20 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਦਾਣਾ ਮੰਡੀ ਭਿੱਖੀਵਿੰਡ ਵਿੱਚ ਕਣਕ ਦੀ ਆਮਦ ਦਾ ਜਾਇਜ਼ਾ ਲੈਣ ਉਪਰੰਤ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ ਜਨਰਲ ਤਰਨ ਤਾਰਨ ਤੋਂ ਇਲਾਵਾ ਸੰਬੰਧਤ ਵਿਭਾਗਾਂ ਤੇ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦਾਣਾ ਮੰਡੀ ਭਿੱਖੀਵਿੰਡ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਕੰਮ ਬੜੇ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ ਵਿੱਚ ਕਣਕ ਦੀ ਨਿਰਵਿਘਨ ਤੇ ਸਚਾਰੂ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਕਣਕ ਦੀ ਖ਼ਰੀਦ ਦਾ ਸ਼ੁਰੂਆਤੀ ਦੌਰ ਚੱਲ ਰਿਹਾ ਹੈ ਤੇ ਉਨ੍ਹਾਂ ਦੇ ਅੱਜ ਦੇ ਦੌਰੇ ਦਾ ਮਕਸਦ ਪਕਮੀਆਂ ਪੇਸ਼ੀਆਂ ਨੂੰ ਦੂਰ ਕਰਨਾ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਖ਼ਾਸ ਤੌਰ ‘ਤੇ ਹਦਾਇਤ ਦਿੱਤੀ ਕਿ ਕਣਕ ਦੀ ਖ਼ਰੀਦ ਸੰਬੰਧੀ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਸਮੇਂ ਸਿਰ ਕਰਨ ਦੀ ਹਦਾਇਤ ਜਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਖਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ,ਖ਼ਰੀਦ, ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਤੇ ਇਨ੍ਹਾਂ ਪ੍ਰਬੰਧਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ਤੇ ਜੇਕਰ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਆਵੇਗੀ, ਉਸਦਾ ਹੱਲ ਸੰਬੰਧਤ ਅਧਿਕਾਰੀਆਂ ਵੱਲੋਂ ਤੁਰੰਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀ ‘ਚ ਕਣਕ ਵੇਚਣ ਲਈ ਕਣਕ ਨੂੰ ਸੁੱਕਾ ਕੇ ਲਿਆਉਣ ਤਾਂ ਜੋ ਖ਼ਰੀਦਦਾਰ ਨੂੰ ਕਣਕ ਦੀ ਖ੍ਰੀਦ ਲਈ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਕਣਕ ਦੀ ਫ਼ਸਲ ਵੇਚਣ ਆਏ ਕਿਸਾਨ ਨਾਲ ਗੱਲਬਾਤ ਕੀਤੀ ਗਈ ਅਤੇ ਖ਼ਰੀਦ ਪ੍ਰੀਕ੍ਰਿਆ ਸੰਬੰਧੀ ਜਾਣਕਾਰੀ ਇਕੱਤਰ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਸਾਨਾਂ ਤੋਂ ਮੰਡੀ ਵਿਖੇ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਪੁੱਛਿਆ ਗਿਆ। ਉੱਧਰ ਮੌਕੇ ‘ਤੇ ਹਾਜ਼ਰ ਕਿਸਾਨਾਂ ਵੱਲੋਂ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਦਫਤਰ ਭਿੱਖੀਵਿੰਡ ਦੇ ਸੈਕਟਰੀ ਅਨਿਲ ਅਰੋੜਾ,ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ ਤੋਂ ਇਲਾਵਾ ਮਾਰਕੀਟ ਕਮੇਟੀ ਦਫ਼ਤਰ ਭਿੱਖੀਵਿੰਡ ਦੇ ਸੁਪਰਵਾਈਜ਼ਰ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।