ਰਾਮਪੁਰਾ ਦੇ ਗਾਂਧੀ ਨਗਰ ਸ਼ਮਸ਼ਾਨ ਘਾਟ ਵਿਖੇ ਕੀਤਾ ਅੰਤਿਮ ਸਸਕਾਰ
ਪੰਜਾਬ ਪੁਲਿਸ ਦੀ ਟੁਕੜੀ ਵਲੋਂ ਦਿੱਤੀ ਸਲਾਮੀ
ਗਗਨਦੀਪ ਫੂਲ
ਰਾਮਪੁਰਾ (ਬਠਿੰਡਾ), 14 ਅਗਸਤ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਸ. ਸੁਖਦੇਵ ਸਿੰਘ ਢਿੱਲੋਂ ਬੀਤੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਅੱਜ ਉਨ੍ਹਾਂ ਦਾ ਰਾਮਪੁਰਾ ਫੂਲ ਦੇ ਗਾਂਧੀ ਨਗਰ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ। ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਚੀਫ ਵਿੱਪ ਸ਼੍ਰੀਮਤੀ ਬਲਜਿੰਦਰ ਕੌਰ, ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਤੇ ਐਸਐਸਪੀ ਮੈਡਮ ਅਮਨੀਤ ਕੌਂਡਲ ਵਲੋਂ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਵੀ ਦਿੱਤੀ ਗਈ।
ਸਵ: ਸ ਸੁਖਦੇਵ ਸਿੰਘ ਢਿੱਲੋਂ ਸਾਲ 1932 ’ਚ ਜ਼ਿਲ੍ਹੇ ਦੇ ਪਿੰਡ ਕਰਾੜਵਾਲਾ ਵਿਖੇ ਜਨਮੇ ਸਨ, ਜਿਨ੍ਹਾਂ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਪੰਜਾਬ ਵਾਸੀਆਂ ਦੀ ਬਿਹਤਰੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ 1985 ਵਿੱਚ ਰਾਮਪੁਰਾ ਫੂਲ ਹਲਕੇ ਦੀ ਨੁਮਾਇੰਦਗੀ ਕੀਤੀ ਤੇ ਇਸ ਤੋਂ ਪਹਿਲਾਂ ਸਾਲ 1972 ਤੇ 1977 ਵਿੱਚ ਤਲਵੰਡੀ ਸਾਬੋਂ ਤੋਂ ਐਮਐਲਏ ਰਹੇ। ਸ ਸੁਖਦੇਵ ਸਿੰਘ ਢਿੱਲੋਂ 1980 ਦੇ ਦਹਾਕੇ ਦੇ ਅਖੀਰਲੇ ਸਮੇਂ ਦੌਰਾਨ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੌਰਾਨ ਸਿਹਤ ਮੰਤਰੀ ਰਹੇ।
ਸਵ: ਸ ਸੁਖਦੇਵ ਸਿੰਘ ਢਿੱਲੋਂ ਦੇ ਅੰਤਿਮ ਸਸਕਾਰ ਮੌਕੇ ਐਸਡੀਐਮ ਰਾਮਪੁਰਾ ਸ੍ਰੀ ਕੰਵਰਜੀਤ ਸਿੰਘ ਮਾਨ, ਸਾਬਕਾ ਸਿਹਤ ਮੰਤਰੀ ਸਵ: ਸੁਖਦੇਵ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਤੋਂ ਇਲਾਵਾ ਰਾਜਨੀਤਿਕ ਸਖਸ਼ੀਅਤਾਂ ਤੇ ਆਗੂ, ਭਾਰੀ ਗਿਣਤੀ ਵਿੱਚ ਪਿੰਡ ਤੇ ਸ਼ਹਿਰ ਵਾਸੀ ਆਦਿ ਹਾਜ਼ਰ ਸਨ।
—