22 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫ਼ਸਰ ਡਾ ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਜੋਧਪੁਰ ਰੋਮਾਣਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਮੌਕੇ ਖੇਤੀਬਾੜੀ ਉਪ ਨਿਰੀਖਕ ਮੈਡਮ ਕੁਲਵੀਰ ਕੌਰ ਨੇ ਪੀਐਮ ਕਿਸਾਨ ਸਨਮਾਨ ਨੀਧੀ ਯੋਜਨਾ ਤਹਿਤ ਗੱਲਬਾਤ ਕਰਦਿਆਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਈਕੇਵਾਈਸੀ ਨਾ ਹੋਣ ਕਰਕੇ ਕਿਸ਼ਤ ਰੁਕੀ ਹੋਈ ਹੈ ਤਾਂ ਉਹ ਖੁਦ ਪੀਐਮ ਕਿਸਾਨ ਵੈਬਸਾਈਟ ਤੇ ਜਾ ਕੇ ਜਾਂ ਨਜ਼ਦੀਕੀ ਸੀਐਸਸੀ ਸੈਂਟਰ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾ ਕੇ ਕਰਵਾ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ ਜਸਪ੍ਰੀਤ ਸਿੰਘ ਨੇ ਕਣਕ ਦੀ ਫਸਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀਆ ਨਿਸ਼ਾਨੀਆਂ ਅਤੇ ਕੰਟਰੋਲ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਵਿੱਚ 10 ਸਿੱਟਿਆ ਦੇ ਆਧਾਰ ਤੇ ਜੇਕਰ ਚੇਪਾ ਪ੍ਰਤੀ ਸਿੱਟਾ 5 ਜਾ ਇਸ ਤੋਂ ਵੱਧ ਮਿਲੇ ਤਾਂ 2 ਲਿਟਰ ਨਿੰਮ ਦਾ ਘਰੇ ਬਣਿਆ ਘੋਲ ਜਾ 20 ਗ੍ਰਾਮ ਐਕਟਾਰਾ 25 ਡਬਲਿਊ ਜੀ (ਥਾਇਆਮਿਥੋਕਸਮ) 80-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।
ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਮਨਜਿੰਦਰ ਸਿੰਘ ਨੇ ਨਰਮੇ ਦੀ ਸੁਚੱਜੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਰਮੇ ਦੀ ਫਸਲ ਉਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਇਨ੍ਹਾਂ ਦਿਨਾਂ ਵਿਚ ਖੇਤਾਂ ਜਾਂ ਘਰਾਂ ਵਿੱਚ ਪਈਆ ਛਟੀਆਂ ਨੂੰ ਝਾੜ ਕੇ ਰੱਖਿਆ ਜਾਵੇ ਅਤੇ ਰਹਿੰਦ-ਖੂਹੰਦ ਜਲਾ ਦਿੱਤੀ ਜਾਵੇ, ਇਸ ਦੇ ਨਾਲ ਹੀ ਜਿੰਨਾ ਨਦੀਨਾਂ (ਪੀਲੀ ਬੂਟੀ, ਕੰਘੀ ਬੂਟੀ, ਗੁਤਪੱਟਣਾ, ਭੰਗ, ਪੁਠ ਕੰਡਾ, ਕਾਂਗਰਸ ਘਾਹ) ਤੇ ਚਿੱਟੀ ਮੱਖੀ ਪਲਦੀ ਹੈ ਨੂੰ ਪੁੱਟ ਕੇ ਨਸ਼ਟ ਕਰ ਦਿੱਤਾ ਜਾਵੇ।
ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨ ਮੌਜੂਦ ਸਨ।