20 ਅਪ੍ਰੈਲ (ਸੁਖਪਾਲ ਸਿੰਘ ਬੀਰ) ਬੁਢਲਾਡਾ: 10 ਜਨਵਰੀ 2024 ਦੀ ਰਾਤ ਨੂੰ ਜਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਕੋ ਪਰਿਵਾਰ ਦੇ ਦੋ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। 11 ਜਨਵਰੀ ਨੂੰ ਦਰਜ਼ ਹੋਏ ਕਤਲ ਦੇ ਇਸ ਮੁਕੱਦਮੇ ਵਿੱਚ ਬੁਢਲਾਡਾ ਪੁਲਿਸ ਕਾਤਲਾਂ ਦੀ ਪਹਿਚਾਣ ਕਰਕੇ ਹਾਲੀਂ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੇਜ਼ ਤੱਕ ਪੁਹੰਚ ਚੁੱਕੇ ਇਸ ਮੁਕੱਦਮੇ ਬਾਰੇ ਜਿਲ੍ਹਾ ਮਾਨਸਾ ਦੀ ਪੁਲਿਸ ਹਾਲੀਂ ਤੱਕ ਜਾਂਚ ਪ੍ਰਕ੍ਰਿਆ ਵਿੱਚ ਉਲਝੀ ਪਈ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਰੇ ਗਏ ਜੰਗੀਰ ਸਿੰਘ ਤੇ ਰਣਜੀਤ ਕੌਰ ਆਪਸ ਵਿੱਚ ਦਿਓਰ ਭਰਜਾਈ ਸਨ। ਇੱਕ ਵੱਡੇ ਟੱਬਰ ਦੇ ਇਹ ਦੋਵੇਂ ਜੀਅ ਨੇਕ ਦਿਲ ਤੇ ਚੰਗੀ ਸੋਚ ਵਾਲੇ ਭਲੇ ਇਨਸਾਨ ਸਨ। ਪਿੰਡ ਵਿੱਚ ਹੋਏ ਇਨ੍ਹਾਂ ਬੇਰਹਿਮ ਕਤਲਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਾਰਾ ਪਿੰਡ ਇੱਕਜੁੱਟ ਹੋ ਕੇ ਉਸੇ ਦਿਨ ਤੋਂ ਸੰਘਰਸ਼ ਕਰ ਰਿਹਾ ਹੈ। ਦੋ ਵਾਰ ਪਿੰਡ ਵਿੱਚ ਵੱਡੇ ਇਕੱਠ ਕਰਕੇ ਚੁਣੇ ਹੋਏ ਮੋਹਤਬਰ ਬੰਦੇ SSP ਨਾਨਕ ਸਿੰਘ ਨੂੰ ਵੀ ਮਿਲ ਚੁੱਕੇ ਹਨ। ਬੇਦੋਸੇ ਇਨਸਾਨਾਂ ਦੇ ਕਾਤਿਲਾਂ ਨੂੰ ਸਜ਼ਾ ਦਵਾਉਣ ਹਿਤ ਵਿੱਢੇ ਗਏ ਇਸ ਸੰਘਰਸ਼ ਨੂੰ ਕੋਈ ਬੂਰ ਨਾਂ ਪੈਂਦਾ ਦੇਖ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੀ ਨਾਲ ਆ ਜੁੜੀਆਂ ਹਨ ਅਤੇ ਕੁੱਝ ਦਿਨਾਂ ਤੋਂ ਬੁਢਲਾਡਾ ਥਾਣਾ ਸਿਟੀ ਦੇ ਗੇਟ ਅੱਗੇ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਇੱਥੇ ਇਹ ਗੱਲ ਖ਼ਾਸ ਤੌਰ ਤੇ ਜ਼ਿਕਰਯੋਗ ਹੈ ਕਿ ਕਣਕ ਦਾ ਸੀਜਨ ਹੁੰਦੇ ਹੋਏ ਵੀ ਪਿੰਡ ਅਤੇ ਇਲਾਕੇ ਦੇ ਆਮ ਵਾਸ਼ਿੰਦੇ ਆਪਣੇ ਕੰਮਾਂ-ਕਾਰਾਂ ਚੋਂ ਸਮਾਂ ਕੱਢਦੇ ਹੋਏ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਅਪਣਾ ਰੋਸ ਦਰਜ਼ ਕਰਾ ਰਹੇ ਹਨ।
ਉੱਥੇ ਮਜ਼ੂਦ ਆਮ ਲੋਕਾਂ ਤੇ ਲੀਡਰ ਬੰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪਤਾ ਚਲਿਆ ਕਿ ਇਨਸਾਫ਼ ਮਿਲਣ ਤੱਕ ਉਹ ਇਥੋਂ ਹਿੱਲਣ ਵਾਲੇ ਨਹੀਂ ਤੇ ਕਿਸੇ ਵੀ ਰਾਜਨੀਤਕ ਪਾਰਟੀ ਖ਼ਾਸ ਕਰਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਲੈਣ ਲਈ ਪਿੰਡ ‘ਚ ਨਹੀਂ ਵੜਨ ਦੇਣਗੇ ਕਿਉਂਕਿ ਉਨ੍ਹਾਂ ਲਈ ਵੋਟਾਂ ਜਾਂ ਚੁਣਾਵੀ ਮੁਹਿੰਮ ਨਾਲੋਂ ਮਾਰੇ ਗਏ ਇਨਸਾਨਾਂ ਤੇ ਉਨ੍ਹਾਂ ਦੇ ਪਰਿਵਾਰ ਲਈ ਇਨਸਾਫ਼ ਜ਼ਰੂਰੀ ਹੈ। ਮੌਕੇ ਦੀ ਨਜ਼ਾਕਤ ਤੇ ਮਾਹੌਲ ਦੇਖ ਕੇ ਇਹ ਗੱਲ ਤਾਂ ਸਪੱਸ਼ਟ ਹੈ ਕਿ ਪੁਲਸੀਆ ਜਾਂਚ ਵਿੱਚ ਢਿੱਲ ਰਹੀ ਤਾਂ ਥੋੜੇ ਸਮੇਂ ਵਿੱਚ ਹੀ ਇਹ ਮੁੱਦਾ ਤੇ ਸੰਘਰਸ਼ ਜੰਗੀ ਰੂਪ ਧਾਰਨ ਕਰ ਸਕਦਾ ਹੈ।
ਜਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਕੋ ਪਰਿਵਾਰ ਦੇ ਦੋ ਜੀਆਂ ਦਾ ਬੇਰਹਿਮੀ ਨਾਲ ਕਤਲ
Leave a comment