ਆਮ ਆਦਮੀ ਪਾਰਟੀ (ਲੋਕ ਸਭਾ ਹਲਕਾ ਸੰਗਰੂਰ)
ਮੀਤ ਹੇਅਰ ਨੇ ਭਦੌੜ ਹਲਕੇ ਵਿੱਚ ਕੀਤੀਆਂ ਚੋਣ ਮੀਟਿੰਗਾਂ
30 ਅਪ੍ਰੈਲ (ਗਗਨਦੀਪ ਸਿੰਘ) ਤਪਾ/ਭਦੌੜ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚੋਣ ਲੜ ਰਹੇ ਸੰਗਰੂਰ ਤੋਂ ਬਾਹਰੀ ਉਮੀਦਵਾਰਾਂ ਉੱਤੇ ਤੰਜ ਕਸਦਿਆਂ ਕਿਹਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਲ 2022 ਵਿੱਚ ਸਾਡੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਹਾਰਨ ਤੋਂ ਬਾਅਦ ਦੋ ਸਾਲ ਭਦੌੜ ਵਾਸੀਆਂ ਨੂੰ ਸ਼ਕਲ ਨਹੀ ਵਿਖਾਈ ਉਵੇਂ ਹੀ ਦੋਆਬੇ ਤੋਂ ਆਇਆ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣਾਂ ਤੋਂ ਬਾਅਦ ਮੁੜ ਸੰਗਰੂਰ ਨਹੀਂ ਆਵੇਗਾ।
ਤਪਾ ਮੰਡੀ ਅਤੇ ਭਦੌੜ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਤੇ ਭਦੌੜ ਵਾਸੀ ਬਾਹਰੀ ਉਮੀਦਵਾਰਾਂ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਾਰੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਜਿਸ ਕਾਰਨ ਹੁਣ ਉਹ ਹਲਕੇ ਬਦਲ ਕੇ ਚੋਣ ਲੜ ਰਹੇ ਹਨ। ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਪਹਿਲਾ ਭਦੌੜ ਚੋਣ ਲੜਾਈ ਅਤੇ ਫੇਰ ਹੁਣ ਜਲੰਧਰ ਭੇਜ ਦਿੱਤਾ। ਚੰਨੀ ਭਦੌੜ ਤੋਂ ਚੋਣ ਹਾਰ ਕੇ ਦੁਬਾਰਾ ਮੁੜ ਕੇ ਭਦੌੜ ਨਹੀਂ ਆਇਆ ਅਤੇ ਹੁਣ ਖਹਿਰਾ ਵੀ ਭੁਲੱਥ ਤੋਂ ਸੰਗਰੂਰ ਆਇਆ ਹੈ ਅਤੇ ਚੋਣ ਨਤੀਜਿਆਂ ਤੋਂ ਬਾਅਦ ਮੁੜ ਕੇ ਸੁਖਪਾਲ ਖਹਿਰਾ ਨੇ ਸਤਲੁਜ ਦਰਿਆ ਪਾਰ ਨਹੀਂ ਕਰਨਾ।
ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਚੋਣਾਂ ਵਿੱਚ ਭਦੌੜ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਦਿਵਾਉਣਗੇ। ਅੱਜ ਦੀਆਂ ਮੀਟਿੰਗਾਂ ਵਿੱਚ ਪਾਰਟੀ ਅਹੁਦੇਦਾਰਾਂ ਤੇ ਵਲੰਟੀਅਰਾਂ ਦੀ ਵੱਡੀ ਸ਼ਮੂਲੀਅਤ ਅਤੇ ਜੋਸ਼ ਸਦਕਾ ਰੈਲੀਆਂ ਸਾਬਤ ਹੋ ਨਿਬੜੀਆਂ। ਸਮੂਹ ਪਾਰਟੀ ਵਰਕਰਾਂ ਨੇ ਆਖਿਆ ਕਿ ਉਹ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾਣਗੇ ਅਤੇ ਮੀਤ ਹੇਅਰ ਦੀ ਜਿੱਤ ਯਕੀਨੀ ਬਣਾਉਣਗੇ।