****** ਦੋਸਤੋ ਦਾਰਸ਼ਨਿਕ ਪੱਖੋਂ ਦਸਤਾਰ ਕਿਸੇ ਦੀ ਸ਼ਖਸੀਅਤ ਦੇ ਦਸਤਗ਼ੀਰ ਹੋਣ ਦੀ ਨਿਸ਼ਾਨੀ ਹੈ! ਦਸਤਗ਼ੀਰ ਤੋਂ ਭਾਵ ਹੈ ਸਹਾਰਾ ਦੇਣ ਵਾਲਾ, ਹੱਥ ਫੜਨ ਵਾਲਾ, ਰਹਿਬਰ ਜਾਂ ਮਦਦਗ਼ਾਰ। ਕਿਸੇ ਮਜ਼ਲੂਮ ਦਾ ਹੱਥ ਫ਼ੜਨ ਵਾਲਾ ਜਾਂ ਅਜੋਕੇ ਯੁੱਗ ਦੇ ਸ਼ਬਦਾਂ ਅਨੁਸਾਰ ਗੌਡਫ਼ਾਦਰ ਵਰਗੀ ਸ਼ਖਸੀਅਤ ਦਾ ਮਾਲਿਕ ਹੀ ਕਿਸੇ ਲਈ ਦਸਤਗ਼ੀਰ ਹੋ ਸਕਦਾ ਹੈ। ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਸਦੀਆਂ ਤੋਂ ਪੈਗ਼ੰਬਰ, ਬਾਦਸ਼ਾਹ, ਰਿਸ਼ੀ-ਮੁਨੀ, ਗੁਰੂ-ਪੀਰ, ਸਾਧੂ-ਸੰਤ, ਸੂਫ਼ੀ ਫ਼ਕੀਰ, ਵਲੀ-ਔਲੀਏ, ਕਬੀਲਿਆਂ ਦੇ ਸਰਦਾਰ ਅਤੇ ਸ਼ਾਹੀ ਖ਼ਾਨਦਾਨਾਂ ਦੇ ਲੋਕ ਦਸਤਾਰ ਦੇ ਧਾਰਨੀ ਰਹੇ ਹਨ। ਦਸਤਾਰ ਬੰਨੀ ਨਹੀਂ ਜਾਂਦੀ, ਬਲਕਿ ਸਜਾਈ ਜਾਂਦੀ ਹੈ। ਦਸਤਾਰ ਅਤੇ ਦਸਤਗ਼ੀਰ ਦਾ ਆਪਸੀ ਸਬੰਧ ਕਾਫ਼ੀ ਗੂੜਾ ਹੈ, ਕਿਉਂਕਿ ਇੱਕ ਦਸਤਗ਼ੀਰ ਕਿਰਦਾਰ ਵਾਲਾ ਮਨੁੱਖ ਹੀ ਦਸਤਾਰ ਸਜਾਉਣ ਦੇ ਲਾਇਕ ਮੰਨਿਆ ਜਾਂਦਾ ਹੈ! ਵੇਖਿਆ ਜਾਵੇ ਤਾਂ ਦਸਤਾਰ ਲਈ ‘ਲਪੇਟਣਾ’ ਸ਼ਬਦ ਵਰਤਣ ਵਾਲਾ ਵਿਅਕਤੀ ਉੱਕਾ ਹੀ ਅਗਿਆਨੀ ਅਤੇ ਇਸਦੀ ਅਸਲ ਵਿਰਾਸਤੀ ਸੂਝ ਤੋਂ ਪੂਰੀ ਤਰ੍ਹਾਂ ਕੋਰਾ ਹੈ! ਭਾਵੇਂ ਜ਼ਿਆਦਾਤਰ ਲੋਕ ਇਸਦਾ ਸਬੰਧ ਧਾਰਮਿਕ ਪ੍ੰਪਰਾ ਨਾਲ ਜੋੜਦੇ ਹਨ, ਲੇਕਿਨ ਇਸਦਾ ਅਸਲ ਤਾਅਲੁੱਕ ਕਿਰਦਾਰ ਨਾਲ ਹੀ ਹੈ। ਦਸਤਗ਼ੀਰ ਸ਼ਬਦ ਦੀ ਰਚਨਾ ਦੇ ਪੱਖੋਂ ਇਸਨੂੰ ਜੀਲਾਨ ਤੋਂ ਬਗਦਾਦ ਆ ਕੇ ਵੱਸੇ, ਸੂਫ਼ੀਆਂ ਵਾਲੇ ਕਾਦਰੀ ਸਿਲਸਿਲੇ ਦੇ ਪ੍ਸਿੱਧ ਰੁੱਕਨ ਅਬਦੁਲ ਕਾਦਿਰ ਨਾਲ ਜੋੜਿਆ ਜਾਂਦਾ ਹੈ। ਬਗ਼ਦਾਦ ਦੀ ਆਵਾਮ ਅੰਦਰ ਉਸਦੇ ਪ੍ਤੀ ਪਾਈ ਜਾਂਦੀ ਮੁਹੱਬਤ ਅਤੇ ਉਸ ਦੇ ਰਹਿਬਰੀ ਸੁਭਾਅ ਕਾਰਨ ਉਹ “ਦਸਤਗ਼ੀਰ” ਵੱਜੋਂ ਕਾਫ਼ੀ ਮਕਬੂਲ ਹੋਇਆ। ਉਸਦੀ ਸ਼ਾਗਿਰਦ ਪਰੰਪਰਾ ਦੇ ਪੈਰੋਕਾਰ ਇਸ ਸ਼ਬਦ ਨੂੰ ਉਸਦੇ ਦਸਤਾਰ ਸਜਾਉਣ ਦੇ ਸ਼ੌਕ ਤੋਂ ਪੇ੍ਰਿਤ ਮੰਨਦੇ ਹਨ! ਬਹਿਰਹਾਲ ਅਸੀਂ ਸੂਫ਼ੀਵਾਦ ਨੂੰ ਜਜ਼ਬਾਤੀ ਵਲਵਲਿਆਂ ਤੋਂ ਪੇ੍ਰਿਤ ਪ੍ੰਪਰਾ ਮੰਨ ਕੇ, ਦਸਤਾਰ ਨੂੰ ਦਸਤਗ਼ੀਰਾਂ ਦੀ ਪਾ੍ਚੀਨ ਵਿਰਾਸਤ ਤਾਂ ਕਹਿ ਹੀ ਸਕਦੇ ਹਾਂ। ਪਰੰਤੂ ਇਹ ਲਾਜ਼ਿਮ ਹੈ ਕਿ ਦਸਤਾਰ ਪਹਿਨਣ ਲਈ ਦਸਤਗੀਰ ਹੋਣ ਜਾਂ ਕਿਸੇ ਬੇਸਹਾਰੇ ਦਾ ਸਹਾਰਾ ਬਣਨ ਦੀ ਸ਼ਰਤ ਜ਼ਰੂਰ ਪੂਰੀ ਕੀਤੀ ਜਾਵੇ। ਕਿਉਂਕਿ ਸਿਰਫ਼ ਅਜਿਹਾ ਕਰਕੇ ਹੀ ਅਸੀਂ ਇੱਕ ਚੰਗੇ ਸਿੱਖ ਹੋਣ ਦਾ ਫ਼ਰਜ਼ ਨਿਭਾ ਸਕਦੇ ਹਾਂ ਅਤੇ ਦਸਤਗ਼ੀਰ ਦੀ ਇਸ ਅਨਮੋਲ ਦਾਸਤਾਨ ਨੂੰ ਅਗਲੀਆਂ ਪੀੜ੍ਹੀਆਂ ਤੱਕ ਅੱਪੜਦਾ ਕਰ ਸਕਦੇ ਹਾਂ।
ਪਾਰਸ ਮਨ
(ਡਾ਼ ਮਨਦੀਪ ਗੌੜ)
29.01.2024
ਦਸਤਾਰ: ਦਾਸਤਾਨ-ਏ-ਦਸਤਗ਼ੀਰ
Leave a comment