—ਅੱਜ ਕੱਲ੍ਹ ਜਿਥੇ ਲੱਚਰ ਗਾਇਕੀ ਨੂੰ ਉਭਾਰਨ ਲਈ ਕਿਸੇ ਸਾਜਸ਼ ਅਧੀਨ ਖੇਡ ਖੇਡੀ ਜਾ ਰਹੀ ਹੈ ਤਾਂ ਕਿ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਸੁਰਮਿਆਂ ਨੂੰ ਭੁੱਲ ਕੇ ਲੱਚਰ ਗਾਇਕੀ ਨੂੰ ਸੁਣਨ ਵੱਲ ਲੱਗ ਜਾਵੇ ਜਿਸ ਨਾਲ ਸਰਕਾਰਾਂ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਮਨਸੂਬੇ ਪੂਰੇ ਹੋ ਜਾਣੇ ਹਨ।ਪਰ ਇਨ੍ਹਾਂ ਮਨਸੂਬਿਆਂ ਨੂੰ ਰੋਕਣ ਲਈ ਅਤੇ ਪੰਜਾਬੀ ਗਾਇਕੀ ਵਿੱਚ ਚੰਗੀ ਗੀਤਕਾਰੀ ਦੀ ਕੋਈ ਕਮੀ ਨਹੀਂ ਜਿਸਨੇ ਪੰਜਾਬੀ ਸੁਰਮਿਆਂ ਦੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਹੈ ਅਤੇ ਕਰ ਰਹੇ ਹਨ।
ਸਾਡੇ ਮਹਾਨ ਯੋਧੇ ਹਰੀ ਸਿੰਘ ਨਲੂਆ ਬਾਰੇ ਸਿੱਧੂ ਮੂਸੇਵਾਲਾ ਦੀ ਵਾਰ ਵਿੱਚ ਸਰਦਾਰ ਹਰੀ ਸਿੰਘ ਨਲੂਆ ਬਾਰੇ ਬਹੁਤ ਵਧੀਆ ਜ਼ਿਕਰ ਹੈ:
ਨਲੂਆ ਸ਼ੇਰ ਪੁੱਤਰ ਦਸਮੇਸ਼ ਦਾ ਸੁਰਾ ਸਿੱਖ ਪੰਥ ਦੀ ਸ਼ਾਨ
ਜੁੱਸਾ ਸੱਤ ਫੁੱਟ ਦਰਸ਼ਨੀ ਮੋਢੀ ਸਿੱਖ ਫੌਜਾਂ ਦੀ ਸ਼ਾਨ
ਜਿਉਂ ਫ਼ਸਲ ਵੱਢੇ ਕਿਸਾਨ ਬਾਈ ਉਹ ਵੱਢਦਾ ਇੰਝ ਅਫ਼ਗ਼ਾਨ
ਅਰਜਣ ਢਿੱਲੋਂ ਨੇ ਮਹਾਰਾਣੀ ਜਿੰਦ ਕੌਰ ਗੀਤ ਵਿਚ ਉਸ ਸਮੇਂ ਇੱਕ ਮਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਸਬੋਧਨ ਬੋਲ ਵਿਰਾਗਮਈ ਢੰਗ ਨਾਲ ਪੇਸ਼ ਕੀਤਾ:
ਪੁੱਤਾ ਕੇਸ ਕਿਉਂ ਕਟਾ ਲਏ
ਹੋ ਲਾਗੇ ਕਰਮਾਂ ਨੂੰ ਜਾਲੇ
ਕਾਹਦੀ ਮੰਗਦੇ ਆਂ ਸੁੱਖ
ਹੋਇਆਂ ਗੁਰੂ ਤੋਂ ਬੇਮੁੱਖ
ਵਾਂਗਾ ਜੜ੍ਹਾਂ ਵੱਲ ਮੋੜ
ਕਮਰ ਕਸਾ ਤੋੜ ਲੱਕ ਮਾੜੇ ਦੌਰ ਦਾ
ਗੋਰਿਆਂ ਦੀਆਂ ਦੀ ਬੁੱਕਲ ਚ ਬੈਠਾ
ਨਹੀਓਂ ਸੋਂਹਦਾ ਬਾਦਸ਼ਾਹ ਲਹੌਰ ਦਾ
ਰਣਜੀਤ ਬਾਵਾ ਆਪਣੇ ਗੀਤ ਦਲੀਪ ਸਿੰਘ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਆਵਾਜ਼ਾਂ ਮਾਰਦਾ ਹੋਇਆ ਅਤੇ ਖਾਲਸਾ ਰਾਜ ਦੀ ਬਹਾਦਰੀ ਦੇ ਗੁਣ ਗਾਉਂਦਾ ਹੈ ਨਾਲ ਹੀ ਬੇਨਤੀ ਕਰਦਾ ਹੈ ਕਿ ਦੁਬਾਰਾ ਸਿੱਖ ਰਾਜ ਆਉਣ ਤੇ ਦਲੀਪ ਸਿੰਘ ਹੀ ਰਾਜ ਕਰੇ:
ਉਹ ਤਾਂ ਹੁਕਮ ਚ ਸੀਗੇ ਨਹੀਂ ਜੇ ਆਈ ਉਤੇ ਆਉਂਦੇ
ਫਿਰ ਖਾਲਸੇ ਦੀ ਫ਼ੌਜ ਕੋਲੋਂ ਜਿੱਤ ਕੇ ਵਿਖਾਉਂਦੇ
ਸਦਾ ਜੈ ਜੈ ਕਾਰ ਹੋਗੇ ਉਹ ਜੋ ਕੁਰਬਾਨ ਸਿੰਘ
ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂੰਮਾਨ ਸਿੰਘ
ਜੋ ਸੀ ਗੁਰੂ ਦੇ ਮਰੀਦ ਹੋਏ ਪੰਜਾਬ ਲਈ ਸ਼ਹੀਦ
ਰੋਮ ਰੋਮ ਗੁਣ ਗਾਵੇ ਸ਼ੀਸ਼ ਦੁਨੀਆਂ ਝੁਕਾਵੇ
ਐਂਤਕੀ ਦਲੀਪ ਸਿਆਂ ਤੂੰ ਰਾਜ ਕਰੇਂ ਜਦੋਂ ਸਿੱਖ ਰਾਜ ਆਵੇ
ਸਿੱਖ ਇਤਿਹਾਸ ਦੇ ਯੋਧੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਬਾਰੇ ਪ੍ਰੇਮ ਢਿੱਲੋਂ ਇਸ ਤਰ੍ਹਾਂ ਪੇਸ਼ ਕਰਦਾ:
ਖ਼ਾਨ ਸੀ ਕਹਿੰਦੇ ਸਿੰਘ ਨੇ ਮੁੱਕ ਗਏ
ਵੇਖੋ ਮੂੰਹ ਤੇ ਪਏ ਨੇ ਥੁੱਕਦੇ
ਧੁਰ ਦੀਆਂ ਟਿਕਟਾਂ ਕੱਟਦੇ ਤੇ ਭਜਦੇ ਰਾਹੇ ਰਾਹੇ ਆ
ਬਾਬਾ ਗਰਜਾ ਤੇ ਬਾਬਾ ਬੋਤਾ ਮੁਗਲੇ ਪੜ੍ਹਨੇ ਪਾਏ ਆ
ਸੱਜਣ ਅਦੀਬ ਨੇ ਆਪਣੇ ਗੀਤ ਦੁੱਲੇ ਵਿੱਚ ਦੁੱਲ੍ਹੇ ਦੀ ਬਹਾਦਰੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਲੋਕ ਦੁੱਲੇ ਨੂੰ ਅੱਜ ਵੀ ਨਹੀਂ ਭੁੱਲੇ ਅਤੇ ਉਸਦਾ ਵਿਸ਼ਵਾਸ ਹੈ ਕਿ ਦੁੱਲੇ ਦੁਬਾਰਾ ਵੀ ਜੰਮਣਗੇ:
ਹੱਡਾਂ ਦਾ ਖੁੱਲ੍ਹਾ ਪਿੰਡੀ ਦਾ ਦੁੱਲਾ
ਪੀੜਾਂ ਵਿਚ ਘੁੱਲਦਾ ਪਾੜਦਾ ਖਾਖਾਂ
ਵਕਤ ਸੀ ਥੰਮਿਆ ਲੱਧੀ ਨੇ ਜੰਮਿਆਂ
ਘੋਟਕੇ ਪਿਸਤੇ ਰਗੜਕੇ ਦਾਖਾ
ਮਿੱਟੀ ਨਾ ਭੁੱਲੇ ਜੰਮਣਗੇ ਦੁੱਲੇ
ਸਾਂਦਲ ਦੀਆਂ ਗੱਲਾਂ ਮਾਰੀਆਂ ਮੱਲ੍ਹਾਂ
ਅੱਜ ਵੀ ਲੋਕ ਚਾਵਾਂ ਨਾਲ ਗਾਉਂਦੇ
ਮਹਾਰਾਜਾ ਰਣਜੀਤ ਸਿੰਘ ਦੇ ਦੁਨੀਆਂ ਤੋਂ ਤੁਰ ਜਾਣ ਦੇ ਗਮ ਅਤੇ ਬਾਅਦ ਦੇ ਹਲਾਤਾਂ ਬਾਰੇ ਸੁਰਜੀਤ ਭੁੱਲਰ ਦਾ ਗੀਤ ਤਕਦੀਰ ਹੈ :
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ
ਮੋਈ ਬੀਰਤਾ ਬੀਰ ਪੰਜਾਬੀਆਂ ਦੀ
ਜਿਹਦੇ ਨਾਲ ਵੈਰੀ ਥਰ ਥਰ ਕੰਬਦੇ ਸੀ
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ।
ਅੰਗਰੇਜ਼ਾਂ ਤੋਂ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਵਾਲੇ ਯੋਧੇ ਸ਼ਹੀਦ ਉਧਮ ਸਿੰਘ ਬਾਰੇ ਜੈਜ਼ੀ ਬੀ ਅਤੇ ਸੁਖਵਿੰਦਰ ਸ਼ਿੰਦਾ ਦਾ ਬਹੁਤ ਖੂਬਸੂਰਤ ਗੀਤ ਉਧਮ ਸਿੰਘ:
ਤੂੰ ਕੀ ਸਮਝਦਾਂ ਜਲਿਆਂਵਾਲੇ ਬਾਗ਼ ਤੇ ਹਮਲਾ ਕਰਕੇ ਓਏ
ਪੁੱਤ ਪੰਜਾਬੀ ਅਖੀਂ ਨਾ ਜੇ ਮਲੀ ਨਾ ਕੰਢੀ ਫੜਕੇ ਓਏ
ਸਾਡੇ ਖੂਨ ਚ ਅੱਗ ਓਏ ਬਦਲੇ ਦੀ ਕੱਢ ਦੇਈਏ ਰੜਕ ਗਦਾਰਾਂ ਦੀ
ਜਿਥੋਂ ਸੋਚ ਗੋਰਿਆ ਤੇਰੀ ਖ਼ਤਮ ਹੁੰਦੀ ਉਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਸਿਮਰਨ ਕੌਰ ਧਾਂਦਲੀ ਨੇ ਅੰਗਰੇਜ਼ੀ ਰਾਜ ਦੇ ਸਮੇਂ ਦੇ ਸੂਰਮੇ ਜਿਉਣਾ ਮੌੜ ਬਾਰੇ ਇੰਝ ਗਾਇਆ:
ਮਾਰਕੇ ਬੁੱਕਲ ਖੇਸ ਦੀ ਲੰਘ ਚੱਲਿਆ ਭਵਾਨੀਗੜ੍ਹ ਨਾਕਾ
ਜੇਲ੍ਹ ਚੋਂ ਫ਼ਰਾਰ ਹੋ ਗਿਆ ਜਿਉਣਾ ਕਰੂਗਾ ਕੋਈ ਬਾਕਾ
ਪੰਜਾਬ ਦੇ ਮਾਲਵੇ ਦੇ ਇੱਕ ਹੋਰ ਗੈਰਤਮੰਦ ਸੂਰਮੇ ਸੁੱਚੇ ਸੂਰਮੇ ਬਾਰੇ ਕੁਲਵਿੰਦਰ ਬਿੱਲੇ ਦਾ ਜੋਸ਼ੀਲਾ ਗੀਤ ਕੁਝ ਇਸ ਤਰ੍ਹਾਂ ਹੈ:
ਪਿੰਡ ਵਿੱਚ ਲੱਗਿਆ ਸੀ ਖਾੜਾ ਘੁੱਕਰ ਨੂੰ ਢਾਹ ਲਿਆ ਜਾਕੇ
ਬੈਠਾ ਸੀ ਮੁੱਛਾਂ ਜਾੜਕੇ ਲੰਮਾ ਸੀ ਪਾ ਲਿਆ ਜਾਕੇ
ਬੈਂਸ ਬੈਂਸ ਕੂਕਦਾ ਸੀ ਬੀੜੀਆਂ ਸੀ ਫੁਕਦਾ
ਸੁੱਚਿਆ ਓਏ ਦੱਬਦੀ ਨਾ ਘੋੜਾ ਓਏ ਬੰਦੂਕ ਦਾ
ਇਸ ਤਰ੍ਹਾਂ ਪੰਜਾਬੀਆਂ ਦੇ ਇਤਿਹਾਸਕ ਨਾਇਕਾਂ ਬਾਰੇ ਪੰਜਾਬੀ ਗੀਤਕਾਰੀ ਵਿੱਚ ਸਮੇਂ ਸਮੇਂ ਤੇ ਗੱਲ ਹੁੰਦੀ ਰਹੀ ਹੈ ਜੋ ਅੱਜ ਵੀ ਹੋ ਰਹੀ ਹੈ ਇਹ ਸਦਾ ਚੱਲਦੀ ਰਹਿਣੀ ਚਾਹੀਦੀ ਹੈ ਜਿਸ ਨਾਲ ਨਵੀਂ ਪੀੜ੍ਹੀ ਨੂੰ ਵੀ ਆਪਣੇ ਨਾਇਕਾਂ ਬਾਰੇ ਗਿਆਨ ਹੁੰਦਾ ਰਹੇਗਾ। ਅਤੇ ਉਸ ਪੀੜ੍ਹੀ ਨੂੰ ਇਨ੍ਹਾਂ ਨਾਇਕਾਂ ਤੋਂ ਪ੍ਰੇਰਨਾ ਮਿਲਦੀ ਰਹੇਗੀ।
ਸੰਪਾਦਕ ਜੀ,
ਉਪਰੋਕਤ ਵਿਚਾਰ ਮੇਰੇ ਮੌਲਿਕ ਵਿਚਾਰ ਹਨ ਕਿਰਪਾ ਕਰਕੇ ਇਨ੍ਹਾਂ ਆਪਣੇ ਅਖ਼ਬਾਰ ਵਿਚ ਛਾਪਣਾ ਜੀ।
ਆਪਜੀ ਦਾ ਵਿਸ਼ਵਾਸਪਾਤਰ,
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ (ਮਾਨਸਾ)
ਮੋਬਾਈਲ ਨੰਬਰ 9781172781