*ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਵੇਗੀ 05 ਮਈ ਨੂੰ
29 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ – ਭਦੌੜ, ਬਰਨਾਲਾ ਅਤੇ ਮਹਿਲ ਕਲਾਂ – ਦੇ 558 ਪੋਲਿੰਗ ਸਟੇਸ਼ਨਾਂ ਵਿਖੇ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਵੰਡ ਸਬੰਧੀ ਪਹਿਲੀ ਰੈਂਡੇਮਾਈਜੇਸ਼ਨ ਅੱਜ ਪੂਰੀ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਕਿਸ ਵਿਅਕਤੀ ਨੂੰ ਕਿਸ ਪੋਲਿੰਗ ਸਟੇਸ਼ਨ ਉੱਤੇ ਲਗਾਉਣਾ ਹੈ ਇਸ ਦਾ ਫੈਸਲਾ ਰੈਂਡੇਮਾਈਜੇਸ਼ਨ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ਆਖਰੀ ਰੈਂਡੇਮਾਈਜੇਸ਼ਨ ਮੌਕੇ ਦੱਸਿਆ ਜਾਂਦਾ ਹੈ ਕਿ ਕਿਹੜਾ ਵਿਅਕਤੀ ਕਿਥੇ ਤਾਇਨਾਤ ਰਹੇਗਾ।
ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਵੋਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਵਿਘਨ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਬਰਨਾਲਾ ਵਿੱਚ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਜਿੰਨ੍ਹਾਂ ਦੀ ਪਹਿਲੀ ਰਿਹਰਸਲ 5 ਮਈ ਨੂੰ ਯੂਨੀਵਰਸਿਟੀ ਕਾਲਜ ਢਿਲਵਾਂ, ਸੈਕਰੇਡ ਹਾਰਟ ਸਕੂਲ ਰਾਏਕੋਟ ਰੋਡ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਹੋਵੇਗੀ ਵਿਖੇ ਦੋ ਪੜਾਵਾਂ ਵਿਚ ਸਵੇਰੇ 9 ਵਜੇ ਅਤੇ ਬਾਅਦ ਦੁਪਹਿਰ 1 ਵਜੇ ਹੋਵੇਗੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਪੱਖ ਅਤੇ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਆਪਣੇ ਮਤਦਾਨ ਦੇ ਅਧਿਕਾਰ ਦਾ ਇਸਤਮਾਲ ਕਰਨ।
ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨੁਪ੍ਰਿਤਾ ਜੋਹਲ, ਨੋਡਲ ਅਫ਼ਸਰ ਮੈਨਪਾਵਰ ਮੈਨੇਜ਼ਮੈਂਟ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਮਨਜੀਤ ਸਿੰਘ ਚੀਮਾ, ਜ਼ਿਲ੍ਹਾ ਸੂਚਨਾ ਅਫ਼ਸਰ ਜੌਨੀ ਮਲਿਕ ਅਤੇ ਹੋਰ ਅਫ਼ਸਰ ਹਾਜ਼ਰ ਸਨ।