ਸਿੱਖਿਆ ਵਿਕਾਸ ਮੰਚ ਨੇ ਦਿੱਤੇ ਟਰੈਕ ਸੂਟ, ਸਮਾਜ ਸੇਵੀ ਯਾਦਵਿੰਦਰ ਸਿੰਘ ਬਹਿਣੀਵਾਲ ਦਾ ਰਿਹਾ ਵਿਸ਼ੇਸ਼ ਯੋਗਦਾਨ
ਮਾਨਸਾ 22 ਨਵੰਬਰ: (ਆਤਮਾ ਸਿੰਘ ਪਮਾਰ)ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ. ਏ .ਐਸ ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਜਾਣ ਵਾਲੇ ਮਾਨਸਾ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਖੇਡਾਂ ਦਾ ਮੁੱਢ ਪ੍ਰਾਇਮਰੀ ਪੱਧਰ ਤੋਂ ਹੀ ਬੱਝਦਾ ਹੈ,ਜਿਸ ਕਾਰਨ ਖੇਡਾਂ ‘ਚ ਤੁਹਾਡੀ ਸੁਨਹਿਰੇ ਰੂਪ ਵਿੱਚ ਸ਼ੁਰੂਆਤ ਹੋਈ ਹੈ,ਜਿਸ ਦੇ ਭਵਿੱਖ ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅੱਜ ਪ੍ਰਬੰਧਕੀ ਕੰਪਲੈਕਸ ਵਿਖੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਪ੍ਰਾਇਮਰੀ ਖਿਡਾਰੀਆਂ ਨੂੰ ਮਹੱਈਆਂ ਕਰਵਾਏ ਗਏ ਟਰੈਕ ਸੂਟ ਦੇਣ ਸਮੇਂ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਕੱਲੇ ਇਕੱਲੇ ਨੰਨ੍ਹੇ ਖਿਡਾਰੀਆਂ ਨਾਲ ਖੂਬ ਗੱਲਾਂ ਕੀਤੀਆਂ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਕਾਸ ਮੰਚ ਅਤੇ ਮੰਚ ਦੇ ਵਿਸ਼ੇਸ਼ ਸਹਿਯੋਗੀ ਯਾਦਵਿੰਦਰ ਸਿੰਘ ਬਹਿਣੀਵਾਲ ਦੀ ਵੀ ਖੂਬ ਪ੍ਰਸ਼ੰਸਾ ਕੀਤੀ ,ਜੋ ਪ੍ਰਾਇਮਰੀ ਖਿਡਾਰੀਆਂ ਨੂੰ ਹਰ ਸਾਲ ਟਰੈਕ ਸੂਟ ਅਤੇ ਖੇਡਾਂ ਦਾ ਹੋਰ ਸਾਜੋ ਸਮਾਨ ਮਹੁੱਈਆ ਕਰਵਾਉਂਦੇ ਹਨ। ਸਮਾਜ ਸੇਵੀ ਬਹਿਣੀਵਾਲ ਵੱਲੋਂ ਹਰ ਸਾਲ ਆਪਣੇ ਜਨਮ ਦਿਨ ‘ਤੇ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਕੂਲਾਂ ਵਿੱਚ ਕਿਤਾਬਾਂ, ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ।
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ,ਜਨਰਲ ਸਕੱਤਰ ਹਰਜੀਵਨ ਸਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੀ ਟਰੇਨਿੰਗ ਅਤੇ ਖੇਡਾਂ ਦੇ ਸਾਜੋ ਸਮਾਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਸੈਸ਼ਨ ਦੇ ਸ਼ੁਰੂ ਤੋਂ ਹੀ ਪ੍ਰਾਇਮਰੀ ਖਿਡਾਰੀਆਂ ਦੀ ਟਰੇਨਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਗੁਰਨਾਮ ਸਿੰਘ, ਹੈੱਡ ਟੀਚਰ ਅਮਨਦੀਪ ਸ਼ਰਮਾ, ਅਧਿਆਪਕ ਆਗੂ ਵਿਜੈ ਕੁਮਾਰ,ਬਚਿੱਤਰ ਸਿੰਘ, ਜੋਗਿੰਦਰ ਸਿੰਘ, ਇਕਬਾਲ ਸਿੰਘ, ਸੁਖਜੀਤ ਭੈਣੀ ਵੀ ਹਾਜਰ ਸਨ।