ਲਿਖਾਈ ਦਾ ਮਨੁੱਖ ਦੀ ਸਖਸ਼ੀਅਤ ਨਾਲ਼ ਗੂੜਾ ਨਾਤਾ ਹੈ। ਸੁੰਦਰ ਲਿਖਤ ਹਰ ਇੱਕ ਦਾ ਮਨ ਮੋਹਦੀ ਹੈ। ਅੱਖਰ ਭਾਸ਼ਾ ਦਾ ਮੁਹਾਵਰਾ ਹੁੰਦੇ ਹਨ। ਹਰ ਭਾਸ਼ਾ ਦੀ ਲਿਖਾਵਟ ਦੇਖਣ ਵਾਲ਼ੇ ਦੇ ਮਨ ਤੇ ਆਪਣਾ ਪ੍ਰਭਾਵ ਛੱਡਦੀ ਹੈ। ਹਰ ਲਿਖਤ ਨੂੰ ਲਿਖਣ ਦੇ ਕੁਝ ਨਿਯਮ ਹੁੰਦੇ ਹਨ। ਹਰ ਭਾਸ਼ਾ ਆਪਣੇ ਨਿਰਧਾਰਿਤ ਚਿੰਨ੍ਹਾਂ ਜਾਂ ਅੱਖਰਾਂ ਨਾਲ਼ ਲਿਖੀ ਜਾਂਦੀ ਹੈ। ਅੱਖਰਾਂ ਨੂੰ ਜੋੜ ਕੇ ਸ਼ਬਦ ਬਣਦੇ ਹਨ,ਸ਼ਬਦਾਂ ਤੋਂ ਵਾਕ ਅਤੇ ਵਾਕਾਂ ਤੋਂ ਇਬਾਰਤ। ਚੀਨੀ ਲਿਪੀ ਚਿੱਤਰ ਲਿਪੀ ਹੈ ਉਸ ਵਿੱਚ ਅੱਖਰਾਂ ਨੂੰ ਜੋੜਿਆ ਨਹੀਂ ਜਾ ਸਕਦਾ ਪਰ ਗੁਰਮੁਖੀ ਲਿਪੀ ਵਿੱਚ ਇਸ ਦੇ ਅੱਖਰਾਂ ਨੂੰ ਜੋੜਨਾ ਜ਼ਰੂਰੀ ਹੈ। ਇਹਨਾਂ ਦੇ ਨਾਲ਼ ਲੱਗਦੀਆਂ ਲਗਾ ਮਾਤਰਾਵਾਂ ਅਤੇ ਲਗਾਖਰਾਂ ਨੂੰ ਹਟਾਇਆ ਨਹੀਂ ਜਾ ਸਕਦਾ। ਅੰਗਰੇਜ਼ੀ ਅਤੇ ਸ਼ਾਹਮੁਖੀ ਵਿੱਚ ਲਿਖਣ ਸਮੇਂ ਕਲਮ ਉਠਾਈ ਵੀ ਜਾ ਸਕਦੀ ਹੈ ਤੇ ਨਹੀਂ ਵੀ ਪਰ ਗੁਰਮੁਖੀ ਵਿੱਚ ਹਰ ਸ਼ਬਦ ਲਿਖਣ ਵੇਲ਼ੇ ਵਾਰ ਵਾਰ ਕਲਮ ਉਠਾਉਣੀ ਪੈਂਦੀ ਹੈ। ਸ਼ਾਹਮੁਖੀ ਵਿੱਚ ਬਹੁਤੇ ਅੱਖਰ ਲਿਖਦੇ ਸਮੇਂ ਨੁਕਤਿਆਂ ਨੂੰ ਕਈ ਵਾਰ ਨਹੀਂ ਲਿਖਿਆ ਜਾਂਦਾ ਪਰ ਗੁਰਮੁਖੀ ਵਿੱਚ ਹਰ ਇੱਕ ਚਿੰਨ੍ਹ, ਹਰ ਇਕ ਅੱਖਰ ਲਿਖਿਆ ਜਾਂਦਾ ਹੈ ਤਾਂ ਜੋ ਉਸਦੀ ਧੁਨੀ ਪੜ੍ਹਨ ਵਾਲ਼ੇ ਨੂੰ ਸਮਝ ਆ ਸਕੇ ਅਤੇ ਉਹ ਸ਼ਬਦ ਨੂੰ ਸਹੀ ਤਰੀਕੇ ਨਾਲ਼ ਬੋਲ ਸਕੇ।
ਸਾਡੇ ਦੇਸ਼ ਵਿੱਚ ਅਨੇਕਾਂ ਭਾਸ਼ਾਵਾਂ ਸਕੂਲੀ ਪਾਠਕ੍ਰਮ ਦਾ ਸ਼ਿੰਗਾਰ ਹਨ। ਸ਼ਾਹਮੁਖੀ ਲਿਪੀ ਨੂੰ ਛੱਡ ਕੇ ਹੋਰ ਬਹੁਤੀਆਂ ਭਾਸ਼ਾਵਾਂ ਨੂੰ ਸਿੱਧੇ ਖੜਵੇਂ ਰੂਪ ਵਿੱਚ ਲਿਖਣਾ ਸਿਖਾਇਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਨੂੰ ਕੁਝ ਖ਼ਾਸ ਸਕੂਲਾਂ ਵਿੱਚ ਸੱਜੇ ਪਾਸੇ ਝੁਕਾ ਕੇ ਲਿਖਣਾ ਸਿਖਾਇਆ ਜਾਂਦਾ ਹੈ। ਸਿੱਧੀ ਜਾਂ ਸੱਜੇ ਪਾਸੇ ਝੁਕੀ ਲਿਖਾਵਟ ਵਿੱਚ ਸੰਜਮ ਸਿਆਣਪ ਅਤੇ ਮਰਿਆਦਾ ਝਲਕਦੀ ਹੈ। ਸੁੰਦਰ ਲਿਖਾਈ ਤੇ ਅੱਖਰਕਾਰੀ ਵਿੱਚ ਫ਼ਰਕ ਹੈ। ਸੁੰਦਰ ਲਿਖਾਈ ਅਸੀਂ ਛਾਪੇਖਾਨੇ ਦੀ ਲਿਖਾਈ ਨੂੰ (ਜਿਹੜੇ ਅੱਖਰ ਛਾਪੇਖਾਨੇ ਵਿੱਚ ਵਰਤੇ ਜਾਂਦੇ ਹਨ) ਨੂੰ ਕਹਿੰਦੇ ਹਾਂ। ਜੋ ਸਾਡੇ ਸਾਹਮਣੇ ਕਿਤਾਬੀ ਰੂਪ ਵਿੱਚ ਆਉਂਦੇ ਹਨ। ਅੱਖਰਕਾਰੀ ਵਿੱਚ ਕਲਾਕਾਰੀ ਕੀਤੀ ਜਾਂਦੀ ਹੈ। ਲਿਖਣ ਵਾਲ਼ਾ ਕਾਤਿਬ ਉਸ ਨੂੰ ਵੱਖ ਵੱਖ ਆਕਾਰ ਨਮੂਨੇ ਦੇ ਕੇ ਲਿਖਦਾ ਇਸ ਤਰ੍ਹਾਂ ਇਹਨਾਂ ਦੋਨਾਂ ਸੁੰਦਰ ਲਿਖਾਈ ਅਤੇ ਅੱਖਰਕਾਰੀ ਵਿੱਚ ਬੁਨਿਆਦੀ ਫ਼ਰਕ ਹੈ। ਲਿਖਾਈ ਤੋਂ ਹੀ ਵਿਅਕਤੀ ਦੇ ਸਮਾਜਿਕ ਵਿਹਾਰ ਦਾ ਪਤਾ ਲੱਗਦਾ ਜਦੋਂ ਲਿਖਣ ਸਮੇਂ ਵਿਅਕਤੀ ਦੇ ਮਨ ਵਿੱਚ ਤੇਜ਼ੀ ਕਾਹਲਾਪਣ ਜਾਂ ਕਿਸੇ ਤਰ੍ਹਾਂ ਦੀ ਘਬਰਾਹਟ ਹੋਵੇ ਤਾਂ ਉਸਦੀ ਲਿਖਾਈ ਸੱਜੇ ਪਾਸੇ ਨੂੰ ਝੁਕਣ ਲੱਗਦੀ ਹੈ। ਅੱਖਰਾਂ ਨੂੰ ਵੱਖ ਵੱਖ ਆਕਾਰ ਵਿੱਚ ਲਿਖਣਾ, ਉਹਨਾਂ ਨੂੰ ਇੱਕ ਲਕੀਰ ਦੇ ਹੇਠਾਂ ਲਿਖਣਾ ਵੀ ਵੱਖ-ਵੱਖ ਅਰਥ ਰੱਖਦਾ ਹੈ।ਗੁਰਮੁਖੀ ਲਿਪੀ ਵਿੱਚ ਬਹੁਤ ਸਾਰੇ ਅੱਖਰਾਂ ਦੀ ਆਖਰੀ ਲਾਈਨ ਸਿੱਧੀ ਖੜ੍ਹੀ ਰੇਖਾ ਵਾਂਗ ਹੈ। ਕੁਝ ਕੁ ਅੱਖਰਾਂ ਦੀ ਬਣਤਰ ਗੋਲਾਈ ਵਿੱਚ ਹੈ। ਸਿੱਧੇ ਅੱਖਰਾਂ ਦੀ ਬਣਤਰ ਜੀਵਨ ਵਿੱਚ ਸੁਰੱਖਿਅਤਾ ਦੀ ਸੂਚਕ ਹੈ ਅਤੇ ਗਲਾਈਆਂ ਸਨੇਹ ਭਰੇ ਵਰਤਾਰੇ ਦੀ।
ਗੁਰਮੁਖੀ ਲਿਪੀ ਲਿਖਣ ਵਾਲ਼ਾ ਕਾਤਿਬ ਔਸਤਨ ਸਿੱਧੀ ਲਿਖਾਈ ਲਿਖਦਾ ਹੈ । ਪੁਰਾਣੀਆਂ ਲਿਖਤਾਂ ਵਾਚਣ ਤੇ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਦੀਆਂ ਲਿਖਤਾਂ ਵਿੱਚ ਅੱਖਰ ਇੱਕ ਸਿੱਧੀ ਰੇਖਾ ਵਿੱਚ ਇੱਕ ਲੜੀ ਵਿੱਚ ਪਰੋਏ ਹੁੰਦੇ ਸਨ। ਸਿੱਧੀ ਸਪਸ਼ਟ ਲਿਖਾਈ ਕਰਨਾ ਸਹਿਜਤਾ ਤੇ ਚਿੰਤਨਸ਼ੀਲਤਾ ਦਾ ਪ੍ਰਤੀਕ ਹੈ। ਜਿਨਾਂ ਲੋਕਾਂ ਦੀ ਲਿਖਾਈ ਖੱਬੇ ਪਾਸੇ ਵੱਲ ਝੁਕੀ ਹੁੰਦੀ ਉਹ ਸੰਕੋਚੀ ਸੁਭਾਅ ਵਾਲ਼ੇ ਹੁੰਦੇ ਹਨ। ਉਹ ਆਪਣੇ ਅਤੀਤ ਨਾਲ਼ ਜਿਆਦਾ ਮੋਹ ਰੱਖਣ ਵਾਲ਼ੇ ਹੁੰਦੇ ਹਨ। ਸੱਜੇ ਪਾਸੇ ਝੁਕੀ ਲਿਖਾਈ ਵਾਲ਼ੇ ਲੋਕ ਵਿਕਾਸਵਾਦੀ ਦ੍ਰਿਸ਼ਟੀਕੋਣ ਵਾਲ਼ੇ ਅਤੇ ਭਵਿੱਖ ਪ੍ਰਤੀ ਆਸਵੰਦ ਹੁੰਦੇ ਹਨ। ਅਜਿਹੇ ਵਿਅਕਤੀ ਕਦੇ ਕਦੇ ਸਮੱਸਿਆਵਾਂ ਵੀ ਪੈਦਾ ਕਰਦੇ ਹਨ। ਕਈਆਂ ਦੀ ਲਿਖਾਈ ਜਾਲੀਦਾਰ ਹੁੰਦੀ ਹੈ। ਅਜਿਹੇ ਵਿਅਕਤੀ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਉਹ ਠੀਕ ਸਮੇਂ ਤੇ ਢੁਕਵੇਂ ਫੈਸਲੇ ਨਹੀਂ ਲੈ ਸਕਦੇ। ਲਿਖਾਈ ਤੋਂ ਕਿਸੇ ਵਿਅਕਤੀ ਦੀ ਸਖਸ਼ੀਅਤ ਦਾ ਅੰਦਾਜ਼ਾ ਲੱਗ ਜਾਂਦਾ ਹੈ। ਲਿਖਾਈ ਦੀ ਬਨਾਵਟ ਤੋਂ ਹੀ ਉਸਦੀ ਮਾਨਸਿਕਤਾ ਦਾ ਪਤਾ ਬੜੀ ਅਸਾਨੀ ਨਾਲ਼ ਲੱਗ ਜਾਂਦਾ ਹੈ। ਲਿਖਾਈ ਦੇ ਉੱਪਰਲੇ, ਮੱਧ ਭਾਗ, ਜਾਂ ਹੇਠਲੇ ਭਾਗ ਤੋਂ ਲਿਖਦੇ ਸਮੇਂ ਇਬਾਰਤ ਦਾ ਉੱਪਰ ਹੇਠਾਂ ਜਾਂ ਸਮਤਲ ਦਿਸ਼ਾ ਵਿੱਚ ਲਿਖੇ ਜਾਣਾ ਲਗਾ ਮਾਤਰਾਵਾਂ ਦੀ ਬਨਾਵਟ ਇ ਵਾਰਤ ਦਾ ਆਰਾਮ ਮੱਧ ਅਤੇ ਅੰਤ ਕਲਮ ਦਾ ਦਬਾਅ ਅਤੇ ਦਸਤ ਆਦਿ ਅਨੇਕਾਂ ਪੱਖ ਵਿਅਕਤੀ ਦੀ ਸ਼ਖਸ਼ੀਅਤ ਨੂੰ ਸਾਡੇ ਸਾਹਮਣੇ ਲਿਆ ਧਰਦੇ ਹਨ ਇਹ ਸਭ ਪੱਖਾਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਧਿਅਨ ਕਰਨ ਤੇ ਹੀ ਅਸੀਂ ਲਿਖਾਈ ਦੇਖ ਕੇ ਲਿਖਣ ਵਾਲੇ ਦੇ ਬਾਰੇ ਵਿੱਚ ਸਹੀ ਅੰਦਾਜ਼ਾ ਲਗਾ ਸਕਦੇ ਹਾਂ।
16ਵੀਂ ਸਦੀ ਵਿੱਚ ਇਟਲੀ ਦੇ ਕੈਮੀਲੋ ਬਾਲ ਦੀ ਨੇ ਪਹਿਲੀ ਵਾਰ ਇਹ ਤੱਥ ਸਾਹਮਣੇ ਲਿਆਂਦੇ ਕਿ ਲਿਖਣ ਵਾਲ਼ੇ ਦੀ ਲਿਖਾਈ ਤੋਂ ਉਸ ਦੇ ਵਿਅਕਤੀਤਵ ਦਾ ਅਧਿਐਨ ਕੀਤਾ ਜਾ ਸਕਦਾ ਹੈ। 18ਵੀਂ ਸਦੀ ਵਿੱਚ ਇਸ ਕਾਰਜ ਤੇ ਯੋਜਨਾ ਵੱਧ ਢੰਗ ਨਾਲ਼ ਖੋਜ ਸ਼ੁਰੂ ਹੋਈ। ਫਰਾਂਸ ਵਿੱਚ ਅਨੇਕਾਂ ਲੋਕਾਂ ਦੀਆਂ ਲਿਖਤਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਪਰਖ ਤੋਂ ਅਨੇਕਾਂ ਨਵੇਂ ਤੱਥ ਸਾਹਮਣੇ ਆਏ ਇਸ ਤਰ੍ਹਾਂ ਲਿਖਤ ਰਾਹੀਂ ਵਿਗਿਆਨਕ ਅਤੇ ਮਨੋਵਿਗਿਆਨਕ ਅਧਿਐਨ ਸ਼ੁਰੂ ਕੀਤੇ ਗਏ। ਲਿਖਾਈ ਦਾ ਜੇਕਰ ਗਹਿਰਾ ਅਧਿਐਨ ਕੀਤਾ ਜਾਵੇ ਤਾਂ ਲਿਖਣ ਵਾਲ਼ੇ ਦੀ ਉਮਰ, ਲਿੰਗ ਅਤੇ ਵਿਵਹਾਰ ਆਦਿ ਦਾ ਪਤਾ ਲਾਇਆ ਜਾ ਸਕਦਾ ਹੈ। ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਪਤਾ ਲਗਾ ਕੇ ਠੀਕ ਕੀਤਾ ਜਾ ਸਕਦਾ ਹੈ।
ਇੱਕ ਤੱਥ ਇਹ ਵੀ ਹੈ ਕਿ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਲਿਖਾਈ ਵਿੱਚ ਫ਼ਰਕ ਪੈਂਦਾ ਜਾਂਦਾ ਹੈ। ਵਿਚਾਰ ਬਦਲਦੇ ਹਨ, ਸਰੀਰਕ ਸ਼ਕਤੀ ਬਦਲਦੀ ਹੈ, ਊਰਜਾ ਵਧਦੀ ਘਟਦੀ ਹੈ। ਸਮੇਂ ਦੇ ਨਾਲ਼ ਇਹ ਪਰਿਵਰਤਨ ਆਉਂਦੇ ਰਹਿੰਦੇ ਹਨ। ਲਿਖਾਈ ਦੀ ਵਿਸ਼ੇਸ਼ਤਾ ਹੈ ਕਿ ਇਸ ਦੀ ਨਕਲ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਇਸ ਨੂੰ ਮੂਲ ਆਧਾਰ ਮੰਨ ਕੇ ਵਿਅਕਤੀਤਵ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।
ਜਗਤਾਰ ਸਿੰਘ ਸੋਖੀ
ਸੰਪਰਕ ਨੰਬਰ 9417166386