26 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਥਾਣਾ ਭਿੱਖੀਵਿੰਡ ‘ਚ ਪੁਲਸ ਕਰਮਚਾਰੀਆਂ ਦੀ ਨਫ਼ਰੀ ਘੱਟ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਦੱਸ ਦਈਏ ਕਿ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਕਰੀਬ 35 ਪਿੰਡਾਂ ਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਸਿਰਫ ਚਾਰ ਏ.ਐੱਸ.ਆਈ,ਤਿੰਨ ਹੈੱਡ ਕਾਂਸਟੇਬਲ, ਇੱਕ ਮੁੱਖ ਮੁਨਸ਼ੀ,ਇੱਕ ਸਹਾਇਕ ਮੁਨਸ਼ੀ ਤੇ ਦੋ ਪੀ.ਸੀ.ਆਰ ਦੇ ਏ.ਐੱਸ.ਆਈ ਸਮੇਤ ਇੱਕ ਐੱਸ.ਐੱਚ.ਓ ਕਰ ਰਿਹਾ ਹੈ ਜਦਕਿ ਥਾਣੇ ‘ਚ ਕਰੀਬ 6 ਤੋਂ 7 ਏ.ਐੱਸ.ਆਈ ਰੈਂਕ ਦੇ ਅਧਿਕਾਰੀ ਤੇ 2 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਮੌਜੂਦ ਹੋਣੇ ਚਾਹੀਦੇ ਹਨ ਤਾਂ ਜੋ ਇਲਾਕੇ ਅੰਦਰ ਹੋ ਰਹੇ ਕ੍ਰਾਈਮ ਅਤੇ ਮੌਕਾ ਏ ਵਾਰਦਾਤ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਜਾ ਸਕੇ, ਪ੍ਰੰਤੂ ਥਾਣਾ ਭਿੱਖੀਵਿੰਡ ‘ਚ ਬੀਤੇ ਲੰਮੇ ਸਮੇਂ ਤੋਂ ਨਫ਼ਰੀ ਦੀ ਘਾਟ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਥਾਣਾ ਭਿੱਖੀਵਿੰਡ ਵਿਖੇ ਏ.ਐੱਸ.ਆਈ ਰੈਂਕ ਦੇ 4 ਅਧਿਕਾਰੀਆਂ ਵਿੱਚੋਂ ਜ਼ਿਆਦਾਤਰ ਏ.ਐੱਸ.ਆਈ ਹਾਈ ਕੋਰਟ ਦੀਆਂ ਰਿੱਟਾਂ ਅਤੇ ਪੁਰਾਣੇ ਕੇਸਾਂ ਵਿੱਚ ਚੰਡੀਗੜ੍ਹ ਦੇ ਰੂਟ ‘ਤੇ ਹੀ ਰਹਿੰਦੇ ਹਨ। ਉਪਰੋਕਤ ਅਧਿਕਾਰੀ ਕਈ ਵਾਰ ਜ਼ਿਆਦਾ ਥਕਾਵਟ ਹੋਣ ਕਾਰਨ ਬਿਮਾਰ ਵੀ ਹੋ ਜਾਂਦੇ ਹਨ, ਪ੍ਰੰਤੂ ਇਨ੍ਹਾਂ ਸਮੱਸਿਆਵਾਂ ਵੱਲ ਨਾ ਤਾਂ ਜ਼ਿਲ੍ਹਾ ਪੁਲਸ ਦਾ ਕੋਈ ਧਿਆਨ ਹੈ ਅਤੇ ਨਾ ਹੀ ਡੀਜੀਪੀ ਪੰਜਾਬ ਦਾ। ਦੱਸ ਦਈਏ ਕਿ ਮੀਡੀਆ ਰਾਹੀ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਥਾਣਾ ਭਿੱਖੀਵਿੰਡ ਅੰਦਰ ਏ.ਐੱਸ.ਆਈ ਰੈਂਕ ਦੇ ਘੱਟੋ-ਘੱਟ 7 ਤੋਂ 8 ਮੁਲਾਜ਼ਮ ਤੇ ਸਬ ਇੰਸਪੈਕਟਰ ਰੈਂਕ ਦੇ 2 ਤੋਂ 3 ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ ਅਤੇ ਦਿਨੋਂ-ਦਿਨ ਵੱਧ ਰਹੇ ਕ੍ਰਾਈਮ ਨੂੰ ਠੱਲ੍ਹ ਪਾਈ ਜਾ ਸਕੇ। ਉੱਥੇ ਹੀ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਨਯੋਗ ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਢਾਈ ਮਹੀਨੇ ਪਹਿਲਾਂ ਹੀ ਲਗਾਏ ਗਏ ਚੋਣ ਜਾਬਤਾ ਦੇ ਮੱਦੇ ਨਜ਼ਰ ਹਰੇਕ ਥਾਣੇ ਮੁਖੀ ਨੂੰ ਇਲਾਕੇ ਦੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪ੍ਰੰਤੂ ਪੁਲਸ ਥਾਣਾ ਭਿੱਖੀਵਿੰਡ ਵਿੱਚ ਪੁਲਸ ਨਫ਼ਰੀ ਦੀ ਘਾਟ ਹੋਣ ਕਾਰਨ ਇਲਾਕੇ ਦੇ ਲੋਕਾਂ ਸਮੇਤ ਪੁਲਸ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਕਿ ਚਿੰਤਾ ਦਾ ਵਿਸ਼ਾ ਹੈ ।