਹਸਪਤਾਲ ਹੈਗਾ ਵੀ ਆ ਤਾਂ ਓਥੇ ਆਪਣੇ ਅਰਗੇ ਗਰੀਬਾਂ ਨੂੰ ਕੌਣ ਪੁੱਛਦਾ ਮੈਂ ਬਣਾਊ ਤੈਨੂੰ ਡਾਕਟਰਨੀ ਫੇਰ ਤੂੰ ਕਰੀਂ ਇਹਨਾਂ ਦਾ ਇਲਾਜ ਜੋ ਆਪਣੇ ਵਾਂਗ ਰੁਲਦੇ ਫਿਰਦੇ ਆ”। ਪਿਤਾ ਇਸ ਸਮੇਂ ਦੌਰਾਨ ਜੋ ਕੁਝ ਕਮਾ ਸਕਿਆ ਲੈ ਕੇ ਵਾਪਸ ਆਇਆ ਬਹੁਤ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਓਹ ਕੁਲਮੀਤ ਦੀ ਮਾਂ ਨੂੰ ਬਚਾ ਨਾ ਸਕਿਆ ਤੇ ਆਪਣੇ ਹਿੱਸੇ ਦੀ ਜਮੀਨ ਜੋ ਪਹਿਲਾ ਹੀ ਜਾਣ ਵੇਲੇ ਦੀ ਗਹਿਣੇ ਪਈ ਸੀ, ਵਿਕ ਗਈ ਛੋਟੇ ਜਿਹੇ ਘਰ ਵਿੱਚ ਕੜੀਆਂ ਦੀ ਛੱਤ ਆਲਾ ਇੱਕੋ ਕਮਰਾ ਹੀ ਇਹਨਾਂ ਦੀ ਬਚੀ ਹੋਈ ਪੂੰਜੀ ਸੀ ਜਿਸ ਵਿੱਚ ਇੱਕ ਪਾਸੇ ਮਾਂ ਦੀ ਪੇਟੀ ਤੇ ਦੂਜੇ ਪਾਸੇ ਦਾਦੀ ਦੀ ਸੰਦੂਕੜੀ ਨਾਲ ਇੱਕ -ਦੋ ਮੰਜੇ ਪਏ ਸਨ। ਬਾਕੀ ਬਚਦੀ ਜਗ੍ਹਾ ਤੇ ਲੋੜ ਅਨੁਸਾਰ ਮੰਜਾ ਡਾਹ ਕੇ ਜਾਂ ਮੀਂਹ ਦੇ ਦਿਨਾਂ ਵਿੱਚ ਆਰਜੀ ਚੁੱਲਾ ਬਣਾ ਕੇ ਰਸੋਈ ਦਾ ਕੰਮ ਲਿਆ ਜਾਂਦਾ ਸੀ। ਪਤਨੀ ਦੇ ਮਰਨੇ ਤੋਂ ਬਾਅਦ ਪਿਤਾ ਨੇ ਮਰੇ ਹੋਏ ਮਨ ਨਾਲ ਫਿਰ ਵਾਪਸ ਵਿਦੇਸ਼ ਜਾਣ ਬਾਰੇ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਓਸ ਬੁੱਢੀ ਮਾਂ ਤੇ ਜਿਵੇਂ ਬਿਜਲੀ ਡਿੱਗ ਪਈ ਤੇ ਬੋਲਣ ਤੋਂ ਅਸਮਰੱਥ ਮਾਂ ਨੇ ਆਪਣੀ ਪੋਤੀ ਵੱਲ ਟਿਕਟਿਕੀ ਲਗਾ ਲਈ। ਜਿਸ ਨੂੰ ਕੁਲਮੀਤ ਦਾ ਪਿਤਾ ਸਹਿਜੇ ਹੀ ਸਮਝ ਗਿਆ ਕਿ ਇਸ ਬੱਚੀ ਦਾ ਕੌਣ ਸਹਾਰਾ,ਤੇਰੇ ਬਿਨਾਂ ਮੇਰਾ ਕੀ ਪਤਾ ਇਸ ਉਮਰੇ ਕਦੋਂ ਬੁਲਾਵਾ ਆ ਜਾਵੇ ਪਰ ਕੁਲਮੀਤ ਦਾ ਪਿਤਾ ਜਾਣਦਾ ਸੀ ਕਿ ਇਸ ਅੱਤ ਦੀ ਗ਼ਰੀਬੀ ਵਿੱਚ ਉਹ ਕਿਵੇਂ ਕੁਲਮੀਤ ਦੀ ਮਾਂ ਦੁਆਰਾ ਲਿਆ ਕੁੜੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਪੂਰਾ ਕਰੇਗਾ। ਇਸ ਲਈ ਉਸਨੇ ਮਾਂ ਨੂੰ ਧਰਵਾਸ ਦਿੱਤਾ ਅਤੇ ਬੱਚੀ ਨੂੰ ਆਪਣੀ ਬੁੱਢੀ ਮਾਂ ਦੇ ਸਹਾਰੇ ਛੱਡ ਕੇ ਵਿਦੇਸ਼ ਚਲਾ ਗਿਆ। ਓਥੇ ਜਾ ਕੇ ਕੁੱਝ ਸਾਲ ਤਾਂ ਉਹ ਉਹਨਾਂ ਦੇ ਖਰਚੇ ਜੋਗੇ ਪੈਸੇ ਭੇਜਦਾ ਰਿਹਾ। ਸਮਾਂ ਲੰਘਦਾ ਗਿਆ ਏਧਰ ਕੁਲਮੀਤ ਵੀ ਕਲਾਸਾਂ ਦੀਆਂ ਪੌੜੀਆਂ ਚੜਦੀ ਗਈ ।ਸਮੇਂ ਨਾਲ ਦਾਦੀ ਦੀ ਸਿਹਤ ਵੀ ਕਮਜ਼ੋਰ ਪੈਂਦੀ ਗਈ, ਪਿਤਾ ਦੇ ਆਉਣ ਦੀ ਆਸ ਨਾਲ ਉਹ ਜਿੰਦਗੀ ਦੇ ਔਖੇ ਸਮੇਂ ਨੂੰ ਦ੍ਰਿੜਤਾ ਨਾਲ ਲੰਘਾ ਰਹੀ ਸੀ। ਦਾਦੀ ਵੀ ਏਸ ਆਸ ਨਾਲ ਕਿ ਕੁਲਮੀਤ ਦਾ ਪਿਤਾ ਵਾਪਸ ਕਮਾਈ ਕਰ ਕੇ ਆਵੇਗਾ ਤੇ ਕੁਲਮੀਤ ਦੀ ਮਾਤਾ ਦਾ ਅਧੂਰਾ ਸੁਪਨਾ ਪੂਰਾ ਕਰੇਗਾ, ਨਵਾਂ ਘਰ ਬਣੇਗਾ ,ਕੁਲਮੀਤ ਇੱਕ ਦਿਨ ਡਾਕਟਰ ਬਣੇਗੀ ਤੇ ਇਸ ਦਾ ਬਹੁਤ ਸੁੱਖ ਸਹੂਲਤਾਂ ਵਾਲੇ ਘਰ ਵਿੱਚ ਵਿਆਹ ਹੋਵੇਗਾ। ਓਧਰ ਕੁਲਮੀਤ ਦਾ ਪਿਤਾ ਜਲਦੀ ਪੈਸੇ ਕਮਾ ਕੇ ਵਾਪਸ ਆਉਣ ਦੇ ਚੱਕਰ ਵਿੱਚ ਡਰੱਗ ਸਪਲਾਈ ਦਾ ਕੰਮ ਕਰਨ ਲੱਗ ਪਿਆ। ਗ਼ਲਤ ਕੰਮਾਂ ਦੇ ਮਾੜੇ ਨਤੀਜੇ ਆਉਣੇ ਸ਼ੁਰੂ ਹੋ ਗਏ। ਉਹ ਇਸ ਦਲਦਲ ਵਿੱਚ ਦਿਨ ਪ੍ਰਤੀ ਦਿਨ ਹੋਰ ਧੱਸ ਰਿਹਾ ਸੀ। ਅੰਤ ਇੱਕ ਦਿਨ ਓਹ ਡਰੱਗ ਸਪਲਾਈ ਦੇ ਕੇਸ ਵਿੱਚ ਫੜਿਆ ਗਿਆ ਤੇ ਉਸ ਦੇ ਆਕਾ ਨੇ ਹੋਰ ਕੇਸ ਉਸ ਤੇ ਪਵਾ ਦਿੱਤੇ ਜਿਸ ਨਾਲ ਉਸ ਨੂੰ ਉਮਰ ਕੈਦ ਦੀ ਸਜਾ ਹੋ ਗਈ। ਇਸ ਘਟਨਾ ਨਾਲ ਇੱਕ ਵਾਰ ਫਿਰ ਜਿੰਦਗੀ ਦੀ ਗੱਡੀ ਲੀਹ ਤੇ ਚੜੵਦੀ ਚੜੵਦੀ ਪਲਟ ਕੇ ਟੋਇਆਂ ਵਿੱਚ ਜਾ ਖੜੀ। ਜਿਸ ਦੇ ਨਿੱਕਲਣ ਦੀ ਕੋਈ ਆਸ ਵੀ ਬਾਕੀ ਨਾ ਰਹੀ ਸੀ
ਓਧਰ ਕੁਲਮੀਤ ਵੀ ਦਸਵੀਂ ਕਲਾਸ ਵਿੱਚ ਹੋ ਗਈ ਸੀ ਜਿਸ ਨੇ ਆਪਣੀ ਸਿਆਣਪ ਨਾਲ ਸਾਰੇ ਸਕੂਲ ਸਟਾਫ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ , ਸਕੂਲ ਦਾ ਬੱਚਿਆਂ ਦੇ ਪੱਧਰ ਤੇ ਹੋਣ ਵਾਲਾ ਕੋਈ ਵੀ ਕੰਮ ਉਸ ਦੀ ਪ੍ਰਤੀਯੋਗਤਾ ਤੋਂ ਬਿਨਾਂ ਸਿਰੇ ਨਹੀ ਸੀ ਚੜਦਾ। ਕੁਲਮੀਤ ਹਰ ਰੋਜ ਲਾਇਬ੍ਰੇਰੀ ਜਾਂਦੀ ਅਖਬਾਰ ਤੇ ਕਿਤਾਬਾਂ ਪੜਣਾ ਉਸ ਦਾ ਰੁਟੀਨ ਹੋ ਗਿਆ ਸੀ। ਜਿਸ ਨਾਲ ਉਸ ਦੀ ਸਮਝ ਪਰਪੱਕ ਹੋਈ ਤੇ ਜਿੰਦਗੀ ਦੀਆਂ ਸਮੱਸਿਆਵਾਂ ਤੇ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਉਸ ਦੀ ਸਮਝ ਵਿਸ਼ਾਲ ਹੋ ਰਹੀ ਸੀ। ਪਰ ਘਰ ਦੇ ਮੁਸਕਿਲ ਭਰੇ ਹਾਲਾਤਾਂ ਨੂੰ ਉਸ ਨੇ ਕਦੇ ਵੀ ਮੂੰਹ ਤੋਂ ਝਲਕਣ ਨਹੀ ਦਿੱਤਾ ਸੀ। ਉਹ ਆਪਣਾ ਜਿਆਦਾ ਸਮਾਂ ਲਾਇਬ੍ਰੇਰੀ ਵਿੱਚ ਬਤੀਤ ਕਰਦੀ ਕੁਛ ਨਾ ਕੁਛ ਪੜਦੀ ਰਹਿੰਦੀ ਜੇ ਕਦੇ ਕਿਸੇ ਕਿਤਾਬ ਵਿੱਚੋਂ ਪੈਸੇ ਮਿਲਦੇ ਤਾਂ ਓਹ ਪਾਪਾ ਵੱਲੋਂ ਭੇਜੇ ਪੈਸੇ ਸਮਝ ਕੇ ਸੰਭਾਲ ਲੈਂਦੀl ਘਰ ਦਾ ਗੁਜਾਰਾ ਦਾਦੀ ਦੀ ਬੁਢਾਪਾ ਪੈਨਸ਼ਨ ਅਤੇ ਕੁਲਮੀਤ ਨੇ ਪ੍ਰਾਪਤ ਵਜੀਫੇ ਨਾਲ ਚੱਲਦਾ ਸੀ। ਕਈ ਵਾਰ ਘਰ ਦੇ ਹਲਾਤ ਇੱਥੋਂ ਤੱਕ ਬਦਤਰ ਹੋ ਜਾਂਦੇ ਸਨ ਕਿ ਘਰ ਵਿੱਚ ਖਾਣ ਲਈ ਸਭ ਕੁੱਝ ਖਤਮ ਹੁੰਦਾ ਪਰ ਓਹ ਕਿਸੇ ਅੱਗੇ ਆਪਣਾ ਦੁੱਖ ਨਾ ਫਰੋਲਦੀ ਤੇ ਕਿਤਾਬਾਂ ਆਲਿਆਂ ਪੈਸਿਆਂ ਨਾਲ ਕੁੱਝ ਖਰੀਦ ਕੇ ਆਪ ਖਾ ਲੈਂਦੀ ਤੇ ਬੇਬੇ ਨੂੰ ਖਵਾ ਦਿੰਦੀ। ਇੱਕ ਦਿਨ ਕੁਲਮੀਤ ਨੇ ਲਾਇਬ੍ਰੇਰੀ ਦੇ ਅਖ਼ਬਾਰ ਵਿੱਚ ਇੱਕ ਸੰਸਥਾ ਦਾ ਇਸ਼ਤਿਹਾਰ ਵੇਖਿਆ ਜੋ ਟੈੱਸਟ ਦੇ ਆਧਾਰ ਤੇ ਮੈਡੀਕਲ ਦੀ ਪੜ੍ਹਾਈ ਲਈ ਬੱਚਿਆਂ ਦੀ ਚੋਣ ਕਰਕੇ ਐੱਮ.ਬੀ.ਬੀ.ਐੱਸ. ਤੱਕ ਦੀ ਪੜਾਈ, ਹੋਸਟਲ ਦਾ ਸਾਰਾ ਖਰਚਾ ਸੰਸਥਾ ਵੱਲੋਂ ਕਰਦੇ ਸਨ। ਬੱਸ ਉਸੇ ਦਿਨ ਤੋਂ ਕੁਲਮੀਤ ਨੇ ਟੈੱਸਟ ਦੀ ਤਿਆਰੀ ਆਰੰਭ ਦਿੱਤੀ। ਸਿੱਟੇ ਵਜੋਂ ਕੁਲਮੀਤ ਨੇ ਦਸਵੀਂ ਦੀ ਪੜਾਈ ਤੇ ਟੈੱਸਟ ਦੋਨੋਂ ਵਧੀਆ ਮੈਰਿਟ ਨਾਲ ਪਾਸ ਕਰ ਲਏ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । ਕੁਲਮੀਤ ਦਾ ਆਖਰੀ ਸਹਾਰਾ ਉਸ ਦੀ ਦਾਦੀ ਵੀ ਹਲਕਾ ਬੁਖ਼ਰ ਤੇ ਕਮਜ਼ੋਰੀ ਹੋਣ ਕਾਰਨ ਚੱਲ ਵਸੇ । ਕੁਲਮੀਤ ਇੱਕ ਵਾਰ ਫਿਰ ਅੰਦਰੋਂ ਟੁੱਟ ਚੁੱਕੀ ਸੀ ਉਮਰ ਦੇ ਇਸ ਪੜਾਅ ਤੇ ਉਸ ਨੂੰ ਕੋਈ ਸਹਾਰਾ ਨਜਰ ਨਹੀ ਆ ਰਿਹਾ ਸੀ। ਭੋਗ ਉਪਰੰਤ ਰਿਸ਼ਤੇਦਾਰ ਇਕੱਠੇ ਹੋ ਕੇ ਉਸ ਦੇ ਵਿਆਹ ਦੀਆਂ ਵਿਉਂਤਾਂ ਬਣਾਉਣ ਲੱਗੇ । ਤਾਂ ਸਰਦੇ ਪੁਜਦੇ ਘਰ ਵਾਲੀ ਭੂਆ ਕਹਿਣ ਲੱਗੀ ਅਸੀ ਇਸ ਨੂੰ ਆਈਲੈਟਸ ਕਰਾ ਦਿੰਨੇ ਆ ਤੇ ਇਸ ਦਾ ਰਿਸ਼ਤਾ ਮੈਂ ਆਪਣੇ ਜੇਠ ਦੇ ਮੁੰਡੇ ਨੂੰ ਕਰਵਾ ਦਿਉ ਨਾਲੇ ਓਹਦਾ ਬਾਹਰ ਆਲਾ ਅੜਿਆ ਗੱਡਾ ਨਿੱਕਲ ਜਾਊ। ਕੁਲਮੀਤ ਓਹਦੇ ਨਸ਼ੇੜੀਪੁਣੇ ਬਾਰੇ ਜਾਣਦੀ ਸੀ ਪਰ ਫੇਰ ਵੀ ਭੂਆ ਇਸ ਮਾਸੂਮ ਨੂੰ ਖਾਤੇ ਚੋਂ ਕੱਢ ਕੇ ਖੂਹ ਚ ਸੁੱਟਣ ਜਾ ਰਹੀ ਸੀ ਤੇ ਭੂਆ ਨੇ ਆਪਣੀ ਜ਼ਮੀਨ ਦਾ ਹਿੱਸਾ ਕੁਲਮੀਤ ਦੇ ਤਾਏ ਨਾਮ ਲਵਾ ਕੇ ਕਰਾਈ ਥੂਹ-ਥੂਹ ਦੇ ਬਦਲੇ ਇਹ ਹਮਦਰਦੀ ਕੁਲਮੀਤ ਨਾਲ ਕਰ ਕੇ ਲੋਕਾਂ ਵਿੱਚ ਚੰਗੀ ਹੋਣ ਦਾ ਸੁਨੇਹਾ ਦੇ ਰਹੀ ਸੀ। ਪਰ ਕੁਲਮੀਤ ਵਿਦੇਸ਼ ਦੀ ਪਦਾਰਥਵਾਦੀ ਤੇ ਮਸ਼ੀਨੀ ਜਿੰਦਗੀ ਬਾਰੇ ਪਹਿਲਾ ਹੀ ਕਿਤਾਬਾਂ ਵਿੱਚ ਪੜ ਕੇ ਨਫਰਤ ਪਾਲੀ ਬੈਠੀ ਸੀ। ਇਸ ਲਈ ਇਹ ਵਿਆਹ ਉਸਨੂੰ ਉੱਕਾ ਹੀ ਮਨਜੂਰ ਨਹੀ ਸੀ। ਉਹ ਤਾਂ ਆਪਣੇ ਦਿਲ ਵਿੱਚ ਆਪਣੀ ਮੋਈ ਮਾਂ ਦਾ ਸੁਪਨਾ ਸਾਕਾਰ ਕਰਨ ਬਾਰੇ ਸੋਚ ਰਹੀ ਸੀ। ਫਿਰ ਬੈਠੀ ਬੈਠੀ ਉਹ ਨਾਨਕ ਸਿੰਘ ਦੇ ਨਾਵਲ ਧੁੰਦਲੇ ਪਰਛਾਵੇਂ ਬਾਰੇ ਸੋਚਣ ਲੱਗੀ ਜਿਸ ਵਿੱਚੋਂ ਉਸ ਨੂੰ ਸਭ ਤੋਂ ਪਹਿਲਾ ਦਸ ਰੁਪਏ ਦਾ ਨੋਟ ਮਿਲਿਆ ਸੀ ਜਿਸ ਨਾਲ ਉਸ ਨੂੰ ਕਿਤਾਬਾਂ ਪੜਣ ਦੀ ਚਿਣਗ ਲੱਗੀ ਤੇ ਨਾਵਲ ਵਿਚਲੇ ਦੋ ਪਾਤਰ ਰਮਿੰਦਰ ਤੇ ਸੁਭੱਦਰਾ ਓਸ ਦੇ ਸਾਹਮਣੇ ਖਲੋਤੀਆਂ ਨਜ਼ਰ ਆਈਆਂ ।ਉਹ ਆਪਣੇ ਵਿੱਚੋਂ ਵਾਰ- ਵਾਰ ਕਦੇ ਰਮਿੰਦਰ ਕਦੇ ਸੁਭੱਦਰਾ ਨੂੰ ਦੇਖ ਰਹੀ ਸੀ । ਸੁਭੱਦਰਾ ਇੱਕ ਅਜਿਹੀ ਬਦਕਿਸਮਤ ਪਾਤਰ ਸੀ ਜੋ ਮਾਂ ਦੀ ਮੌਤ ਬਾਅਦ ਇਕੱਲੀ ਸੀ ਜਿਸ ਜਿਸ ਤੇ ਵੀ ਉਸਨੇ ਵਿਸ਼ਵਾਸ ਕੀਤਾ ਜਿੰਦਗੀ ਵਿੱਚ ਸਹਾਰਾ ਬਣਾਉਣ ਦੀ ਕੋਸ਼ਿਸ ਕੀਤੀ, ਉਸੇ ਨੇ ਉਸ ਮਜ਼ਲੂਮ ਲਾਵਾਰਸ ਦਾ ਸ਼ੋਸ਼ਣ ਕੀਤਾ ਤੇ ਉਸ ਨੂੰ ਵਿਆਹ ਵੀ ਰਾਸ ਨਾ ਆਇਆ ਤੇ ਅੰਤ ਨੂੰ ਉਸ ਦੇ ਮੱਥੇ ਤੇ ਬਦਚਲਣੀ ਦਾ ਕਲੰਕ ਲੱਗਿਆ । ਵਿਆਹ!! ਨਹੀਂ ਨਹੀਂ ਇਹ ਮੈਂ ਕਦੇ ਨਹੀ ਹੋਣ ਦੇਣਾ ਮੈਂ ਸੁਭੱਦਰਾ ਨਹੀ ਬਣਨਾ ਨਹੀ ਕਦੇ ਵੀ ਨਹੀ ਕਹਿ ਉਹ ਰੋਣ ਲੱਗੀ। ਉਸੇ ਪਲ ਉਸ ਦੇ ਯਾਦ ਆਇਆ ਕਿ ਉਹ ਤਾਂ ਰਮਿੰਦਰ ਹੈ ਜੋ ਡਾਕਟਰ ਦੀ ਪੜਾਈ ਕਰ ਰਹੀ ਸੀ ਤੇ ਮੈਂ ਡਾਕਟਰ ਦੀ ਪੜਾਈ ਕਰਨ ਜਾ ਰਹੀ ਹਾਂ ਮੇਰੀ ਤਾਂ ਡਾਕਟਰੀ ਲਈ ਚੋਣ ਵੀ ਹੋ ਗਈ ਹੈ। ਮੈਂ ਵੀ ਇੱਕ ਦਿਨ ਰਮਿੰਦਰ ਵਾਂਗ ਡਾਕਟਰ ਦੀ ਪੜਾਈ ਕਰ ਕੇ ਸੇਵਾ ਕਰਾਂਗੀ ਤੇ ਆਪਣੀ ਮਾਂ ਦੇ ਟਰੇਨ ਵਿੱਚ ਕਹੇ ਸ਼ਬਦ ਯਾਦ ਆਏ ਇਹ ਵਾਰਤਾਲਾਪ ਵਿੱਚ ਓਸ ਨੇ ਆਪਣੇ ਆਪ ਨਾਲ ਦ੍ਰਿੜ ਹੋ ਕੇ ਫੈਸਲਾ ਕਰ ਲਿਆ ਤੇ ਸਾਰੇ ਇਕੱਠੇ ਹੋਏ ਰਿਸ਼ਤੇਦਾਰਾਂ ਨੂੰ ਆਪਣਾ ਫੈਸਲਾ ਸੁਣਾ ਦਿੱਤਾ। ਉਸਦੇ ਇਸ ਹੌਸਲੇ ਅਤੇ ਦ੍ਰਿੜਤਾ ਅੱਗੇ ਕਿਸੇ ਦੀ ਦਲੀਲ ਨਾ ਰੁਕ ਸਕੀ ਤੇ ਆਖਰ ਉਹ ਆਪਣੀ ਪੜਾਈ ਪੂਰੀ ਕਰਕੇ ਡਾਕਟਰ ਬਣ ਗਈ। ਇਹ ਸਾਰੀ ਵਾਰਤਾਲਾਪ ਉਸ ਨੇ ਪਿਛਲੇ ਸਾਲ ਹੀ ਸਕੂਲ ਵੱਲੇਂ ਕਰਵਾਏ ਗਏ ਸਲਾਨਾ ਸਮਾਗਮ ਦੀ ਪ੍ਰਧਾਨਗੀ ਭਾਸ਼ਨ ਦੌਰਾਨ ਦੱਸੇ। ਕੁਲਮੀਤ ਨੂੰ ਕਿਤਾਬਾਂ ਵਿੱਚੋਂ ਮਿਲੇ ਗਿਆਨ ਨੇ ਹੀ ਇੱਥੋਂ ਤੱਕ ਪਹੁੰਚਾਇਆ ਸੀ।ਬਲਜੀਤ ਸਿੰਘ ਨੇ ਆਪਣੀ ਗੱਲ ਮੁਕਾਉਦਿਆਂ ਪ੍ਰਿੰਸੀਪਲ ਸਾਬ ਨੂੰ ਕਹੇ। ਤਾਂ ਪ੍ਰਿੰਸੀਪਲ ਸਾਬ ਆਪ ਵੀ ਇਕਲੌਤੇ ਪੁੱਤਰ ਦੇ ਵਿਦੇਸ਼ ਵਸਣ ਦੀ ਉਦਾਸੀ ਵਿੱਚ ਬੋਲੇ ਕਾਸ਼! ਇਹ ਦਸ ਰੁਪਏ ਦਾ ਨੋਟ ਮੇਰੇ ਪੱਤਰ ਨੂੰ ਮਿਲ ਗਿਆ ਹੁੰਦਾ।
ਸੁਖਜਿੰਦਰ ਸਿੰਘ ਮੰਡੀ ਕਲਾਂ
94177-35682