13 ਸਤੰਬਰ (ਗਗਨਦੀਪ ਸਿੰਘ) ਬਠਿੰਡਾ: ਅੱਜ ਇੱਥੇ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਦੂਜੀ ਵਾਰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਵੀ ਸ਼੍ਰੀ ਸ਼ੌਕਤ ਅਹਿਮਦ ਪਰੇ 2 ਅਪ੍ਰੈਲ 2022 ਤੋਂ 31 ਜਨਵਰੀ 2024 ਤੱਕ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। 2013 ਬੈਚ ਦੇ ਆਈਏਐਸ ਅਧਿਕਾਰੀ ਸ਼੍ਰੀ ਸ਼ੌਕਤ ਅਹਿਮਦ ਪਰੇ ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਵਜੋਂ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਉਣ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਦੀਆਂ ਆਮ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।
ਇਸ ਮੌਕੇ ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ ਮੰਡੀ, ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜ਼ਨਾ ਕਮੇਟੀ ਬਠਿੰਡਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ਼੍ਰੀ ਕੰਵਰਜੀਤ ਸਿੰਘ ਮਾਨ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਸ਼ਰਮਾ, ਪੀ.ਏ. ਸ਼੍ਰੀ ਭਾਰਤ ਭੂਸ਼ਣ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।